''ਖਾਕੀ'' ਫਿਰ ਹੋਈ ਦਾਗਦਾਰ! ਕਿਸ਼ਨਗ੍ਹੜ ਚੌਕੀ ਇੰਚਾਰਜ ਖਿਲਾਫ ਮਾਮਲਾ ਦਰਜ

06/01/2019 11:45:41 AM

ਭੋਗਪੁਰ (ਸੂਰੀ)— ਪੰਜਾਬ ਪੁਲਸ ਦੇ ਇਕ ਥਾਣੇਦਾਰ ਵੱਲੋਂ ਥਾਣਾ ਭੋਗਪੁਰ 'ਚ ਦਰਜ ਐੱਫ. ਆਈ. ਆਰ. ਨਾਲ ਸਬੰਧਤ ਕਾਗਜ਼ਾਂ 'ਚ ਛੇੜਛਾੜ ਕਰਨ ਦੇ ਮਾਮਲੇ 'ਚ ਪੁਲਸ ਚੌਕੀ ਕਿਸ਼ਨਗੜ੍ਹ ਦੇ ਇੰਚਾਰਜ ਬਲਵੀਰ ਸਿੰਘ ਬੁੱਟਰ ਖਿਲਾਫ ਥਾਣਾ ਭੋਗਪੁਰ 'ਚ ਕੇਸ ਦਰਜ ਕਰ ਲਿਆ ਗਿਆ ਹੈ।ਇਸ ਮਾਮਲੇ ਸਬੰਧੀ ਗੁਰਪਾਲ ਸਿੰਘ ਵਾਸੀ ਪਿੰਡ ਮੁਮੰਦਪੁਰ ਨੇ ਐੱਸ. ਐੱਸ. ਪੀ. ਜਲੰਧਰ ਨੂੰ ਇਕ ਸ਼ਿਕਾਇਤ ਦਿੱਤੀ ਸੀ। ਜਿਸ ਵਿਚ ਉਸ ਨੇ ਕਿਹਾ ਸੀ ਕਿ ਉਸ ਵੱਲੋਂ ਪੰਜ ਦੋਸ਼ੀਆਂ ਖਿਲਾਫ ਥਾਣਾ ਭੋਗਪੁਰ 'ਚ 18 ਸਤੰਬਰ 2016 ਨੂੰ ਐੱਫ. ਆਈ. ਆਰ. ਨੰਬਰ 108 ਦਰਜ ਕਰਵਾਈ ਗਈ ਸੀ। ਉਸ ਸਮੇਂ ਪੁਲਸ ਚੌਕੀ ਪਚਰੰਗਾ ਦੇ ਇੰਚਾਰਜ ਸੁਖਵਿੰਦਰ ਪਾਲ ਸਨ, ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਸੀ। ਉਸ ਤੋਂ ਬਾਅਦ ਬਲਵੀਰ ਸਿੰਘ ਬੁੱਟਰ ਨੂੰ ਪੁਲਸ ਚੌਕੀ ਪਚਰੰਗਾ ਦਾ ਇੰਚਾਰਜ ਲਗਾ ਦਿੱਤਾ ਗਿਆ। ਬਲਵੀਰ ਸਿੰਘ ਬੁੱਟਰ ਨੇ ਉਪਰੋਤਕ ਐੱਫ. ਆਈ. ਆਰ. ਸਬੰਧੀ ਲਿਖੇ ਗਏ ਰੁੱਕੇ ਨੂੰ ਪਾੜ ਦਿੱਤਾ ਅਤੇ ਇਕ ਜਾਅਲੀ ਰੁੱਕਾ ਤਿਆਰ ਕੀਤਾ, ਜਿਸ 'ਚ ਉਸ ਵੇਲੇ ਦੇ ਚੌਕੀ ਇੰਚਾਰਜ ਸੁਖਵਿੰਦਰ ਪਾਲ, ਸ਼ਿਕਾਇਤ ਕਰਤਾ ਅਤੇ ਗਵਾਹਾਂ ਦੇ ਜਾਅਲੀ ਹਸਤਾਖਰ ਕਰਕੇ ਨਵਾ ਰੁੱਕਾ ਚਲਾਨ ਨਾਲ ਲਗਾ ਦਿੱਤਾ ਸੀ।

ਸ਼ਿਕਾਇਤਕਰਤਾ ਨੇ ਉਕਤ ਥਾਣੇਦਾਰ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਗੁਰਪਾਲ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਕਰਤਾਰਪੁਰ ਨੂੰ ਸੌਂਪੀ ਗਈ ਸੀ। ਲੰਮਾ ਸਮਾਂ ਕਾਰਵਾਈ ਨਾ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਨੇ ਇਸ ਸਬੰਧੀ ਆਈ. ਜੀ. ਪੁਲਸ ਨੂੰ ਵੀ ਸ਼ਿਕਾਇਤ ਭੇਜੀ ਸੀ। ਐੱਸ. ਐੱਸ. ਪੀ. ਜਲੰਧਰ ਵੱਲੋਂ ਮਾਮਲੇ ਦੀ ਰਿਪੋਰਟ 'ਚ ਲਿਖਿਆ ਗਿਆ ਕਿ ਉਕਤ ਥਾਣੇਦਾਰ ਨੇ ਹੋਰਨਾਂ ਪੁਲਸ ਕਰਮਚਾਰੀਆਂ ਅਤੇ ਐੱਫ. ਆਈ. ਆਰ. ਵਿਚ ਦਰਸਾਏ ਗਏ ਦੋਸ਼ੀਆਂ ਨਾਲ ਮਿਲੀਭਗਤ ਕਰਕੇ ਐੱਫ. ਆਈ. ਆਰ. ਦੇ ਦਸਤਾਵੇਜ਼ਾਂ ਨਾਲ ਛੇੜਛਾੜ ਕੀਤੀ ਹੈ। ਥਾਣੇਦਾਰ ਬਲਵੀਰ ਸਿੰਘ ਤੋਂ ਇਲਾਵਾ ਬਾਕੀ ਕਰਮਚਾਰੀਆਂ ਖਿਲਾਫ ਪੁਲਸ ਵਿਭਾਗ ਵੱਲੋਂ ਪਹਿਲਾਂ ਹੀ ਵਿਭਾਗੀ ਕਾਰਵਾਈ ਕੀਤੀ ਜਾ ਚੁੱਕੀ ਹੈ। ਇਸ ਮਾਮਲੇ ਵਿਚ ਮੁੱਖ ਦੋਸ਼ੀ ਥਾਣੇਦਾਰ ਬਲਵੀਰ ਸਿੰਘ ਬੁੱਟਰ ਹੈ। ਉਨ੍ਹਾਂ ਇਸ ਮਾਮਲੇ ਸਬੰਧੀ ਡੀ. ਏ. ਲੀਗਲ ਦੀ ਰਾਏ ਲਏ ਜਾਣ ਦੇ ਹੁਕਮ ਦਿੱਤੇ ਸਨ। ਡੀ. ਏ. ਲੀਗਲ ਵੱਲੋਂ ਅਪਣੀ ਰਿਪੋਰਟ ਵਿਚ ਲਿਖਿਆ ਗਿਆ ਕਿ ਥਾਣੇਦਾਰ ਬਲਵੀਰ ਸਿੰਘ ਬੁੱਟਰ ਨੇ ਨਾਮਜ਼ਦ ਦੋਸ਼ੀਆਂ ਨਾਲ ਮਿਲੀਭੁਗਤ ਕਰ ਕੇ ਦੋਸ਼ੀਆਂ ਨੂੰ ਬਚਾਉਣ ਲਈ ਐੱਫ. ਆਈ. ਆਰ. ਸਬੰਧੀ ਰੁੱਕੇ ਵਿਚ ਫੇਰਬਦਲ ਕਰਕੇ ਕਨੂੰਨੀ ਅਪਰਾਧ ਕੀਤਾ ਹੈ। ਡੀ. ਏ. ਲੀਗਲ ਦੀ ਰਾਏ ਮਿਲਣ ਤੋਂ ਬਾਅਦ ਐੱਸ. ਐੱਸ. ਪੀ. ਜਲੰਧਰ ਵੱਲੋਂ ਐੱਸ. ਐੱਚ. ਓ. ਭੋਗਪੁਰ ਨੂੰ ਕਿਸ਼ਨਗ੍ਹੜ ਪੁਲਸ ਚੌਕੀ ਇੰਚਾਰਜ ਥਾਣੇਦਾਰ ਬਲਵੀਰ ਸਿੰਘ ਬੁੱਟਰ ਖਿਲਾਫ ਮਾਮਲਾ ਦਰਜ ਕਰਨ ਦਾ ਹੁਕਮ ਜਾਰੀ ਕੀਤਾ। ਭੋਗਪੁਰ ਪੁਲਸ ਵੱਲੋਂ ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਦੋਸ਼ੀ ਥਾਣੇਦਾਰ ਬਲਵੀਰ ਸਿੰਘ ਬੁੱਟਰ ਖਿਲਾਫ ਧੋਖਾਧੜੀ, ਸਾਜ਼ਿਸ਼, ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਖਬਰ ਲਿਖੇ ਜਾਣ ਤੱਕ ਦੋਸ਼ੀ ਥਾਣੇਦਾਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਹੈ।

ਮੁਅੱਤਲ ਹੋਵੇਗਾ ਥਾਣੇਦਾਰ : ਥਾਣਾ ਮੁਖੀ
ਇਸ ਮਾਮਲੇ ਸਬੰਧੀ ਜਦੋਂ ਥਾਣਾ ਭੋਗਪੁਰ ਮੁਖੀ ਦਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਥਾਣੇਦਾਰ ਬਲਵੀਰ ਸਿੰਘ ਬੁੱਟਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣੇਦਾਰ ਦੀ ਗ੍ਰਿਫਤਾਰੀ ਲਈ ਪੁਲਸ ਪਾਰਟੀ ਭੇਜੀ ਜਾ ਰਹੀ ਹੈ। ਥਾਣੇਦਾਰ ਦੀ ਮੁਅੱਤਲੀ ਸਬੰਧੀ ਉਨ੍ਹਾਂ ਕਿਹਾ ਕਿ ਜ਼ਿਲਾ ਹੈੱਡਕੁਆਰਟਰ ਨੂੰ ਇਸ ਐੱਫ. ਆਈ. ਆਰ. ਦੀ ਕਾਪੀ ਭੇਜੀ ਜਾ ਰਹੀ ਹੈ ਅਤੇ ਇਸ ਉਪਰੰਤ ਐੱਸ. ਐੱਸ. ਪੀ. ਜਲੰਧਰ ਵੱਲੋਂ ਦੋਸ਼ੀ ਥਾਣੇਦਾਰ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ।

shivani attri

This news is Content Editor shivani attri