ਗੁਰਾਇਆ ’ਚ ਦੋ ਧਿਰਾਂ ਵਿਚਾਲੇ ਹੋਈ ਲੜਾਈ, ਤੇਜ਼ਧਾਰ ਹਥਿਆਰਾਂ ਨਾਲ 2 ਨੌਜਵਾਨਾਂ ’ਤੇ ਹਮਲਾ
07/08/2022 3:57:33 PM
ਗੁਰਾਇਆ (ਜ. ਬ.)-ਦੇਰ ਰਾਤ ਗੁਰਾਇਆ ਵਿਖੇ ਦੋ ਧਿਰਾਂ ਵਿਚਾਲੇ ਹੋਈ ਲੜਾਈ ’ਚ ਇਕ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਨੌਜਵਾਨਾਂ ਦੀਆਂ ਦੋ ਧਿਰਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਸਰਗੂੰਦੀ ਰੋਡ ’ਤੇ ਤਕਰਾਰਬਾਜ਼ੀ ਹੋਈ, ਜਿਸ ਤੋਂ ਬਾਅਦ ਪੱਤੀ ਮਾਂਗਾ ਕੀ ਵਿਖੇ ਮਾਮਲਾ ਹੱਥੋਪਾਈ ਤੱਕ ਜਾ ਪੁੱਜਾ। ਇਕ ਧਿਰ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ 2 ਨੌਜਵਾਨਾਂ ਕਰਨ ਅਤੇ ਰਜਤ ’ਤੇ ਹਮਲਾ ਕੀਤਾ ਗਿਆ, ਜਿਸ ਨਾਲ ਨੌਜਵਾਨ ਕਰਨ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ, ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਨੂੰ ਪਹਿਲਾਂ ਗੁਰਾਇਆ ਤੇ ਫਿਰ ਫਗਵਾੜਾ ਦੇ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਜਲੰਧਰ ਰੈਫਰ ਕਰ ਦਿੱਤਾ।
ਜੋ ਜਲੰਧਰ ਦੇ ਜੌਹਲ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ, ਜਦਕਿ ਦੂਜਾ ਨੌਜਵਾਨ ਰਜਤ, ਜਿਸ ਦੇ ਹੱਥ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਹੈ, ਨੂੰ ਫਗਵਾੜਾ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਸਾਰੀ ਘਟਨਾ ਤੋਂ ਬਾਅਦ ਗੁਰਾਇਆ ਪੁਲਸ ਦੀ ਕਾਰਗੁਜ਼ਾਰੀ ’ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ। ਸਾਰੀ ਘਟਨਾ ਤੋਂ ਬਾਅਦ ਪੁਲਸ ਮੁਲਾਜ਼ਮ ਮੌਕੇ ’ਤੇ ਪੁੱਜੇ, ਜਿਨ੍ਹਾਂ ਵੱਲੋਂ ਆਪਣੀ ਨਾਲਾਇਕੀ ਨੂੰ ਲੁਕਾਉਣ ਲਈ ਕਵਰੇਜ ਕਰ ਰਹੇ ਮੀਡੀਆ ਕਰਮਚਾਰੀਆਂ ਦੇ ਕੈਮਰੇ ਫੜਨ ਤੇ ਉਨ੍ਹਾਂ ਨੂੰ ਕਵਰੇਜ ਕਰਨ ਤੋਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ।