ਤਿਉਹਾਰਾਂ ਦੇ ਸੀਜ਼ਨ ''ਚ ਨਾਜਾਇਜ਼ ਸ਼ਰਾਬ ਦੀ ਵਧੀ ਡਿਮਾਂਡ

10/01/2019 3:54:59 PM

ਜਲੰਧਰ (ਜ. ਬ.)— ਸ਼ਹਿਰ 'ਚ ਆਬਕਾਰੀ ਨਿਯਮਾਂ ਦੀ ਧੱਜੀਆਂ ਉਡਾ ਕੇ ਨਾਜਾਇਜ਼ ਸ਼ਰਾਬ ਦੀ ਵਿਕਰੀ ਜ਼ੋਰ-ਸ਼ੋਰ 'ਤੇ ਜਾਰੀ ਹੈ। ਇੰਨਾ ਹੀ ਨਹੀਂ, ਇਸ 'ਚ ਉਹ ਸਾਰੇ ਵਿਭਾਗ ਸ਼ਾਮਲ ਹਨ, ਜਿਨ੍ਹਾਂ ਦਾ ਕੰਮ ਨਾਜਾਇਜ਼ ਸ਼ਰਾਬ ਦੀ ਸਮੱਗਲਿੰੰਗ ਨੂੰ ਰੋਕਣਾ ਹੈ। ਜੇਕਰ ਸ਼ਰਾਬ ਕਾਰੋਬਾਰੀਆਂ ਦੀ ਮੰਨੀਏ ਤਾਂ ਇਹ ਨਾਜਾਇਜ਼ ਸ਼ਰਾਬ ਦੇ ਇਸ ਧੰਦੇ ਨੇ ਸਰਕਾਰੀ ਤੌਰ 'ਤੇ ਕਰੋੜਾਂ ਰੁਪਏ ਭਰ ਕੇ ਸ਼ਰਾਬ ਦੇ ਠੇਕੇ ਲੈਣ ਵਾਲਿਆਂ ਦੇ ਕਾਰੋਬਾਰ ਨੂੰ ਮੰਦੀ 'ਚ ਪਾ ਦਿੱਤਾ ਹੈ। ਜਾਣਕਾਰਾਂ ਦੀ ਮੰਨੀਏ ਤਾਂ ਰੋਜ਼ਾਨਾ 5 ਹਜ਼ਾਰ ਤੋਂ ਵੱਧ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਜਲੰਧਰ 'ਚ ਵੇਚੀਆਂ ਜਾ ਰਹੀਆਂ ਹਨ।

ਪੁਲਸ ਅਤੇ ਆਬਕਾਰੀ ਵਿਭਾਗ ਦੀ ਮਿਲੀਭੁਗਤ
ਸ਼ਰਾਬ ਕਾਰੋਬਾਰੀਆਂ ਨੇ ਦੱਸਿਆ ਕਿ ਇਸ ਸਾਰੇ ਨਾਜਾਇਜ਼ ਧੰਦਿਆਂ ਦੀ ਜਾਣਕਾਰੀ ਆਬਕਾਰੀ ਅਤੇ ਪੁਲਸ ਵਿਭਾਗ ਨੂੰ ਹੈ ਪਰ ਦੋਵੇ ਵਿਭਾਗਾਂ ਦੇ ਕਰਮਚਾਰੀ ਸ਼ਰਾਬ ਸਮੱਗਲਰਾਂ ਨਾਲ ਸੈਟਿੰਗ ਕਾਰਣ ਸ਼ਾਂਤ ਰਹਿੰਦੇ ਹਨ। ਸ਼ਰਾਬ ਸਮੱਗਲਰ ਖ਼ੁਦ ਹੀ ਆਪਣੀਆਂ 100-50 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਅਤੇ ਆਪਣਾ ਇਕ ਕਰਿੰਦਾ ਮਹੀਨੇ 'ਚ 2 ਵਾਰ ਪੁਲਸ ਦੇ ਹਵਾਲੇ ਕਰ ਦਿੰਦੇ ਹਨ, ਜਿਸ ਕਾਰਣ ਪੁਲਸ ਮੀਡੀਆ ਨੂੰ ਇਹ ਦੱਸ ਸਕੇ ਕਿ ਅਸੀਂ ਸਮੱਗਲਰਾਂ ਖਿਲਾਫ ਕਾਰਵਾਈ ਕਰ ਰਹੇ ਹਾਂ। ਅਜਿਹਾ ਹੀ ਸ਼ਹਿਰ ਦਾ ਇਕ ਵੱਡਾ ਸ਼ਰਾਬ ਸਮੱਗਲਰ ਪਿਛਲੇ ਇਕ ਸਾਲ 'ਚ 6 ਵਾਰ ਨਾਜਾਇਜ਼ ਸ਼ਰਾਬ ਨਾਲ ਭਰੇ ਟਰੱਕਾਂ ਨਾਲ ਫੜਿਆ ਗਿਆ ਹੈ ਪਰ ਹਰ ਵਾਰ ਉਹ ਆਪਣੇ ਕਿਸੇ ਕਰਿੰਦੇ 'ਤੇ ਸਾਰਾ ਕੇਸ ਪਾ ਕੇ ਪੁਲਸ ਨਾਲ ਸੈਟਿੰਗ ਕਰ ਕੇ ਬਾਹਰ ਨਿਕਲ ਜਾਂਦਾ ਹੈ। ਇੰਨਾ ਹੀ ਨਹੀਂ, ਇਕ ਹੋਰ ਸ਼ਰਾਬ ਕਾਰੋਬਾਰੀ ਨੇ ਦੱਸਿਆ ਕਿ ਨਾਰਥ ਅਤੇ ਸੈਂਟਰਲ ਏਰੀਏ 'ਚ ਤਾਂ ਸ਼ਰਾਬ ਸਮੱਗਲਰਾਂ ਲਈ ਸਿੱਧੇ ਤੌਰ 'ਤੇ ਇਕ ਪੁਲਸ ਕਰਮਚਾਰੀ ਹੀ ਸਾਰਾ ਹਿਸਾਬ-ਕਿਤਾਬ ਸੰਭਾਲ ਰਿਹਾ ਹੈ। ਜੋ ਵੀ ਉਕਤ ਸ਼ਰਾਬ ਸਮੱਗਲਰ ਦੇ ਰਾਹ 'ਚ ਰੋੜਾ ਬਣਦਾ ਹੈ, ਪੁਲਸ ਕਰਮਚਾਰੀ ਖ਼ੁਦ ਉਸ ਨੂੰ ਹਟਾਉਂਦਾ ਹੈ ਅਤੇ ਸ਼ਰਾਬ ਸਮੱਗਲਰ ਤੋਂ ਮੋਟੀ ਕਮਾਈ ਕਰ ਰਿਹਾ ਹੈ।

ਰਾਜਨੀਤਕ ਲੋਕਾਂ ਦੀ ਛਤਰ-ਛਾਇਆ 'ਚ ਪਲ ਰਿਹਾ ਹੈ ਨਾਜਾਇਜ਼ ਸ਼ਰਾਬ ਦਾ ਧੰਦਾ
ਜਾਣਕਾਰ ਦੱਸਦੇ ਹਨ ਕਿ ਨਾਜਾਇਜ਼ ਸ਼ਰਾਬ ਦਾ ਕਹਿਰ ਫੈਲਾਉਣ 'ਚ ਅਹਿਮ ਰੋਲ ਕੁਝ ਰਾਜਨੀਤਕ ਲੋਕ ਨਿਭਾ ਰਹੇ ਹਨ, ਜਿਨ੍ਹਾਂ ਦੇ ਪਾਲਤੂ ਬਦਮਾਸ਼ ਅਤੇ ਗੁੰਡੇ ਸਾਰਾ ਸ਼ਰਾਬ ਦਾ ਕਾਰੋਬਾਰ ਸੰਭਾਲ ਰਹੇ ਹਨ। ਇਨ੍ਹਾਂ ਲਈ ਕੋਈ ਕਾਇਦਾ ਕਾਨੂੰਨ ਨਹੀਂ ਹੈ। ਨਾਜਾਇਜ਼ ਹਥਿਆਰਾਂ ਨਾਲ ਲੈਸ ਇਹ ਗੁੰਡੇ ਸ਼ਹਿਰ 'ਚ ਕੋਨੇ-ਕੋਨੇ 'ਚ ਨਾਜਾਇਜ਼ ਸ਼ਰਾਬ ਦੀ ਡਿਲਿਵਰੀ ਕਰਦੇ ਹਨ। ਜੋ ਟਰੱਕ ਭਰ ਕੇ ਬਾਹਰੀ ਸੂਬਿਆਂ ਜਾਂ ਜ਼ਿਲਿਆਂ ਤੋਂ ਸ਼ਹਿਰ 'ਚ ਦਾਖਲ ਹੁੰਦੇ ਹਨ, ਉਨ੍ਹਾਂ ਦੇ ਨਾਲ ਨਾਜਾਇਜ਼ ਹਥਿਆਰਾਂ ਦੇ ਨਾਲ ਲੈਸ ਗੁੰਡੇ ਰਹਿੰਦੇ ਹਨ। ਟਰੱਕ ਦਾ ਨੰੰਬਰ ਪਹਿਲਾਂ ਹੀ ਪੁਲਸ ਵਾਲਿਆਂ ਦੀਆਂ ਜੇਬਾਂ 'ਚ ਹੁੰਦਾ ਹੈ, ਜਿਸ ਨਾਲ ਉਹ ਚੌਕੰਨੇ ਰਹਿੰਦੇ ਹਨ ਕਿ ਇਸ ਟਰੱਕ ਨੂੰ ਨਹੀਂ ਰੋਕਣਾ। ਜੇਕਰ ਕਿਸੇ ਹੋਰ ਵਿਭਾਗ ਦਾ ਕਰਮਚਾਰੀ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇ ਤਾਂ ਪਹਿਲਾਂ ਉਸ ਨਾਲ ਸੈਟਿੰਗ ਕੀਤੀ ਜਾਂਦੀ ਹੈ, ਜੇਕਰ ਸੈਟਿੰਗ ਸਿਰੇ ਨਾ ਲੱਗੀ ਤਾਂ ਵੱਡੇ ਰਾਜਨੀਤਕ ਸਰਪ੍ਰਸਤਾਵਾਂ ਨੂੰ ਫੋਨ ਕਰਵਾ ਕੇ ਟਰੱਕ ਨੂੰ ਛੁਡਵਾ ਲਿਆ ਜਾਂਦਾ ਹੈ।


shivani attri

Content Editor

Related News