ਫਰਟੀਲਾਈਜ਼ਰ ਤੇ ਫਰਨੀਚਰ ਦਾ ਕਰੋੜਾਂ ਦਾ ਕਾਰੋਬਾਰ ਕਰਕੇ ਗੋਦਾਮ ਲੁਕਾਉਣ ਵਾਲੀਆਂ ਇਕਾਈਆਂ ’ਤੇ GST ਮਹਿਕਮੇ ਦੀ ਛਾਪੇਮਾਰੀ

07/16/2022 12:49:11 PM

ਜਲੰਧਰ (ਪੁਨੀਤ)–ਸਰਕਾਰ ਵੱਲੋਂ ਜੀ. ਐੱਸ. ਟੀ. ਰੈਵੇਨਿਊ ਇਕੱਠਾ ਕਰਨ ’ਚ ਵਾਧੇ ਸਬੰਧੀ ਦਿੱਤੇ ਨਿਰਦੇਸ਼ਾਂ ’ਤੇ ਮਹਿਕਮੇ ਨੇ ਸਖ਼ਤ ਕਾਰਵਾਈ ਵਿਚ ਤੇਜ਼ੀ ਲਿਆਉਂਦਿਆਂ ਜਲੰਧਰ ਦੀਆਂ 3 ਇਕਾਈਆਂ ਵਿਚ ਛਾਪੇਮਾਰੀ ਕੀਤੀ, ਜਿਨ੍ਹਾਂ ਵਿਚ ਕਰੋੜਾਂ ਦਾ ਕਾਰੋਬਾਰ ਕਰਨ ਵਾਲੀਆਂ 2 ਫਰਨੀਚਰ ਇਕਾਈਆਂ ਇਕ ਹੀ ਪਰਿਵਾਰ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਹਨ। ਉਥੇ ਹੀ ਫਰਟੀਲਾਈਜ਼ਰ (ਖਾਦ ਅਤੇ ਕੀੜੇਮਾਰ ਦਵਾਈਆਂ) ਨਾਲ ਸਬੰਧਤ ਇਕਾਈ ਵਿਚ ਜੀ. ਐੱਸ. ਟੀ. ਦੀ ਚੋਰੀ ਦੇ ਦੋਸ਼ਾਂ ਵਿਚ ਕਾਰਵਾਈ ਕੀਤੀ ਗਈ।

ਸਟੇਟ ਜੀ. ਐੱਸ. ਟੀ. ਮਹਿਕਮਾ ਜਲੰਧਰ-2 ਦੀ ਐਡੀਸ਼ਨਲ ਡਿਪਟੀ ਕਮਿਸ਼ਨਰ ਸ਼ੁਭੀ ਆਂਗਰਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਟੀਮ ਨੇ ਬੀਤੇ ਦਿਨ ਕਰਤਾਰਪੁਰ ਦੀ ਫਰਨੀਚਰ ਮਾਰਕੀਟ ਵਿਚ ਛਾਪੇਮਾਰੀ ਕੀਤੀ, ਜਿਸ ਨਾਲ ਨੇੜਲੇ ਕਾਰੋਬਾਰੀਆਂ ਵਿਚ ਹੜਕੰਪ ਮਚ ਗਿਆ। ਡਿਪਟੀ ਕਮਿਸ਼ਨਰ ਪਰਮਜੀਤ ਸਿੰਘ ਦੀਆਂ ਹਦਾਇਤਾਂ ’ਤੇ ਕੀਤੀ ਇਸ ਕਾਰਵਾਈ ਵਿਚ ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਕੁਲਵਿੰਦਰ ਸਿੰਘ, ਸ਼ਲਿੰਦਰ ਸਿੰਘ, ਪਵਨ ਕੁਮਾਰ, ਪਰਮਿੰਦਰ ਸਿੰਘ ਸਮੇਤ ਸਟੇਟ ਟੈਕਸ ਇੰਸਪੈਕਟਰ ਸਿਮਰਪ੍ਰੀਤ ਸਿੰਘ, ਸਿਮਰਜੀਤ ਸਿੰਘ, ਇੰਦਰਬੀਰ ਸਿੰਘ, ਸ਼ਿਵਦਿਆਲ ਅਤੇ ਹੋਰ ਅਧਿਕਾਰੀਆਂ ਨੇ ਮੈਸਰਜ਼ ਬੌਬੀ ਫਰਨਿਸ਼ਰਜ਼ ਵਿਚ ਅਚਾਨਕ ਚੈਕਿੰਗ ਕਰਕੇ ਕਈ ਅਹਿਮ ਦਸਤਾਵੇਜ਼ ਆਪਣੇ ਕਬਜ਼ੇ ਵਿਚ ਲਏ। ਇਸ ਕਾਰਵਾਈ ਦੌਰਾਨ ਉਕਤ ਇਕਾਈ ਨਾਲ ਜੁੜੀ ਮੈਸਰਜ਼ ਫਰਨੀਚਰ ਕੋਟੇਜ ਨਾਂ ਦੀ ਇਕਾਈ ’ਤੇ ਵੀ ਉਸੇ ਸਮੇਂ ਛਾਪੇਮਾਰੀ ਕੀਤੀ ਗਈ ਤਾਂ ਕਿ ਉਨ੍ਹਾਂ ਨੂੰ ਦਸਤਾਵੇਜ਼ ਇਧਰ-ਉਧਰ ਕਰਨ ਦਾ ਮੌਕਾ ਨਾ ਮਿਲੇ। ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਵਿਭਾਗ ਦੇ ਹੱਥ ਵੱਡੀ ਸਫ਼ਲਤਾ ਲੱਗੀ ਕਿਉਂਕਿ ਇਸ ਇਕਾਈ ਨਾਲ ਸਬੰਧਤ ਇਕ ਨਾਨ-ਡਿਕਲੇਅਰ ਐਡੀਸ਼ਨਲ ਪਲੇਸ ਵੀ ਮਹਿਕਮੇ ਦੀਆਂ ਨਜ਼ਰਾਂ ਵਿਚ ਆਇਆ, ਜਿੱਥੇ ਵੱਡੀ ਗਿਣਤੀ ਵਿਚ ਤਿਆਰ ਮਾਲ ਪਿਆ ਸੀ। ਇਥੇ ਮਹਿਕਮੇ ਨੂੰ ਇਕ ਬੇਸਮੈਂਟ ਵੀ ਮਿਲੀ। ਅੰਦਰ ਪਏ ਮਾਲ ਨੂੰ ਮਹਿਕਮੇ ਨੇ ਰਜਿਸਟਰ ਵਿਚ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਮੁੜ ਫਟਿਆ 'ਕੋਰੋਨਾ' ਬੰਬ, 50 ਤੋਂ ਵਧੇਰੇ ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

PunjabKesari

ਇਸੇ ਤਰ੍ਹਾਂ ਬੌਬੀ ਫਰਨਿਸ਼ਰਜ਼ ਅਤੇ ਫਰਨੀਚਰ ਕੋਟੇਜ ਇਕਾਈਆਂ ਵੀ ਵੱਡੀ ਪੱਧਰ ’ਤੇ ਕਾਰੋਬਾਰ ਕਰਦੀਆਂ ਪਾਈਆਂ ਗਈਆਂ ਹਨ। ਇਨ੍ਹਾਂ ਦੇ 3 ਫਲੋਰ ਹਨ, ਜਿਨ੍ਹਾਂ ਵਿਚ ਮਹਿੰਗੇ ਪ੍ਰੋਡਕਟਸ ਪਾਏ ਗਏ। 10 ਮਰਲੇ ਤੋਂ ਵੱਧ ਇਲਾਕੇ ਵਿਚ ਫੈਲੀ ਇਸ ਇਕਾਈ ’ਤੇ ਮਾਰਕੀਟ ਦੀਆਂ ਕੀਮਤਾਂ ਤੋਂ ਘੱਟ ਦਾ ਬਿੱਲ ਕੱਟਣ ਸਬੰਧੀ ਮਹਿਕਮੇ ਨੂੰ ਸੂਚਨਾਵਾਂ ਮਿਲੀਆਂ ਸਨ, ਜਿਨ੍ਹਾਂ ਦੇ ਆਧਾਰ ’ਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਕਈ ਘੰਟੇ ਚੱਲੀ ਇਸ ਛਾਪੇਮਾਰੀ ਦੌਰਾਨ ਵਿਭਾਗ ਵੱਲੋਂ ਇਲਾਕੇ ਦੇ ਇਕ ਮੋਹਤਬਰ ਵਿਅਕਤੀ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਤਾਂ ਕਿ ਸਬੰਧਤ ਇਕਾਈਆਂ ਵੱਲੋਂ ਮਹਿਕਮੇ ’ਤੇ ਕਿਸੇ ਤਰ੍ਹਾਂ ਦਾ ਕੋਈ ਦੋਸ਼ ਨਾ ਲਾਇਆ ਜਾ ਸਕੇ। ਸੂਤਰਾਂ ਦਾ ਕਹਿਣਾ ਹੈ ਕਿ ਫਰਨੀਚਰ ਦੀ ਖਰੀਦਦਾਰੀ ਲਈ ਆਉਣ ਵਾਲੇ ਰੁਟੀਨ ਖਪਤਕਾਰਾਂ ਨੂੰ ਬਿੱਲ ਦੇਣ ਤੋਂ ਗੁਰੇਜ਼ ਕੀਤਾ ਜਾਂਦਾ ਹੈ, ਜਿਸ ਕਾਰਨ ਮਹਿਕਮੇ ਨੂੰ ਵੱਡੇ ਪੱਧਰ ’ਤੇ ਜੀ. ਐੱਸ. ਟੀ. ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।

ਖਾਦ ’ਤੇ ਜੀ. ਐੱਸ. ਟੀ. ਬਚਾਉਣ ਲਈ ਨਹੀਂ ਕੱਟੇ ਜਾਂਦੇ ਬਿੱਲ
ਜਲੰਧਰ-3 ਦੀ ਐਡੀਸ਼ਨਲ ਡਿਪਟੀ ਕਮਿਸ਼ਨਰ ਰਜਮਨਦੀਪ ਕੌਰ ਦੀ ਅਗਵਾਈ ਵਿਚ ਮਹਿਕਮੇ ਅਧਿਕਾਰੀਆਂ ਨੇ ਸ਼ੁੱਕਰਵਾਰ ਗੋਰਾਇਆ ਸਥਿਤ ਖਾਦ ਵੇਚਣ ਵਾਲੀ ਚਤਿੰਦਰ ਟਰੇਡਿੰਗ ਕੰਪਨੀ ’ਤੇ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ ਵਿਭਾਗ ਦੇ ਹੱਥ ਕਈ ਕੱਚੀਆਂ ਪਰਚੀਆਂ ਅਤੇ ਹੋਰ ਅਹਿਮ ਦਸਤਾਵੇਜ਼ ਲੱਗੇ ਹਨ, ਜਿਨ੍ਹਾਂ ਨਾਲ ਆਉਣ ਵਾਲੇ ਸਮੇਂ ’ਚ ਮਹਿਕਮੇ ਨੂੰ ਵੱਡੇ ਪੱਧਰ ’ਤੇ ਲਾਭ ਹੋਣ ਦੀ ਸੰਭਾਵਨਾ ਹੈ। ਜਲੰਧਰ-3 ਦੇ ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਨਵਤੇਜ ਸਿੰਘ, ਕਰਨਵੀਰ ਸਿੰਘ ਰੰਧਾਵਾ ਅਤੇ ਰਾਜੇਸ਼ ਸ਼ਰਮਾ ਸਮੇਤ ਸਟੇਟ ਟੈਕਸ ਇੰਸਪੈਕਟਰ (ਐੱਸ. ਟੀ. ਆਈ.) ਦੀ ਟੀਮ ਨੇ ਉਕਤ ਟਰੇਡਿੰਗ ਕੰਪਨੀ ’ਤੇ ਪਿਛਲੇ ਸਮੇਂ ਦੌਰਾਨ ਇਕੱਤਰ ਕੀਤੇ ਦਸਤਾਵੇਜ਼ਾਂ ਦੇ ਆਧਾਰ ’ਤੇ ਛਾਪੇਮਾਰੀ ਕੀਤੀ। ਇਸ ਵਿਚ ਸਾਹਮਣੇ ਆਇਆ ਕਿ ਖਾਦ ਅਤੇ ਕੀੜੇਮਾਰ ਦਵਾਈਆਂ ਖਰੀਦਣ ਵਾਲੇ ਕਿਸਾਨਾਂ ਨੂੰ ਬਣਦਾ ਬਿੱਲ ਨਹੀਂ ਦਿੱਤਾ ਜਾ ਰਿਹਾ, ਜਿਸ ਨਾਲ ਸਿੱਧੇ ਤੌਰ ’ਤੇ ਟੈਕਸ ਦੀ ਚੋਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਨਾਲ ਜੁੜੀਆਂ ਇਕਾਈਆਂ ਵੱਲੋਂ ਜੀ. ਐੱਸ. ਟੀ. ਦੇ ਬਿੱਲ ਕੱਟਣ ਤੋਂ ਗੁਰੇਜ਼ ਕਰਨ ਦੇ ਮਾਮਲੇ ਸਾਹਮਣੇ ਆਏ ਹਨ ਕਿਉਂਕਿ ਜੀ. ਐੱਸ. ਟੀ. ਬਚਾਉਣ ਲਈ ਅਜਿਹੀਆਂ ਇਕਾਈਆਂ ਬਿੱਲ ਨਹੀਂ ਕੱਟਦੀਆਂ ਅਤੇ ਮਹਿਕਮੇ ਨੂੰ ਇਸ ਦਾ ਨੁਕਸਾਨ ਟੈਕਸ ਦੇ ਰੂਪ ਵਿਚ ਝੱਲਣਾ ਪੈ ਰਿਹਾ ਹੈ। ਮਹਿਕਮੇ ਨੇ ਇਥੇ ਛਾਪੇਮਾਰੀ ਕਰਨ ਤੋਂ ਪਹਿਲਾਂ ਪਿਛਲੇ ਕਈ ਦਿਨਾਂ ਤੱਕ ਕਈ ਜਾਣਕਾਰੀਆਂ ਇਕੱਤਰ ਕਰਨ ਤੋਂ ਬਾਅਦ ਛਾਪੇਮਾਰੀ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ:ਸ਼ਰਾਬ ਦੇ ਨਸ਼ੇ 'ਚ ਪਤਨੀ ਦੇ ਢਿੱਡ 'ਚ ਮਾਰੀ ਲੱਤ, ਗੁੱਸੇ 'ਚ ਆ ਕੇ ਪਤਨੀ ਨੇ ਕਤਲ ਕੀਤਾ ਪਤੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News