ਪੰਜਾਬ ''ਚ ਤਾਇਨਾਤ ਹੋਣਗੀਆਂ 689 ਮਹਿਲਾ ਸਿਪਾਹੀ

09/12/2018 4:54:09 PM

ਜਲੰਧਰ (ਮਹੇਸ਼)— ਪੰਜਾਬ ਆਰਮਡ ਪੁਲਸ ਟਰੇਨਿੰਗ ਸੈਂਟਰ (ਪੀ. ਏ. ਪੀ.) ਜਲੰਧਰ ਕੈਂਟ 'ਚ ਮੰਗਲਵਾਰ ਨੂੰ ਬੈਚ ਨੰਬਰ 171 (ਜ਼ਿਲਾ ਕੇਡਰ) ਦੀ ਮਹਿਲਾ ਸਿਪਾਹੀਆਂ ਦੀ ਪਾਸਿੰਗ ਆਊਟ ਪਰੇਡ ਹੋਈ, ਜਿਸ 'ਚ ਵੱਖ-ਵੱਖ ਜ਼ਿਲਿਆਂ ਤੋਂ ਕੁਲ 689 ਮਹਿਲਾ ਰਿਕਰੂਟ ਆਪਣਾ ਪਹਿਲੀ ਟਰੇਨਿੰਗ ਹਾਸਲ ਕਰਨ ਤੋਂ ਬਾਅਦ ਪਾਸ ਆਊਟ ਹੋਈਆਂ ਹਨ। ਪਾਸਿੰਗ ਆਊਟ ਪਰੇਡ ਦੇ ਮੁੱਖ ਮਹਿਮਾਨ ਹਰਦੀਪ ਸਿੰਘ ਢਿੱਲੋ ਡੀ. ਜੀ. ਪੀ. ਲਾਅ ਐਂਡ ਆਰਡਰ ਪੰਜਾਬ ਨੇ ਪਾਸਿੰਗ ਆਊਟ ਪਰੇਡ ਤੋਂ ਸਲਾਮੀ ਲਈ ਅਤੇ ਪਰੇਡ ਦੀ ਜਾਂਚ ਕੀਤੀ। ਉਨ੍ਹਾਂ ਟ੍ਰੇਨਿੰਗ ਪਾਸ ਕਰਨ 'ਤੇ ਸਾਰੀਆਂ ਮਹਿਲਾ ਸਿਪਾਹੀਆਂ ਨੂੰ ਵਧਾਈ ਦਿੱਤੀ ਅਤੇ ਚੰਗੇ ਪੁਲਸ ਅਧਿਕਾਰੀ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਨੁਸ਼ਾਸਨ 'ਚ ਰਹਿ ਕੇ ਅਤੇ ਸਖਤ ਮਿਹਨਤ ਨਾਲ ਹੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਸਕਦੇ ਹਨ।

ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੀ ਮਹਿਲਾ ਸਿਪਾਹੀਆਂ ਨੂੰ ਸਨਮਾਨ ਵੀ ਦਿੱਤਾ ਗਿਆ। ਡੀ. ਜੀ. ਪੀ. ਢਿੱਲੋਂਨੇ ਮਨਜੀਤ ਕੌਰ ਸ੍ਰੀ ਮੁਕਤਸਰ ਸਾਹਿਬ ਨੂੰ ਆਲ ਰਾਊਂਡ ਪਹਿਲੇ, ਰੇਖਾ ਰਾਣੀ ਹੁਸ਼ਿਆਰਪੁਰ ਨੂੰ ਆਲ ਰਾਊਂਡ ਦੂਜੇ, ਰਿੰਪੀ ਐੱਸ. ਬੀ. ਐੱਸ. ਨਗਰ ਦੀ ਬੈਸਟ ਇਨ ਸ਼ੂਟਿੰਗ, ਹਰਮਨਪ੍ਰੀਤ ਕੌਰ ਅੰਮ੍ਰਿਤਸਰ ਸ਼ਹਿਰੀ ਨੂੰ ਬੈਸਟ ਇਨ ਡਰਿੱਲ ਐਲਾਨਿਆ। ਇਨ੍ਹਾਂ ਸਾਰਿਆਂ ਨੂੰ ਵਿਸ਼ੇਸ਼ ਰੂਪ 'ਚ ਸਨਮਾਨਤ ਕੀਤਾ ਗਿਆ।

ਏ. ਡੀ. ਜੀ. ਪੀ. ਕੁਲਦੀਪ ਸਿੰਘ ਸਮੇਤ ਹੋਰ ਅਧਿਕਾਰੀ ਰਹੇ ਮੌਜੂਦ
ਪਾਸਿੰਗ ਆਊਡ ਪਰੇਡ ਸਲਾਮੀ ਦੇ ਸਮੇਂ ਏ. ਡੀ. ਜੀ. ਪੀ. ਕੁਲਦੀਪ ਸਿੰਘ, ਏ. ਡੀ. ਜੀ. ਪੀ. ਅਨੀਤਾ ਪੁੰਜ, ਆਈ. ਜੀ. ਆਪ੍ਰੇਸ਼ਨ ਤੇਜਿੰਦਰਪਾਲ ਸਿੰਘ, ਆਈ. ਜੀ. ਪ੍ਰਸ਼ਾਸਨ ਜਸਕਰਨ ਸਿੰਘ, ਪੁਲਸ ਕਮਿਸ਼ਨਰ ਪੀ. ਕੇ. ਸਿਨ੍ਹਾ, ਡੀ. ਆਈ. ਜੀ. ਪ੍ਰਸ਼ਾਸਨ ਡਾ. ਐੱਸ. ਕੇ. ਕਾਲੀਆ ਤੋਂ ਇਲਾਵਾ ਹੋਰ ਉੱਚ ਅਧਿਕਾਰੀ ਮੌਜੂਦ ਰਹੇ। ਮੁੱਖ ਮਹਿਮਾਨ ਡੀ. ਜੀ. ਪੀ. ਢਿੱਲੋਂ ਨੂੰ ਏ. ਡੀ. ਜੀ. ਪੀ. ਕੁਲਦੀਪ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਸਨਮਾਨਤ ਕੀਤਾ।