ਠੱਗ ਬਾਪ-ਬੇਟੇ ਨੇ ਅਲਮਾਰੀ 'ਚ ਰੱਖੇ ਸਨ 15.64 ਲੱਖ ਰੁਪਏ, ਪੁਲਸ ਨੇ ਲਏ ਕਬਜ਼ੇ 'ਚ

12/29/2019 12:32:07 PM

ਜਲੰਧਰ (ਵਰੁਣ)— ਪਤੀ-ਪਤਨੀ ਸਮੇਤ ਤਿੰਨ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 42.65 ਲੱਖ ਰੁਪਏ ਦੀ ਠੱਗੀ ਸਮੇਤ ਕਈ ਲੋਕਾਂ ਤੋਂ ਕਰੋੜਾਂ ਰੁਪਏ ਠੱਗਣ ਵਾਲੇ ਬਾਪ-ਬੇਟੇ ਦੇ ਘਰ 'ਚੋਂ ਪੁਲਸ ਨੇ 15 ਲੱਖ 64 ਹਜ਼ਾਰ 500 ਰੁਪਏ ਬਰਾਮਦ ਕਰ ਲਏ ਹਨ। ਉਕਤ ਰਕਮ ਮੁਲਜ਼ਮਾਂ ਨੇ ਸਟੋਰ 'ਚ ਰੱਖੀ ਅਲਮਾਰੀ 'ਚ ਲੁਕਾ ਕੇ ਰੱਖੀ ਸੀ। ਰਿਮਾਂਡ ਖਤਮ ਹੋਣ 'ਤੇ ਦੋਵਾਂ ਨੂੰ ਪੁਲਸ ਨੇ ਜੇਲ ਭੇਜ ਦਿੱਤਾ ਹੈ।

ਏ. ਸੀ. ਪੀ. ਮਾਡਲ ਟਾਊਨ ਧਰਮਪਾਲ ਨੇ ਦੱਸਿਆ ਕਿ ਕੋਰਟ 'ਚੋਂ ਸਰਚ ਵਾਰੰਟ ਲੈ ਕੇ ਥਾਣਾ ਨੰ. 7 ਦੇ ਮੁਖੀ ਨਵੀਨ ਪਾਲ ਅਤੇ ਉਨ੍ਹਾਂ ਦੀ ਟੀਮ ਨੇ ਗੁਰੂ ਨਗਰ ਸਥਿਤ ਪ੍ਰਦੀਪ ਸੂਰੀ ਅਤੇ ਉਸ ਦੇ ਬੇਟੇ ਵਿਕਰਮ ਸੂਰੀ ਦੇ ਘਰ ਦੀ ਤਲਾਸ਼ੀ ਲਈ ਤਾਂ ਘਰ 'ਚੋਂ ਕੁਝ ਨਹੀਂ ਮਿਲਿਆ। ਇੰਸਪੈਕਟਰ ਨਵੀਨ ਪਾਲ ਨੇ ਜਦੋਂ ਸਟੋਰ 'ਚ ਜਾ ਕੇ ਸਾਮਾਨ ਦੇ ਪਿੱਛੇ ਲੁਕਾ ਕੇ ਰੱਖੀ ਗਈ ਛੋਟੀ ਅਲਮਾਰੀ ਦੀ ਤਲਾਸ਼ੀ ਲਈ ਤਾਂ ਉਸ 'ਚੋਂ 15 ਲੱਖ 64 ਹਜ਼ਾਰ 500 ਰੁਪਏ ਮਿਲੇ ਜਿਸ ਨੂੰ ਪੁਲਸ ਦੇ ਕਬਜ਼ੇ 'ਚ ਲੈ ਲਿਆ। ਇੰਸਪੈਕਟਰ ਨਵੀਨ ਪਾਲ ਨੇ ਕਿਹਾ ਕਿ ਉਕਤ ਰਕਮ ਗੌਰਵ, ਉਸ ਦੀ ਪਤਨੀ ਅਤੇ ਦੋਸਤ ਤੋਂ ਠੱਗੇ ਗਏ 42.65 ਲੱਖ ਰੁਪਏ 'ਚੋਂ ਹਨ ਜਦੋਂ ਕਿ ਬਾਕੀ ਦੀ ਰਕਮ ਬਾਰੇ ਮੁਲਜ਼ਮਾਂ ਦਾ ਕਹਿਣਾ ਸੀ ਉਹ ਖਰਚ ਕਰ ਚੁੱਕੇ ਹਨ। ਪੁਲਸ ਨੇ ਪ੍ਰਦੀਪ ਸੂਰੀ ਅਤੇ ਵਿਕਰਮ ਸੂਰੀ ਦਾ ਦੋ ਦਿਨ ਦਾ ਰਿਮਾਂਡ ਖਤਮ ਹੋਣ 'ਤੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਹੈ। ਇੰਸਪੈਕਟਰ ਨਵੀਨ ਪਾਲ ਨੇ ਕਿਹਾ ਕਿ ਹੋਰ ਵੀ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਪਰ ਪੀੜਤ ਲੋਕ ਹੁਣ ਪੁਲਸ ਕਮਿਸ਼ਨਰ ਨੂੰ ਠੱਗੀ ਦੀਆਂ ਸ਼ਿਕਾਇਤਾਂ ਦੇਣਗੇ।

ਦੱਸ ਦਈਏ ਕਿ ਸਿਰਫ ਵਿਦੇਸ਼ ਭੇਜਣ ਦੇ ਹੀ ਨਹੀਂ ਸਗੋਂ ਮੱਝਾਂ ਦੇ ਕਾਰੋਬਾਰ ਅਤੇ ਕਮੇਟੀਆਂ ਪਾ ਕੇ ਵੀ ਇਸ ਬਾਪ-ਬੇਟੇ ਨੇ ਕਈ ਲੋਕਾਂ ਤੋਂ 5 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਠੱਗੀ ਮਾਰੀ ਹੋਈ ਹੈ। ਵੀਰਵਾਰ ਨੂੰ ਹੀ ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਨੇ ਵਿਕਰਮ ਅਤੇ ਉਸ ਦੇ ਪਿਤਾ ਪ੍ਰਦੀਪ ਸੂਰੀ ਵਾਸੀ ਗੁਰੂ ਨਗਰ ਮਾਡਲ ਟਾਊਨ ਖਿਲਾਫ ਇਕ ਡੇਅਰੀ ਮਾਲਕ ਦੇ ਬਿਆਨਾਂ 'ਤੇ 68 ਲੱਖ ਰੁਪਏ ਦੀ ਠੱਗੀ ਮਾਰਨ ਦਾ ਕੇਸ ਦਰਜ ਕੀਤਾ ਸੀ। ਇਨ੍ਹਾਂ ਨੇ 80 ਸਾਲ ਦੇ ਮੋਹਨ ਸਿੰਘ ਵਾਸੀ ਮਾਸਟਰ ਤਾਰਾ ਸਿੰਘ ਨਗਰ ਦੇ ਕੁਲ 104 ਪਸ਼ੂ ਵੇਚਣ ਲਈ ਲਏ ਸਨ। ਦੋਵਾਂ ਨੇ 70 ਲੱਖ ਰੁਪਏ ਮੋਹਨ ਨੂੰ ਦੇਣੇ ਸਨ ਜਿਸ 'ਚੋਂ 2 ਲੱਖ ਰੁਪਏ ਐਡਵਾਂਸ ਦੇ ਦਿੱਤੇ ਪਰ ਪਸ਼ੂ ਵੇਚਣ ਤੋਂ ਬਾਅਦ ਵੀ ਦੋਵਾਂ ਨੇ ਮੋਹਨ ਸਿੰਘ ਨੂੰ 68 ਲੱਖ ਰੁਪਏ ਵਾਪਸ ਨਹੀਂ ਦਿੱਤੇ। ਹੁਣ ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਲਈ ਮਾਣਯੋਗ ਅਦਾਲਤ 'ਚ ਮੰਗ ਦਰਜ ਕਰੇਗੀ।


shivani attri

Content Editor

Related News