195 ਦਿਨਾਂ ਤੋਂ ਧਰਨੇ ’ਤੇ ਬੈਠੇ ਕਿਸਾਨਾਂ ਨੇ ਕੀਤਾ ਮੋਦੀ ਸਰਕਾਰ ਦਾ ਪਿੱਟ-ਸਿਆਪਾ

04/20/2021 3:01:21 PM

ਗੜ੍ਹਦੀਵਾਲਾ (ਜਤਿੰਦਰ)-ਅੱਜ ਮਾਨਗੜ੍ਹ ਟੋਲ ਪਲਾਜ਼ਾ ’ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 195ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਕੇ ਪਿੱਟ-ਸਿਆਪਾ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ ਮਾਨਗੜ੍ਹ, ਮਾਸਟਰ ਗੁਰਚਰਨ ਸਿੰਘ ਕਾਲਰਾਂ, ਖੁਸ਼ਵੰਤ ਸਿੰਘ ਬਡਿਆਲ, ਡਾ. ਮਝੈਲ ਸਿੰਘ, ਜਤਿੰਦਰ ਸਿੰਘ ਸੱਗਲਾ ਆਦਿ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਇੱਕੋ-ਇੱਕ ਮਨਸੂਬਾ ਦੇਸ਼ ਦੇ ਅੰਨਦਾਤੇ ਨੂੰ ਆਰਥਿਕ ਪੱਖੋਂ ਕਮਜ਼ੋਰ ਕਰ ਕੇ ਕਾਰਪੋਰੇਟ ਘਰਾਣਿਆਂ ਅਤੇ ਪੂੰਜੀਪਤੀਆਂ ਦੇ ਹੱਥ ਵੇਚਣ ਦਾ ਹੈ। ਇਹੀ ਕਾਰਨ ਹੈ ਕਿ ਮੋਦੀ ਸਰਕਾਰ ਨੂੰ ਦਿੱਲੀ ਵਿਖੇ ਸੰਘਰਸ਼ ’ਤੇ ਬੈਠੇ ਕਿਸਾਨਾਂ ਦਾ ਭੋਰਾ ਵੀ ਖਿਆਲ ਨਹੀਂ।

ਉਨ੍ਹਾਂ ਕਿਹਾ ਕਿ ਹੁਣ ਤੱਕ ਅਨੇਕਾਂ ਕਿਸਾਨ ਦਿੱਲੀ ਵਿਖੇ ਹੱਕਾਂ ਦੀ ਰਾਖੀ ਲਈ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਕੇਂਦਰ ਦੀ ਮੋਦੀ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਵਾਪਸ ਮੁੜ ਜਾਣ ਪਰ ਕਿਸਾਨ ਵਾਪਸ ਉਦੋਂ ਹੀ ਪਰਤਣਗੇ, ਜਦੋਂ ਕੇਂਦਰ ਸਰਕਾਰ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨ ਰੱਦ ਕਰੇਗੀ, ਨਹੀਂ ਤਾਂ ਕਿਸਾਨ ਜਿਉਂ ਦੇ ਤਿਉਂ ਹੀ ਦਿੱਲੀ ਵਿਖੇ ਆਪਣਾ ਸੰਘਰਸ਼ ਜਾਰੀ ਰੱਖਣਗੇ। ਕਿਸਾਨਾਂ ਨੇ ਕਿਹਾ ਕਿ ਹੁਣ ਅੰਦੋਲਨ ਜਿੰਨਾ ਮਰਜ਼ੀ ਲੰਮਾ ਹੋ ਜਾਵੇ, ਸਾਨੂੰ ਕੋਈ ਪ੍ਰਵਾਹ ਨਹੀਂ। ਉਨ੍ਹਾਂ ਕਿਹਾ ਕਿ ਅੰਦੋਲਨ ਜਿੰਨਾ ਅੱਗੇ ਤੱਕ ਵਧੇਗਾ, ਕੇਂਦਰ ਸਰਕਾਰ ਖ਼ਿਲਾਫ਼ ਲੋਕਾਂ ਦਾ ਰੋਹ ਹੋਰ ਵਧਦਾ ਜਾਵੇਗਾ। ਇਸ ਲਈ ਕੇਂਦਰ ਦੀ ਮੋਦੀ ਸਰਕਾਰ ਜੇਕਰ ਦੇਸ਼ ਦਾ ਭਲਾ ਚਾਹੁੰਦੀ ਹੈ ਤਾਂ ਜਲਦ ਤੋਂ ਜਲਦ ਕਾਲੇ ਕਾਨੂੰਨ ਰੱਦ ਕਰੇ। ਇਸ ਮੌਕੇ ਡਾ. ਮੋਹਨ ਸਿੰਘ ਮੱਲ੍ਹੀ, ਜਰਨੈਲ ਸਿੰਘ, ਪਰਮਿੰਦਰ ਸਿੰਘ, ਕੁਲਦੀਪ ਸਿੰਘ, ਮਾਸਟਰ ਸਵਰਨ ਸਿੰਘ, ਪੰਜਾਬ ਸਿੰਘ, ਕੇਵਲ ਸਿੰਘ, ਹਰਦੀਪ ਸਿੰਘ, ਮਹਿੰਦਰ ਸਿੰਘ, ਤਰਸੇਮ ਸਿੰਘ, ਸੇਵਾ ਸਿੰਘ ਆਦਿ ਸਮੇਤ ਭਾਰੀ ਗਿਣਤੀ ’ਚ ਕਿਸਾਨ ਹਾਜ਼ਰ ਸਨ।
 

 


Manoj

Content Editor

Related News