ਕਿਸਾਨਾਂ ਨੂੰ ਮੂੰਗੀ ਅਤੇ ਢਾਂਚੇ ਦੀ ਖੇਤੀ ਲਈ ਪ੍ਰੇਰਿਆ ਜਾਵੇ-ਡਾ. ਸੁੁਰਿੰਦਰ ਸਿੰਘ

03/13/2020 5:13:48 PM

ਜਲੰਧਰ—ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਮੂਹ ਤਕਨੀਕੀ ਮਾਹਿਰਾਂ ਦੀ ਜ਼ਿਲਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ.ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਹਦਾਇਤ ਦਿੱਤੀ ਹੈ ਕਿ ਕਣਕ ਦੀ ਵਾਢੀ ਤੋਂ ਬਾਅਦ ਕਿਸਾਨ ਖਾਲੀ ਖੇਤਾਂ ’ਚ ਮੂੰਗੀ ਜਾਂ ਢਾਂਚੇ ਦੀ ਬਿਜਾਈ ਕਰਨ। ਡਾ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਪ੍ਰੈਲ ਮਹੀਨੇ ’ਚ ਕਣਕ ਦੀ ਵਾਢੀ ਤੋਂ ਬਾਅਦ ਖਾਲੀ ਖੇਤਾਂ ’ਚ ਮੂੰਗੀ ਜਾਂ ਹਰੀ ਖਾਦ ਵੱਜੋਂ ਢਾਂਚੇ ਦੀ ਕਾਸ਼ਤ ਕਰਨ ਨਾਲ ਜ਼ਮੀਨ ਦੀ ਉਪਜਾਉ ਸ਼ਕਤੀ ਵੱਧਦੀ ਹੈ ਅਤੇ ਨਾਲ ਹੀ ਮੂੰਗੀ ਦੀ ਕਾਸ਼ਤ ਕਰਨ ਨਾਲ ਦਾਲ ਵੱਜੋਂ ਝਾੜ ਵੀ ਪ੍ਰਾਪਤ ਹੁੰਦਾ ਹੈ। ਮੀਟਿੰਗ ’ਚ ਡਾ. ਸੁਰਿੰਦਰ ਸਿੰਘ ਨੇ ਹਦਾਇਤ ਦਿੱਤੀ ਹੈ ਕਿ ਸੁਪਰ ਸੀਡਰ ਅਤੇ ਹੈਪੀ ਸੀਡਰ ਮਸ਼ੀਨਾਂ ਰਾਹੀਂ ਮੂੰਗੀ ਨੂੰ ਬਿਜਵਾਉਣ ਲਈ ਪ੍ਰਦਰਸ਼ਨੀ ਪਲਾਂਟ ਬਿਜਵਾਏ ਜਾਣ।

ਡਾ. ਸੁਰਿੰਦਰ ਸਿੰਘ ਨੇ ਸਮੂਹ ਬਲਾਕ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਮੌਸਮ ਦੀ ਵਾਧ-ਘਾਟ ਨੂੰ ਧਿਆਨ ’ਚ ਰੱਖਦੇ ਹੋਏ ਕਿਸਾਨਾਂ ਨਾਲ ਰਾਬਤਾ ਬਣਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਮੌਸਮ ਬਾਰੇ ਅਗਾਊ ਸੂਚਿਤ ਕਰਨਾ ਚਾਹੀਦਾ ਹੈ ਅਤੇ ਫਸਲਾਂ ਦਾ ਨੁਕਸਾਨ ਹੋਣ ਦੀ ਸੂਰਤ ’ਚ ਤਰੁੰਤ ਜ਼ਿਲਾ ਮੁੱਖ ਖੇਤੀਬਾੜੀ ਅਫਸਰ ਦਫਤਰ ਨੂੰ ਰਿਪੋਰਟ ਕਰਨ ਨੂੰ ਯਕੀਨੀ ਬਣਾਇਆ ਜਾਵੇ। ਮੀਟਿੰਗ ’ਚ ਜ਼ਿਲੇ ’ਚ ਚਲ ਰਹੀਆਂ ਵੱਖ-ਵੱਖ ਸਕੀਮਾਂ ਦੀ ਪ੍ਰਗਤੀ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। 

ਮੀਟਿੰਗ ’ਚ ਡਾ. ਸੁਰਿੰਦਰ ਕੁਮਾਰ ਜ਼ਿਲਾ ਕਿਸਾਨ ਸਿਖਲਾਈ ਅਫਸਰ ਜਲੰਧਰ ਨੇ ਕਿਸਾਨ ਸਿਖਲਾਈ ਕੈਂਪਾਂ ਬਾਰੇ ਕਿਹਾ ਹੈ ਕਿ ਅਗਲੇ ਮਹੀਨੇ ’ਚ ਜ਼ਿਲੇ ਦੇ ਪਿੰਡਾਂ ’ਚ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾਣਗੇ, ਜਿਨ੍ਹਾਂ ’ਚ ਕਿਸਾਨਾਂ ਨੂੰ ਕਣਕ ਦਾ ਨਾੜ ਜ਼ਮੀਨ ’ਚ ਦਬਾਉਂਦੇ ਹੋਏ ਅਤੇ ਖੇਤੀ ਵਿਭਿੰਨਤਾ ਨੂੰ ਅਪਣਾਉਣ ਦੀ ਸਲਾਹ ਦਿੱਤੀ ਜਾਵੇਗੀ। ਮੀਟਿੰਗ ’ਚ ਬਲਾਕ ਖੇਤੀਬਾੜੀ ਅਫਸਰ ਡਾ. ਰਣਜੀਤ ਸਿੰਘ ਚੌਹਾਨ, ਡਾ. ਬਲਬੀਰ ਚੰਦ, ਡਾ. ਬਲਜਿੰਦਰ ਸਿੰਘ ਭੁੱਲਰ, ਡਾ. ਦਿਸਬਾਗ ਸਿੰਘ ਸੋਹਲ, ਡਾ. ਗੁਰਮੁੱਖ ਸਿੰਘ, ਡਾ. ਜੋਗਰਾਜਬੀਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਯਕੀਨ ਦਿਵਾਇਆ ਕਿ ਸਮੁੱਚੇ ਜ਼ਿਲੇ ’ਚ ਖੇਤੀਬਾੜੀ ਦੇ ਵਿਕਾਸ ਲਈ ਕਿਸਾਨਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਮਿੱਥੇ ਟੀਚੇ ਪੂਰੇ ਕੀਤੇ ਜਾਣਗੇ। ਮੀਟਿੰਗ ’ਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੂਹ ਖੇਤੀਬਾੜੀ ਅਧਿਕਾਰੀਆਂ ਜਾਂ ਕਰਮਚਾਰੀਆਂ ਨੂੰ ਕਿਸਾਨਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕ ਕਰਦੇ ਹੋਏ ਆਪਣਾ ਬਣਦਾ ਯੋਗਦਾਨ ਪਾਉਣ ਦੀ ਵੀ ਹਦਾਇਤ ਦਿੱਤੀ। 
ਸੰਪਰਕ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
ਪੰਜਾਬ ਜਲੰਧਰ।
 


Iqbalkaur

Content Editor

Related News