ਬਿਜਲੀ ਸੰਕਟ: 14 ਘੰਟੇ ਦੇ ਕੱਟਾਂ ਖ਼ਿਲਾਫ਼ ਸ਼ਕਤੀ ਸਦਨ ਦਾ ਘਿਰਾਓ ਕਰ ਸਰਕਾਰ ਵਿਰੋਧੀ ਕੀਤਾ ਪ੍ਰਦਰਸ਼ਨ

04/30/2022 1:12:48 PM

ਜਲੰਧਰ (ਪੁਨੀਤ)- ਪੰਜਾਬ ਦੇ ਵੱਖ-ਵੱਖ ਥਰਮਲ ਪਲਾਟਾਂ ’ਚ ਕੋਲੇ ਦੀ ਕਮੀ ਅਤੇ ਤਕਨੀਕੀ ਨੁਕਸ ਕਾਰਨ ਕਈ ਯੂਨਿਟ ਬੰਦ ਪਏ ਹਨ, ਜਿਸ ਕਾਰਨ ਕਈ ਇਲਾਕਿਆਂ ’ਚ 14 ਘੰਟੇ ਬਿਜਲੀ ਦੇ ਕੱਟ ਲੱਗ ਰਹੇ ਹਨ। ਪੇਂਡੂ ਖੇਤਰਾਂ ਵਿਚ ਬਿਜਲੀ ਦੇ ਕੱਟਾਂ ਦੀ ਸਭ ਤੋਂ ਵੱਧ ਮਾਰ ਪੈ ਰਹੀ ਹੈ, ਜਿਸ ਕਾਰਨ ਘਰੇਲੂ ਖ਼ਪਤਕਾਰਾਂ ਸਮੇਤ ਕਿਸਾਨਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਤ ਇਹ ਹੈ ਕਿ ਖੇਤੀ ਲਈ ਸਪਲਾਈ ਬਹੁਤ ਘੱਟ ਸਮੇਂ ਲਈ ਮਿਲ ਰਹੀ ਹੈ, ਜਿਸ ਕਾਰਨ ਕਿਸਾਨਾਂ ਦਾ ਸਬਰ ਟੁੱਟ ਰਿਹਾ ਹੈ।

ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੇ ਇਕਜੁੱਟ ਹੋ ਕੇ ਸ਼ਕਤੀ ਸਦਨ ਦਾ ਘਿਰਾਓ ਕਰਦੇ ਹੋਏ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਆਪਣਾ ਗੁੱਸਾ ਕੱਢਿਆ। ਭਾਰਤੀ ਕਿਸਾਨ ਯੂਨੀਅਨ ਕਾਦੀਆਂ (ਪੰਜਾਬ) ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਇਕੱਠੇ ਹੋਏ ਕਿਸਾਨਾਂ ਨੇ ਸ਼ੁੱਕਰਵਾਰ ਪਾਵਰਕਾਮ ਉੱਤਰੀ ਜ਼ੋਨ ਦੇ ਮੁੱਖ ਦਫ਼ਤਰ ਸ਼ਕਤੀ ਸਦਨ ਅੰਦਰ ਧਰਨਾ ਸ਼ੁਰੂ ਕਰ ਦਿੱਤਾ ਅਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਲਿਖਤੀ ਤੌਰ ’ਤੇ ਭਰੋਸਾ ਦਿੱਤਾ ਜਾਵੇ ਕਿ ਇੰਨੀ ਵੱਡੀ ਗਿਣਤੀ ਵਿਚ ਕੱਟਾਂ ਵਿਚ ਕਮੀ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: ਟਿਫਿਨ ਬੰਬ ਦੇ ਮਾਮਲੇ 'ਚ ਹਿਮਾਚਲ ਪੁਲਸ ਨੇ ਇਕ ਹੋਰ ਨੌਜਵਾਨ ਕੀਤਾ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ

PunjabKesari

ਬੁਲਾਰਿਆਂ ਨੇ ਕਿਹਾ ਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਪਰ ਸੱਤਾ ਸੰਭਾਲਣ ਤੋਂ ਬਾਅਦ ਇਨ੍ਹਾਂ ਦਾਅਵਿਆਂ ਦੀ ਹਵਾ ਨਿਕਲਣੀ ਸ਼ੁਰੂ ਹੋ ਗਈ ਹੈ। ਉਸ ਨੂੰ ਨਿਰਵਿਘਨ ਸਪਲਾਈ ਦੀ ਆਸ ਸੀ ਪਰ ਹੁਣ ਸਥਿਤੀ ਇਹ ਹੈ ਕਿ ਬਿਜਲੀ ਕੁਝ ਸਮੇਂ ਲਈ ਆਉਂਦੀ ਹੈ ਅਤੇ ਕੁਝ ਸਮੇਂ ਬਾਅਦ ਅਗਲਾ ਕੱਟ ਲਾ ਦਿੱਤਾ ਜਾਂਦਾ ਹੈ। ਪਿੰਡਾਂ ਵਿਚ ਕੱਟਾਂ ਨੇ ਜਿੱਥੇ ਘਰੇਲੂ ਖਪਤਕਾਰਾਂ ਦਾ ਜਿਊਣਾ ਔਖਾ ਕਰ ਦਿੱਤਾ ਹੈ, ਉੱਥੇ ਭਿਆਨਕ ਗਰਮੀ ਕਾਰਨ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਵਧ ਰਹੀਆਂ ਹਨ। ਇਨਵਰਟਰ ਨੇ ਜਵਾਬ ਦੇ ਦਿੱਤਾ ਹੈ, ਫਰਿਜ ਦਾ ਪਾਣੀ ਠੰਡਾ ਨਹੀਂ ਹੋ ਰਿਹਾ। ਖੇਤੀ ਲਈ ਪਾਣੀ ਨਹੀਂ ਮਿਲ ਰਿਹਾ, ਜਿਸ ਕਾਰਨ ਫ਼ਸਲਾਂ ਲਈ ਬੀਜੇ ਗਏ ਬੀਜ ਬਰਬਾਦ ਹੋਣ ਦੀ ਸਥਿਤੀ ’ਚ ਪਹੁੰਚ ਗਏ ਹਨ।
ਕਿਸਾਨਾਂ ਦੀ ਅਗਵਾਈ ਕਰ ਰਹੇ ਆਗੂਆਂ ਨੇ ਕਿਹਾ ਕਿ ਜੇਕਰ ਅਜਿਹੇ ਕੱਟ ਤੁਰੰਤ ਪ੍ਰਭਾਵ ਨਾਲ ਨਾ ਘਟਾਏ ਗਏ ਤਾਂ ਉਹ ਹਾਈਵੇਅ ਜਾਮ ਕਰਨ ਲਈ ਮਜਬੂਰ ਹੋਣਗੇ, ਜਿਸ ਲਈ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹੋਣਗੀਆਂ।

ਇਹ ਵੀ ਪੜ੍ਹੋ: ਮੰਤਰੀ ਕੁਲਦੀਪ ਧਾਲੀਵਾਲ ਦੇ ਬੇਬਾਕ ਬੋਲ, ਵੱਡੇ ਨੇਤਾਵਾਂ ਤੋਂ ਛੁਡਵਾਏ ਜਾਣਗੇ ਕਬਜ਼ੇ, ਹੋਵੇਗੀ ਕਾਰਵਾਈ

ਮੁੱਖ ਇੰਜੀਨੀਅਰ ਦੇ ਦਫ਼ਤਰ ਦੇ ਬਾਹਰ ਦਿੱਤਾ ਧਰਨਾ
ਆਮ ਤੌਰ ’ਤੇ ਧਰਨਾ-ਪ੍ਰਦਰਸ਼ਨ ਦਫ਼ਤਰ ਦੇ ਮੁੱਖ ਗੇਟ ਦੇ ਸਾਹਮਣੇ ਹੀ ਹੁੰਦਾ ਹੈ ਕਿਉਂਕਿ ਜਦੋਂ ਵੀ ਯੂਨੀਅਨਾਂ ਧਰਨੇ ਲਈ ਆਉਂਦੀਆਂ ਹਨ ਤਾਂ ਸ਼ਕਤੀ ਸਦਨ ਦਾ ਗੇਟ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਜੋ ਪ੍ਰਦਰਸ਼ਨਕਾਰੀ ਅੰਦਰ ਨਾ ਆ ਸਕਣ। ਸਭ ਕੁਝ ਉਲਟ ਹੋਇਆ। ਧਰਨਾ ਦੇਣ ਲਈ ਪੁੱਜੇ ਕਿਸਾਨ ਮੁੱਖ ਇੰਜੀਨੀਅਰ ਜੈਇੰਦਰ ਦਾਨੀਆ ਦੀ ਕੋਠੀ ਦੇ ਬਾਹਰ ਪੁੱਜੇ ਅਤੇ ਉਥੇ ਧਰਨਾ ਲਾ ਦਿੱਤਾ। ਇਸ ਤੋਂ ਬਾਅਦ ਚੀਫ ਇੰਜੀਨੀਅਰ ਨੂੰ ਮਿਲਣ ਲਈ ਬੁਲਾਇਆ ਗਿਆ। ਨੇਤਾਵਾਂ ਵੱਲੋਂ ਇੰਜੀ. ਦਾਨੀਆ ਨੂੰ ਮੰਗ-ਪੱਤਰ ਸੌਂਪਿਆ ਗਿਆ, ਜਿਸ ਤੋਂ ਬਾਅਦ ਧਰਨਾ ਸਮਾਪਤ ਹੋਇਆ ਅਤੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ।

ਇਹ ਵੀ ਪੜ੍ਹੋ: ਰੂਪਨਗਰ ਦੀ ਜੇਲ੍ਹ 'ਚ ਬੰਦ ਹਵਾਲਾਤੀ ਦੀ ਸ਼ੱਕੀ ਹਾਲਾਤ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News