ਕਿਸਾਨਾਂ ਵੱਲੋਂ ਭਾਜਪਾ ਦੇ ਪੰਜਾਬ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਦੇ ਘਰ ਦਾ ਘਿਰਾਓ

09/15/2021 5:09:35 PM

ਜਲੰਧਰ (ਮਹੇਸ਼)- ਜਲੰਧਰ ’ਚ ਅੱਜ ਕਿਸਾਨਾਂ ਵੱਲੋਂ ਭਾਜਪਾ ਦੇ ਪੰਜਾਬ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਦੇ ਘਰ ਦਾ ਘਿਰਾਓ ਕੀਤਾ ਗਿਆ। ਕਿਸਾਨਾਂ ਦੀ ਵੱਡੀ ਗਿਣਤੀ ਨੂੰ ਵੇਖਦੇ ਹੋਏ ਦਕੋਹਾ ’ਚ ਕਾਹਲੋਂ ਦੇ ਘਰ ਦੇ ਬਾਹਰ ਵੱਡੀ ’ਚ ਗਿਣਤੀ ’ਚ ਹੀ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ।

ਇਥੇ ਦੱਸਣਯੋਗ ਹੈ ਕਿ ਇਥੇ ਦੋਆਬਾ ਯੂਨੀਅਨ ਦੇ ਕਿਸਾਨ ਪੱਕਾ ਧਰਨਾ ਲਗਾ ਕੇ ਬੈਠੇ ਹਨ। ਕਿਸਾਨਾਂ ਦਾ ਸਾਫ਼ ਕਹਿਣਾ ਹੈ ਕਿ ਜਦੋਂ ਤੱਕ ਕਾਹਲੋਂ ਕਿਸਾਨਾਂ ਦੇ ਪ੍ਰਤੀ ਬੋਲੀ ਗਈ ਗਲਤ ਸ਼ਬਦਾਵਲੀ ਨੂੰ ਲੈ ਕੇ ਮੁਆਫ਼ੀ ਨਹੀਂ ਮੰਗਦੇ ਹਨ, ਉਦੋਂ ਤੱਕ ਉਹ ਧਰਨੇ ਤੋਂ ਨਹੀਂ ਉੱਠਣਗੇ। ਸਰਗਰਮ ਕਿਸਾਨ ਨੇਤਾ ਗੁਰਦੀਪ ਸਿੰਘ ਫਗੂੜਾ (ਬੋਲੀਨਾ ਦੋਆਬਾ) ਨੇ ਦੱਸਿਆ ਕਿ ਬੀ. ਕੇ. ਯੂ. ਦੋਆਬਾ ਦੇ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰ ਅਤੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਅਗਵਾਈ ਵਿਚ ਇਸ ਦੌਰਾਨ ਦੁਪਹਿਰ 2 ਵਜੇ ਤੋਂ ਲੈ ਕੇ ਰਾਤ 9 ਵਜੇ ਤਕ ਕਾਹਲੋਂ ਦੇ ਘਰ ਦੇ ਬਾਹਰ ਦਰੀਆਂ ਵਿਛਾ ਕੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਮੌਕੇ ਕਾਹਲੋਂ ਦਾ ਪੁਤਲਾ ਫੂਕ ਕੇ ਕਿਸਾਨਾਂ ਨੇ ਕਾਹਲੋਂ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ। ਰਾਤ 9 ਵਜੇ ਭਾਜਪਾ ਬੁਲਾਰੇ ਦੇ ਘਰ ਗੋਹਾ ਸੁੱਟ ਕੇ ਕਿਸਾਨਾਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ। ਕਿਸਾਨਾਂ ਨੇ ਕਿਹਾ ਕਿ ਮੋਦੀ ਦੀ ਚਮਚਾਗਿਰੀ ਕਰਨ ਲਈ ਕਿਸਾਨਾਂ ਦੇ ਪ੍ਰਤੀ ਘਟੀਆ ਸ਼ਬਦਾਵਲੀ ਬੋਲਣ ਵਾਲੇ ਭਾਜਪਾ ਦੇ ਬੁਲਾਰੇ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਕਾਹਲੋਂ ਵੱਲੋਂ ਦਿੱਤੇ ਗਏ ਚੈਲੇਂਜ ਦਾ ਅੱਜ ਧਰਨਾ ਦੇ ਕੇ ਕਿਸਾਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿੱਚ ਉਸ ਦੇ ਖਿਲਾਫ ਬੀ. ਕੇ. ਯੂ. ਦੋਆਬਾ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ।

ਦੋਆਬਾ ਯੂਨੀਅਨ ਦੇ ਪਤਾਰਾ ਸਰਕਲ ਦੇ ਸੀਨੀਅਰ ਅਹੁਦੇਦਾਰ ਗੁਰਦੀਪ ਸਿੰਘ ਫਗੂੜਾ ਸਾਬਕਾ ਸਰਪੰਚ ਬੋਲੀਨਾ ਦੋਆਬਾ ਨੇ ਕਿਹਾ ਕਿ ਧਰਨੇ ਵਿਚ ਕਿਸਾਨ ਸੰਘਰਸ਼ ਕਮੇਟੀ ਕਿਸ਼ਨਗੜ੍ਹ ਦੇ ਪ੍ਰਧਾਨ ਹਰਸੁਲਿੰਦਰ ਸਿੰਘ, ਅਮਰਜੀਤ ਸਿੰਘ ਬੈਂਸ, ਹਰਨੀਤ ਸਿੰਘ ਨੀਤਾ ਪੰਡੋਰੀ ਨਿੱਝਰਾਂ, ਸੁਖਵੀਰ ਸਿੰਘ ਬੀਰ, ਕੁਲਵਿੰਦਰ ਸਿੰਘ ਸਰਪੰਚ ਅਠੌਲੀ, ਹਰਮਨਦੀਪ ਸਿੰਘ ਬੋਲੀਨਾ, ਗੁਰਪਾਲ ਸਿੰਘ ਪਾਲਾ, ਗੁਰਵਿੰਦਰ ਸਿੰਘ, ਮਨਦੀਪ ਸਿੰਘ ਅਤੇ ਲਖਬੀਰ ਸਿੰਘ ਨੇ ਵੀ ਮੁੱਖ ਰੂਪ ਵਿੱਚ ਹਿੱਸਾ ਲਿਆ।

ਇਹ ਵੀ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਗਿਆਨੀ ਹਰਪ੍ਰੀਤ ਸਿੰਘ, ਕਿਹਾ-ਪੰਥ ਦੋਖੀਆਂ ਨੂੰ ਮਿਲੇ ਵੱਡੀ ਸਜ਼ਾ

ਰਾਜੇਵਾਲ ਯੂਨੀਅਨ ਨੇ ਵੀ ਕੀਤਾ ਵਿਰੋਧ 
ਦਕੋਹਾ ਵਿਚ ਭਾਜਪਾ ਨੇਤਾ ਕਾਹਲੋਂ ਦੇ ਘਰ ਦੇ ਬਾਹਰ ਲਾਏ ਗਏ ਧਰਨੇ ਵਿਚ ਬੀ. ਕੇ. ਯੂ. ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸਮਰਾ ਸਰਪੰਚ ਸਮਰਾਏ ਅਤੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੋਤ ਸਿੰਘ ਜੋਤੀ ਜੰਡਿਆਲਾ ਦੀ ਅਗਵਾਈ ਵਿਚ ਕਿਸਾਨਾਂ ਦਾ ਇੱਕ ਵੱਡਾ ਜਥਾ ਸ਼ਾਮਲ ਹੋਇਆ ਅਤੇ ਭਾਜਪਾ ਨੇਤਾ ਦਾ ਰੱਜ ਕੇ ਵਿਰੋਧ ਕੀਤਾ। ਇਸ ਮੌਕੇ ਬਲਬੀਰ ਸਿੰਘ, ਅਮਰਜੀਤ ਸਿੰਘ ਸ਼ੇਰਗਿੱਲ, ਦੀਪਾ, ਗੋਪੀ, ਬਲਕਾਰ ਸਿੰਘ, ਅਮਨਾ ਸਮਰਾ, ਸੋਨੂੰ ਆਦਿ ਵੀ ਮੌਜੂਦ ਸਨ। ਮਨਦੀਪ ਅਤੇ ਜੋਤੀ ਨੇ ਕਿਹਾ ਕਿ ਕਾਹਲੋਂ ਨੂੰ ਆਪਣੀ ਗਲਤੀ ਲਈ ਜਨਤਕ ਤੌਰ 'ਤੇ ਕਿਸਾਨਾਂ ਤੋਂ ਮੁਆਫ਼ੀ ਮੰਗਣੀ ਹੋਵੇਗੀ ਨਹੀਂ ਤਾਂ ਉਹ ਨਤੀਜੇ ਭੁਗਤਣ ਲਈ ਤਿਆਰ ਰਹੇ। ਉਨ੍ਹਾਂ ਕਿਹਾ ਕਿ ਅਹੁਦਿਆਂ ਦੀ ਲਾਲਚ ਵਿਚ ਆ ਕੇ ਕਾਹਲੋਂ ਘਟੀਆ ਬਿਆਨਬਾਜ਼ੀ ਕਰ ਰਿਹਾ ਹੈ।

ਇਹ ਵੀ ਪੜ੍ਹੋ: ਸਿੱਧੂ ਦੀ ਸਭਾ 'ਚ ਵਿਧਾਇਕ ਜਗਦੇਵ ਕਮਾਲੂ ਨੂੰ ਨਹੀਂ ਮਿਲੀ ਬੈਠਣ ਦੀ ਜਗ੍ਹਾ, ਭਖਿਆ ਵਿਵਾਦ

ਏ. ਸੀ. ਪੀ. ਕਾਹਲੋਂ ਨੇ ਸੰਭਾਲੀ ਸੁਰੱਖਿਆ ਪ੍ਰਬੰਧਾਂ ਦੀ ਕਮਾਂਡ 
ਭਾਜਪਾ ਨੇਤਾ ਕਾਹਲੋਂ ਦੇ ਘਰ ਦੇ ਬਾਹਰ ਕਿਸਾਨਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਤਣਾਅਪੂਰਨ ਬਣਦੀ ਸਥਿਤੀ ਨੂੰ ਦੇਖਦੇ ਹੋਏ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਏ. ਸੀ. ਪੀ. ਸੈਂਟਰਲ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਦੀ ਅਗਵਾਈ ਵਿਚ ਭਾਰੀ ਪੁਲਸ ਫੋਰਸ ਦਕੋਹਾ ਵਿਚ ਪਹੁੰਚੀ। ਕਾਹਲੋਂ ਨੇ ਧਰਨੇ ਦੀ ਸਮਾਪਤੀ ਤਕ ਖ਼ੁਦ ਉੱਥੇ ਰਹਿ ਕਿ ਸੁਰੱਖਿਆ ਪ੍ਰਬੰਧਾਂ ਦੀ ਕਮਾਂਡ ਸੰਭਾਲੀ ਰੱਖੀ। ਐੱਸ. ਐੱਚ. ਓ. ਰਾਮਾ ਮੰਡੀ ਤੋਂ ਇਲਾਵਾ ਦਕੋਹਾ (ਨੰਗਲ ਸ਼ਾਮਾ) ਪੁਲਸ ਚੌਕੀ ਦੇ ਇੰਚਾਰਜ ਗੁਰਵਿੰਦਰ ਸਿੰਘ ਵਿਰਕ ਅਤੇ ਸਪੈਸ਼ਲ ਬ੍ਰਾਂਚ ਦੇ ਇੰਚਾਰਜ ਗੁਰਜੀਤ ਸਿੰਘ ਬਾਬਾ ਵੀ ਮੌਜੂਦ ਸਨ। ਏ. ਸੀ. ਪੀ. ਬਲਵਿੰਦਰ ਇਕਬਾਲ ਸਿੰਘ ਕਾਹਲੋਂ ਨੇ ਕਿਸਾਨਾਂ ਨੂੰ ਸ਼ਾਂਤ ਕਰਦੇ ਹੋਏ ਕਿਹਾ ਕਿ ਉਹ ਸ਼ਾਂਤੀਪੂਰਨ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਨ ਤਾਂ ਕਿ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਕਿਸਾਨਾਂ ਦੇ ਗੁੱਸੇ ਤੋਂ ਲੱਗਦਾ ਸੀ ਕਿ ਉਹ ਭਾਜਪਾ ਨੇਤਾ ਦੇ ਘਰ ਨੂੰ ਵੀ ਕੋਈ ਨੁਕਸਾਨ ਪਹੁੰਚਾ ਸਕਦੇ ਹਨ ਪਰ ਭਾਰੀ ਪੁਲਸ ਦੀ ਤਾਇਨਾਤੀ ਕਾਰਨ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।

ਇਹ ਵੀ ਪੜ੍ਹੋ: ਕਿਸਾਨ ਸੰਕਟ ’ਤੇ ਹਰਸਿਮਰਤ ਬਾਦਲ ਸਮੇਤ ਕਿਸੇ ਵੀ ਅਕਾਲੀ ਨੇਤਾ ਨੂੰ ਬੋਲਣ ਦਾ ਅਧਿਕਾਰ ਨਹੀਂ : ਕੈਪਟਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri