‘ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹਰ ਰੋਜ਼ 2 ਕਿਸਾਨਾਂ ਦੀ ਹੋ ਰਹੀ ਸ਼ਹਾਦਤ’

01/07/2021 3:39:47 PM

ਗੜਸ਼ੰਕਰ (ਸ਼ੋਰੀ)— ਸੀਨੀਅਰ ਕਾਂਗਰਸੀ ਆਗੂ ਠਾਕੁਰ ਕ੍ਰਿਸ਼ਨ ਦੇਵ ਸਿੰਘ ਗੁੱਡੀ ਨੇ ਖ਼ਾਸ ਮੁਲਾਕਾਤ ਦੌਰਾਨ ਕਿਹਾ ਕਿ ਮੋਦੀ ਸਰਕਾਰ ਨੂੰ ਟਕਰਾਅ ਵਾਲੀ ਨੀਤੀ ਨੂੰ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਬਿਨਾਂ ਸਮਾਂ ਗਵਾਏ ਮੰਨ ਲੈਣੀਆਂ ਚਾਹੀਦੀਆਂ ਹਨ। ਉਨਾਂ ਕਿਹਾ ਕਿ ਸੰਘਰਸ਼ ਤੇ ਬੈਠੇ ਕਿਸਾਨਾਂ ਵਿੱਚੋਂ ਹੁਣ ਤੱਕ ਹਰ ਰੋਜ਼ ਦੋ ਕਿਸਾਨਾਂ ਦੀ ਸ਼ਹਾਦਤ ਹੋ ਰਹੀ ਹੈ, ਜਿਸ ਦਾ ਕਾਰਨ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਹੈ। ਠਾਕੁਰ ਕ੍ਰਿਸ਼ਨ ਦੇਵ ਸਿੰਘ ਨੇ ਕਿਹਾ ਕਿ ਕਿਸਾਨ ਜੋ ਚਾਹੁੰਦੇ ਸਨ, ਸਰਕਾਰ ਨੇ ਉਹ ਦੇਣ ਦੀ ਬਜਾਏ ਕਿਸਾਨਾਂ ’ਤੇ ਜਬਰਨ ਤਿੰਨ ਖੇਤੀ ਸੁਧਾਰ ਕਾਨੂੰਨ ਠੋਕ ਦਿੱਤੇ, ਜਿਸ ਨਾਲ ਪੂਰੇ ਭਾਰਤ ਦੇ ਕਿਸਾਨਾਂ ’ਚ ਅੱਜ ਸਰਕਾਰ ਖ਼ਿਲਾਫ਼ ਅਸੰਤੋਸ਼ ਦੀ ਲਹਿਰ ਬਣੀ ਹੋਈ ਹੈ।

ਠਾਕੁਰ ਨੇ ਕਿਹਾ ਕਿ 5 ਜੂਨ 2020 ਤੋਂ ਇਨਾਂ ਕਾਨੂੰਨਾਂ ਖ਼ਿਲਾਫ਼ ਕਿਸਾਨ ਵਿਰੋਧ ਕਰ ਰਹੇ ਹਨ ਪਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨ ਦੀ ਬਜਾਏ ਪਹਿਲਾਂ ਤਿੰਨ ਆਰਡੀਨੈਂਸ ਜਾਰੀ ਕੀਤੇ ਉਪਰੰਤ ਇਸ ਦੇ ਇਨਾਂ ਨੂੰ ਕਾਨੂੰਨ ਮਾਨਤਾ ਦੇ ਕੇ ਜਬਰਨ ਕਿਸਾਨਾਂ ਉੱਪਰ ਥੋਪ ਦਿੱਤਾ। ਉਨ੍ਹਾਂ ਕਿਹਾ ਅਜਿਹਾ ਨਹੀਂ ਕਿ ਦੇਸ਼ ’ਚ ਕਿਸਾਨਾਂ ਦੇ ਹਿੱਤ ’ਚ ਕੁਝ ਕਰਨ ਨੂੰ ਨਹੀਂ ਹੈ ਪਰ ਜਿਸ ਦੀ ਜ਼ਰੂਰਤ ਸੀ ਸਰਕਾਰ ਨੇ ਉਹ ਕੰਮ ਕਰਨ ਦੀ ਬਜਾਏ ਅਜਿਹੇ ਕੰਮ ਕੀਤੇ, ਜਿਸ ਨਾਲ ਕਿਸਾਨਾਂ ਦਾ ਦਰਦ ਹੁਣ ਹੋਰ ਜਿਆਦਾ ਵਧੇਗਾ ਅਤੇ ਉਨਾਂ ਦੀ ਆਮਦਨ ਦੇ ਨਾਲ-ਨਾਲ ਹੁਣ ਉਨ੍ਹਾਂ ਦੀਆਂ ਜ਼ਮੀਨਾਂ ਵੀ ਘੱਟ ਹੋ ਜਾਣਗੀਆਂ।

ਠਾਕੁਰ ਕ੍ਰਿਸ਼ਨ ਦੇਵ ਸਿੰਘ ਨੇ ਕਿਹਾ ਕਿ ਕਿਸਾਨ ਚਾਹੁੰਦੇ ਸਨ ਕਿ ਕੁਝ ਅਜਿਹੀ ਵਿਵਸਥਾ ਕੀਤੀ ਜਾਂਦੀ, ਜਿਸ ਨਾਲ ਕਿਸਾਨਾਂ ’ਚ ਖ਼ੁਦਕੁਸ਼ੀ ਦਾ ਰੁਝਾਨ ਬੰਦ ਹੋ ਜਾਂਦਾ, ਕਰਜ਼ੇ ਤੋਂ ਉਨ੍ਹਾਂ ਨੂੰ ਨਿਜਾਤ ਮਿਲ ਦੀ, ਕਿਸਾਨ ਜੋ ਵੀ ਫ਼ਸਲ ਬੀਜਦਾ ਉਸ ਦੀ ਖ਼ਰੀਦ ਯਕੀਨਨ ਹੁੰਦੀ, ਕਿਸੇ ਵੀ ਫ਼ਸਲ ਦਾ ਜੋ ਰੇਟ ਸਰਕਾਰ ਤੈਅ ਕਰਦੀ ਘੱਟੋ-ਘੱਟ ਉਸ ਦੇ ਆਸ ਪਾਸ ਉਸ ਨੂੰ ਜ਼ਰੂਰ ਮਿਲੇ। ਪਰ ਬਦਲੇ ’ਚ ਮੋਦੀ ਸਰਕਾਰ ਨੇ ਇਕ ਅਜਿਹੇ ਕਾਨੂੰਨ ਨੂੰ ਮਾਨਤਾ ਦੇ ਦਿੱਤੀ, ਜਿਸ ਨਾਲ ਕਿਸਾਨਾਂ ਨੂੰ ਦੂਰ-ਦੂਰ ਤੱਕ ਫਾਇਦਾ ਨਜ਼ਰ ਹੁੰਦਾ ਨਜ਼ਰ ਨਹੀਂ ਆ ਰਿਹਾ ਪਰ ਕਾਰਪੋਰੇਟ ਸੈਕਟਰ ਨੂੰ ਲਾਭ ਦੇਣ ਲਈ ਹਰ ਪਾਸਿਓਂ ਸਰਕਾਰ ਨੇ ਖ਼ਿਆਲ ਰੱਖਿਆ।

ਠਾਕੁਰ ਕ੍ਰਿਸ਼ਨ ਦੇਵ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਹੁਣ ਤਕ ਕਿਸਾਨ ਜਥੇਬੰਦੀਆਂ ਦੀਆਂ ਸੱਤ ਮੀਟਿੰਗਾਂ ਪੂਰੀ ਤਰਾਂ ਬੇਨਤੀਜਾ ਰਹੀਆਂ, ਜਿਸ ਦਾ ਮੂਲ ਕਾਰਨ ਕਿਸਾਨਾਂ ਦੇ ਹਿੱਤਾਂ ਨੂੰ ਲਗਾਤਾਰ ਅਣਦੇਖੀ ਕਰਨਾ ਹੈ ਅਤੇ ਵੱਡੀ ਗੱਲ ਇਹ ਨਿਕਲ ਕੇ ਸਾਹਮਣੇ ਆਈ ਕਿ ਕਿਸਾਨਾਂ ਨੂੰ ਅਜਿਹਾ ਲੱਗ ਹੀ ਨਹੀਂ ਰਿਹਾ ਕਿ ਸਰਕਾਰ ਉਨ੍ਹਾਂ ਦੇ ਹਿੱਤਾਂ ਲਈ ਕੁਝ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਐਨੀ ਬੇਭਰੋਸਗੀ ਅੱਜ ਤਕ ਕਿਸੇ ਵੀ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨਾਂ ਦੀ ਨਹੀਂ ਰਹੀ ਜਿੰਨੀ ਕਿ ਮੋਦੀ ਸਰਕਾਰ ਦੇ ਖ਼ਿਲਾਫ਼ ਬਣ ਗਈ ਹੈ। ਉਨਾਂ ਕਿਹਾ ਕਿ ਹੁਣ 8 ਜਨਵਰੀ ਨੂੰ ਹੋਣ ਵਾਲੀ ਅੱਠਵੇਂ ਦੌਰ ਦੀ ਗੱਲਬਾਤ ਵਿਚ ਬਿਨਾਂ ਹੋਰ ਸਮਾਂ ਗਵਾਏ ਕੇਂਦਰ ਸਰਕਾਰ ਤਿੰਨੋਂ ਖੇਤੀ ਸੁਧਾਰ ਬਿੱਲਾਂ ਨੂੰ ਰੱਦ ਕਰਨ ਦਾ ਐਲਾਨ ਕਰੇ ਤਾਂ ਕਿ ਕਿਸਾਨ ਆਪਣੇ ਘਰ ਵਾਪਸ ਪਹੁੰਚ ਕੇ ਆਪਣੇ ਕੰਮਕਾਰ ਕਰ ਸਕਣ। ਇਸ ਮੌਕੇ ਉਨਾਂ ਨਾਲ ਅਮਰਜੀਤ ਸਿੰਘ ਸਾਬਕਾ ਸਰਪੰਚ ਸਮੁੰਦੜਾ ਅਤੇ ਮਨਜੀਤ ਸਿੰਘ ਲਾਡੀ ਵੀ ਹਾਜ਼ਰ ਸਨ।


shivani attri

Content Editor

Related News