ਕਿਸਾਨੀ ਘੋਲ ਵਾਸਤੇ ਪਾਣੀ ਦੀਆਂ ਬੋਤਲਾਂ ਦਾ ਇਕ ਟਰੱਕ ਦਿੱਲੀ ਭੇਜਿਆ

01/18/2021 10:44:59 AM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲੈ ਕੇ ਚੱਲ ਰਹੇ ਕਿਸਾਨੀ ਘੋਲ ਵਿੱਚ ਹਰੇਕ ਵਿਅਕਤੀ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ,ਇਸੇ ਕੜੀ ਤਹਿਤ ਹੀ ਪਿੰਡ ਪਵੇਂ-ਝਿੰਗੜ ਦੇ ਸੇਵਾਦਾਰਾਂ ਵੱਲੋਂ ਕਿਸਾਨ ਅੰਦੋਲਨ ਵਾਸਤੇ  ਪਾਣੀ ਦੀਆਂ ਬੋਤਲਾਂ ਨਾਲ ਭਰਿਆ ਹੋਇਆ ਇਕ ਟਰੱਕ ਭੇਜਿਆ ਗਿਆ।

ਇਸ ਮੌਕੇ ਸਰਪੰਚ ਸਰਬਜੀਤ ਸਿੰਘ ਟੀਟੂ ਝਿੰਗੜ ਖੁਰਦ, ਸਰਪੰਚ ਦਲਜੀਤ ਸਿੰਘ ਪਵੇਂ, ਨੰਬਰਦਾਰ ਜਨਜੀਤ ਸਿੰਘ, ਨੰਬਰਦਾਰ ਕੇਵਲ ਸਿੰਘ, ਲੱਕੀ ਯੂ. ਐੱਸ. ਏ, ਅਮਰੀਕ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ, ਰਮਿੰਦਰ ਸਿੰਘ ਸੋਨਾ, ਮਨਪੀਤ ਸਿੰਘ, ਸੈਕਟਰੀ ਓਮ ਪ੍ਰਕਾਸ਼ ਅਤੇ ਹੋਰਨਾਂ ਪਿੰਡ ਵਾਸੀਆਂ ਦੱਸਿਆ ਕਿ ਪਰਵਾਸੀ ਭਾਰਤੀਆਂ ਅਤੇ ਹੋਰਨਾਂ ਸੇਵਾਦਾਰਾਂ ਵੱਲੋਂ ਕਿਸਾਨ ਅੰਦੋਲਨ ਵਾਸਤੇ ਇਹ ਸੇਵਾ ਭੇਜੀ ਗਈ ਹੈ।ਇਸ ਮੌਕੇ ਉਕਤ ਲੋਕਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਤੱਕ ਸਰਕਾਰ ਇਸ ਮਸਲੇ ਦਾ ਹੱਲ ਕੱਢਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। 

ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਇਸ ਮਸਲੇ ਨੂੰ ਹੱਲ ਕਰਨ ਅਤੇ ਪਿਛਲੇ ਲੰਬੇ ਸਮੇਂ ਤੋਂ ਆਪਣਾ ਘਰ-ਬਾਹਰ ਛੱਡ ਕੇ ਸੜਕਾਂ ਤੇ ਰੁਲ ਰਹੇ ਕਿਸਾਨਾਂ ਦੀ ਬਾਂਹ ਫੜਨ ਤਾਂ ਜੋ ਕਿਸਾਨ ਅਤੇ ਕਿਸਾਨੀ ਨੂੰ ਬਚਾਇਆ ਜਾ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਅਤੇ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਉਤੇ ਡਟੇ ਹੋਏ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
 

shivani attri

This news is Content Editor shivani attri