ਫ੍ਰੀ ਟੋਲ ਨੂੰ ਲੈ ਕੇ ਕਿਸਾਨ ਤੇ ਟੋਲ ਪਲਾਜ਼ਾ ਮੁਲਾਜ਼ਮ ਹੋਏ ਆਹਮੋ-ਸਾਹਮਣੇ, SHO ਨੇ ਕਰਵਾਇਆ ਮਸਲਾ ਹੱਲ

08/19/2022 9:45:15 PM

ਟਾਂਡਾ ਉੜਮੁੜ (ਪਰਮਜੀਤ ਮੋਮੀ) : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਪੈਂਦੇ ਚੌਲਾਂਗ ਟੋਲ ਪਲਾਜ਼ਾ 'ਤੇ ਅੱਜ ਉਸ ਸਮੇਂ ਇਕ ਵੱਡਾ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਫ੍ਰੀ ਟੋਲ ਨੂੰ ਲੈ ਕੇ ਗੁਰਦਾਸਪੁਰ ਦੀ ਇਕ ਕਿਸਾਨ ਜਥੇਬੰਦੀ ਨੇ ਟੋਲ ਪਲਾਜ਼ਾ 'ਤੇ ਧਰਨਾ ਲਾ ਦਿੱਤਾ। ਕਿਸਾਨ ਜਥੇਬੰਦੀ ਦੇ ਇਸ ਵਿਰੋਧ ਨੂੰ ਲੈ ਕੇ ਟੋਲ ਪਲਾਜ਼ਾ ਮੁਲਾਜ਼ਮ ਵੀ ਟੋਲ ਬੰਦ ਕਰਕੇ ਦੂਜੇ ਪਾਸੇ ਧਰਨੇ 'ਤੇ ਬੈਠ ਗਏ, ਜਿਸ ਕਾਰਨ ਰੋਡ 'ਤੇ ਵਾਹਨਾਂ ਦਾ ਜਾਮ ਲੱਗ ਗਿਆ। ਟੋਲ ਪਲਾਜ਼ਾ 'ਤੇ ਹੋਏ ਇਸ ਹੰਗਾਮੇ ਬਾਰੇ ਪਤਾ ਲੱਗਣ 'ਤੇ ਥਾਣਾ ਮੁਖੀ ਟਾਂਡਾ ਉਂਕਾਰ ਸਿੰਘ ਮੌਕੇ 'ਤੇ ਪਹੁੰਚੇ ਤੇ ਬੜੀ ਮੁਸ਼ਕਿਲ ਨਾਲ ਕਿਸਾਨ ਜਥੇਬੰਦੀ ਤੇ ਟੋਲ ਮੁਲਾਜ਼ਮਾਂ ਵਿਚਕਾਰ ਸਮਝੌਤਾ ਕਰਵਾਇਆ, ਜਿਸ ਤੋਂ ਬਾਅਦ ਟ੍ਰੈਫਿਕ ਜਾਮ ਖੁੱਲ੍ਹਿਆ।

ਖ਼ਬਰ ਇਹ ਵੀ : ਸਿਮਰਨਜੀਤ ਮਾਨ ਦਾ ਹੁਣ ਜਨੇਊ ਨੂੰ ਲੈ ਕੇ ਵੱਡਾ ਬਿਆਨ, ਉਥੇ PAU ਨੂੰ ਮਿਲਿਆ ਨਵਾਂ VC, ਪੜ੍ਹੋ TOP 10

ਜਾਣਕਾਰੀ ਅਨੁਸਾਰ ਬੀਤੇ ਬੁੱਧਵਾਰ ਮਾਝਾ ਕਿਸਾਨ ਸੰਯੁਕਤ ਮੋਰਚਾ ਕਿਸਾਨ ਜਥੇਬੰਦੀ ਦੇ ਮੈਂਬਰ ਦਲੀਪ ਸਿੰਘ, ਗੁਰਪ੍ਰੀਤ ਸਿੰਘ ਤੇ ਕਸ਼ਮੀਰ ਸਿੰਘ ਦੀ ਆਪਣੀ ਗੱਡੀ 'ਚ ਚੌਲਾਂਗ ਟੋਲ ਪਲਾਜ਼ਾ ਤੋਂ ਲੰਘਦੇ ਸਮੇਂ ਫ੍ਰੀ ਟੋਲ ਨੂੰ ਲੈ ਕੇ ਟੋਲ ਮੁਲਾਜ਼ਮਾਂ ਨਾਲ ਤਕਰਾਰ ਹੋ ਗਈ ਸੀ, ਜਿਸ ਤੋਂ ਖਫ਼ਾ ਉਕਤ ਕਿਸਾਨ ਜਥੇਬੰਦੀ ਦੇ ਮੈਂਬਰਾਂ ਨੇ ਟੋਲ ਦੀ ਪਰਚੀ ਕਟਵਾ ਲਈ ਤੇ ਆਪਣੇ ਪਿੰਡ ਨੂੰ ਗੁਰਦਾਸਪੁਰ ਵੱਲ ਚਲੇ ਗਏ ਤੇ ਅੱਜ ਸਵੇਰੇ ਮਾਝਾ ਕਿਸਾਨ ਸੰਯੁਕਤ ਮੋਰਚਾ ਕਿਸਾਨ ਜਥੇਬੰਦੀ ਦੇ ਆਗੂ ਦਲੀਪ ਸਿੰਘ, ਗੁਰਪ੍ਰੀਤ ਸਿੰਘ ਤੇ ਕਸ਼ਮੀਰ ਸਿੰਘ ਦੀ ਅਗਵਾਈ ਵਿੱਚ ਜਥੇਬੰਦੀ ਮੈਂਬਰ ਹਰਪਾਲ ਸਿੰਘ, ਰਛਪਾਲ ਸਿੰਘ, ਮਨੋਹਰ ਸਿੰਘ, ਸਤਨਾਮ ਸਿੰਘ, ਮਨਜੀਤ ਸਿੰਘ, ਸਲਵਿੰਦਰ ਸਿੰਘ, ਕੁਲਦੀਪ ਸਿੰਘ, ਰਾਮ ਕ੍ਰਿਸ਼ਨ, ਦਲਵੀਰ ਸਿੰਘ, ਗੁਰਨਾਮ ਸਿੰਘ, ਦਰਸ਼ਨ ਸਿੰਘ ਆਦਿ ਸਮੇਤ ਇਕੱਠੇ ਹੋ ਕੇ ਚੌਲਾਂਗ ਟੋਲ ਪਲਾਜ਼ਾ ਪਹੁੰਚੇ ਤੇ ਧਰਨਾ ਲਾ ਦਿੱਤਾ। ਕਿਸਾਨ ਜਥੇਬੰਦੀ ਦਾ ਧਰਨਾ ਵੇਖ ਟੋਲ ਮੁਲਾਜ਼ਮ ਵੀ ਟੋਲ ਪਲਾਜ਼ਾ ਦੇ ਦੂਜੇ ਪਾਸੇ ਬੈਠਣ ਕਾਰਨ ਰਾਸ਼ਟਰੀ ਮਾਰਗ 'ਤੇ ਟ੍ਰੈਫਿਕ ਜਾਮ ਲੱਗ ਗਿਆ। ਕਰੀਬ ਇਕ ਘੰਟਾ ਚੱਲੇ ਇਸ ਜਾਮ ਕਾਰਨ ਸੜਕ 'ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਕਿਸਾਨਾਂ ਤੇ ਟੋਲ ਮੁਲਾਜ਼ਮਾਂ ਵਿਚਕਾਰ ਹੋਏ ਹੰਗਾਮੇ ਦੀ ਸੂਚਨਾ ਮਿਲਣ 'ਤੇ ਐੱਸ.ਐੱਚ.ਓ. ਟਾਂਡਾ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਕਰਵਾਇਆ, ਜਿਸ ਤੋਂ ਬਾਅਦ ਦੋਵਾਂ ਧਿਰਾਂ ਨੇ ਧਰਨਾ ਚੁੱਕਿਆ ਤੇ ਟ੍ਰੈਫਿਕ ਜਾਮ ਖੁੱਲ੍ਹਿਆ।

PunjabKesari

ਇਹ ਵੀ ਪੜ੍ਹੋ : ਵਾਤਾਵਰਣ ਪ੍ਰੇਮੀ ਨੇ ਖਰੀਦੀ ਚਿੱਟੇ ਦੀ ਪੁੜੀ ਤੇ ਪਹੁੰਚ ਗਿਆ ਵਿਧਾਇਕ ਦੇ ਦਫ਼ਤਰ, ਕਹਿੰਦਾ ਹੁਣ ਕਰੋ ਕਾਰਵਾਈ

ਕੀ ਕਹਿੰਦੇ ਹਨ ਟੋਲ ਪਲਾਜ਼ਾ ਦੇ ਅਧਿਕਾਰੀ

ਜਦੋਂ ਇਸ ਸਬੰਧੀ ਟੋਲ ਪਲਾਜ਼ਾ ਦੇ ਅਧਿਕਾਰੀ ਮੰਜ਼ਰ ਮੁਬਾਰਕ ਅਲੀ ਤੇ ਮੈਨੇਜਰ ਹਰਮਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਕੰਪਨੀ ਕੋਈ ਵੀ ਵਾਹਨ ਨੂੰ ਫ੍ਰੀ ਲੰਘਾਉਣ ਦੀ ਇਜਾਜ਼ਤ ਨਹੀਂ ਦਿੰਦਾ ਪਰ ਅਕਸਰ ਕਿਸਾਨ ਜਥੇਬੰਦੀਆਂ ਦੇ ਮੈਂਬਰ ਮੁਫ਼ਤ 'ਚ ਹੀ ਵਾਹਨ ਲੰਘਾਉਂਦੇ ਹਨ, ਜਿਸ ਦਾ ਖਮਿਆਜ਼ਾ ਟੋਲ ਮੁਲਾਜ਼ਮਾਂ ਨੂੰ ਆਪਣੀ ਤਨਖਾਹ 'ਚੋਂ ਪੈਸੇ ਕਟਵਾ ਭੁਗਤਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਟੋਲ ਮੁਲਾਜ਼ਮ ਕਰੀਬ 10 ਹਜ਼ਾਰ ਰੁਪਏ ਤਨਖਾਹ 'ਤੇ ਕੰਮ ਕਰਦੇ ਹਨ, ਜੇਕਰ ਕਿਸਾਨ ਜਥੇਬੰਦੀਆਂ ਦੇ ਆਗੂ ਫ੍ਰੀ ਵਾਹਨ ਲੰਘਾਉਣ ਲਈ ਧੱਕਾ ਕਰਨਗੇ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਕੱਟਣਗੀਆਂ ਤੇ ਉਹ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਿਵੇਂ ਕਰਨਗੇ।

ਕੀ ਕਹਿੰਦੇ ਹਨ ਥਾਣਾ ਮੁਖੀ ਟਾਂਡਾ ਉਂਕਾਰ ਸਿੰਘ ਬਰਾੜ

ਇਸ ਸਬੰਧੀ ਥਾਣਾ ਮੁਖੀ ਟਾਂਡਾ ਉਂਕਾਰ ਸਿੰਘ ਬਰਾੜ ਨੇ ਕਿਹਾ ਕਿ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਪੈਂਦੇ ਚੌਲਾਂਗ ਟੋਲ ਪਲਾਜ਼ਾ 'ਤੇ ਅਕਸਰ ਲੋਕ ਫ੍ਰੀ ਵਾਹਨ ਲੰਘਾਉਣ ਲਈ ਝਗੜਾ ਕਰਦੇ ਹਨ ਪਰ ਟੋਲ ਮੁਲਾਜ਼ਮ ਵੀ ਹਾਈਵੇ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਫ੍ਰੀ ਵਾਹਨ ਨਹੀਂ ਲੰਘਾ ਸਕਦੇ। ਕਿਸਾਨ ਜਥੇਬੰਦੀ ਨੇ ਜੋ ਹੰਗਾਮਾ ਕੀਤਾ, ਉਹ ਬਿਲਕੁਲ ਗਲਤ ਸੀ। ਉਨ੍ਹਾਂ ਨੂੰ ਇਸ ਸਬੰਧੀ ਸਮਝਾਇਆ ਗਿਆ ਹੈ , ਜਿਸ ਤੋਂ ਬਾਅਦ ਉਨ੍ਹਾਂ ਧਰਨਾ ਚੁੱਕ ਲਿਆ ਤੇ ਟੋਲ ਮੁਲਾਜ਼ਮਾਂ ਨੇ ਟ੍ਰੈਫਿਕ ਬਹਾਲ ਕਰ ਦਿੱਤਾ।

ਇਹ ਵੀ ਪੜ੍ਹੋ : ਰਾਵੀ 'ਚ ਵਧਿਆ ਪਾਣੀ ਦਾ ਪੱਧਰ, ਅੱਕੇ ਲੋਕਾਂ ਨੇ ਕਿਹਾ- 'ਹੱਲ ਨਹੀਂ ਕਰ ਸਕਦੇ ਤਾਂ ਸਾਨੂੰ ਪਾਕਿਸਤਾਨ ਨਾਲ ਜੋੜ ਦਿਓ'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News