ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦੇ ਬਾਹਰ ਇਨਸਾਫ ਲਈ ਲਾਇਆ ਧਰਨਾ

12/16/2018 4:57:16 AM

ਸੁਲਤਾਨਪੁਰ ਲੋਧੀ,   (ਧੀਰ)-  ਸਥਾਨਕ ਮੁਹੱਲਾ ਸੱਥ ਰੰਗਡ਼ਾ ਨਿਵਾਸੀ ਦਰਸ਼ਨ ਸਿੰਘ  ਦੀ ਮੌਤ ਹੋ ਗਈ। ਉਕਤ ਵਿਅਕਤੀ ਦੀ ਹੋਈ ਮੌਤ  ਖਿਲਾਫ ਸਥਾਨਕ ਸਿਵਲ ਹਸਪਤਾਲ ਦੇ ਸਾਹਮਣੇ ਪਰਿਵਾਰਕ ਤੇ ਮਹੱਲਾ ਨਿਵਾਸੀਆਂ ਵਲੋਂ ਜਾਮ ਲਗਾ ਕੇ ਧਰਨਾ ਲਗਾਇਆ ਗਿਆ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ ’ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਕਿਸੇ ਅਗਿਆਤ ਵਿਅਕਤੀ ਨੇ ਦਰਸ਼ਨ ਸਿੰਘ (44)  ਨੂੰ ਘਰ ਤੋਂ ਬੁਲਾਇਆ ਕਿ ਤੁਹਾਡਾ ਕਿਸੇ ਨਾਲ ਜ਼ਮੀਨ ਦਾ ਝਗਡ਼ਾ ਹੈ ਤੇ ਉਨ੍ਹਾਂ ਨਾਲ ਰਾਜ਼ੀਨਾਮਾ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਜਦ ਅਸੀਂ 1 ਘੰਟੇ ਬਾਅਦ ਵੇਖਿਆ ਤਾਂ ਦਰਸ਼ਨ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੇ ਹਸਪਤਾਲ ਦਾਖਲ ਹੋਣ ਦਾ ਵੀਡੀਓ ਵੀ ਵਾਇਰਲ ਹੋਇਆ ਹੈ, ਜਿਸ ’ਚ ਉਸ ਨੇ ਆਪਣੇ ਆਖਰੀ ਗੱਲਬਾਤ ਵਿਚ ਸ਼ਹਿਰ ਦੇ ਕੁਝ ਵਿਅਕਤੀਆਂ ਦਾ ਨਾਂ ਲਿਆ ਹੈ, ਜਿਸ ’ਚ ਉਸ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੇ ਉਸ ਨੂੰ ਜ਼ਹਿਰ ਦਿੱਤਾ ਹੈ। ਦਰਸ਼ਨ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਮੁਹੱਲਾ ਵਾਸੀਅਾਂ ਨੇ ਸਿਵਲ ਹਸਪਤਾਲ ਦੇ ਬਾਹਰ ਰਸਤਾ ਜ਼ਾਮ ਕਰ ਦਿੱਤਾ ਤੇ ਨਾਅਰੇਬਾਜ਼ੀ ਕਰਦੇ ਹੋਏ ਦੋਸ਼ੀ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਕੇ ਇਨਸਾਫ ਦੀ ਮੰਗ ਕੀਤੀ। ਇਸ ਮੌਕੇ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਵਿਅਕਤੀ ਦੇ ਭਰਾ ਰਮੇਸ਼ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 306, 34 ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਤਫਤੀਸ਼ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰ ਕੇ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ। ਕਾਰਵਾਈ ਹੋਣ ਉਪਰੰਤ ਧਰਨਾ ਖਤਮ ਕਰ ਦਿੱਤਾ ਗਿਆ।