ਜ਼ਬਰਦਸਤੀ ਜ਼ਹਿਰੀਲੀ ਦਵਾਈ ਪਿਆਉਣ ਦੇ ਦੋਸ਼ ''ਚ ਸਹੁਰਾ ਪਰਿਵਾਰ ਨਾਮਜ਼ਦ

10/15/2019 2:29:56 PM

ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਮਾਹਿਲਪੁਰ ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਜ਼ਬਰਦਸਤੀ ਜ਼ਹਿਰੀਲੀ ਦਵਾਈ ਪਿਆਉਣ ਦੇ ਦੋਸ਼ 'ਚ ਸਹੁਰੇ ਪਰਿਵਾਰ ਨੂੰ ਨਾਮਜ਼ਦ ਕੀਤਾ ਹੈ। ਦੂਜੇ ਪਾਸੇ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਵਿਚਕਾਰ ਸੰਘਰਸ਼ ਕਰ ਰਹੀ ਵਿਆਹੁਤਾ ਪੂਨਮ ਰੱਤੂ ਦੇ ਭਰਾ ਗਗਨਦੀਪ ਨਿਵਾਸੀ ਲੁਧਿਆਣਾ ਨੇ ਦੱਸਿਆ ਕਿ ਪੂਨਮ ਦਾ ਵਿਆਹ ਕਰੀਬ 15 ਸਾਲ ਪਹਿਲਾਂ ਮਾਹਿਲਪੁਰ ਦੇ ਪਿੰਡ ਹਕੂਮਤਪੁਰ ਦੇ ਰਹਿਣ ਵਾਲੇ ਸੁਖਪਾਲ ਵੀਰ ਨਾਲ ਹੋਇਆ ਸੀ। ਬੀਤੇ ਦਿਨ ਸਮੇਂ ਘਰੇਲੂ ਵਿਵਾਦ ਦੌਰਾਨ ਸਹੁਰੇ ਪਰਿਵਾਰ ਨੇ ਪੂਨਮ ਦੇ ਮੂੰਹ 'ਚ ਜ਼ਬਰਦਸਤੀ ਕੋਈ ਜ਼ਹਿਰੀਲੀ ਚੀਜ਼ ਪਾ ਦਿੱਤੀ, ਜਿਸ ਕਾਰਨ ਉਸ ਦੀ ਹਾਲਤ ਵਿਗੜਨ ਲੱਗੀ। ਉਸ ਨੂੰ ਤੁਰੰਤ ਪਹਿਲਾਂ ਮਾਹਿਲਪੁਰ ਅਤੇ ਬਾਅਦ 'ਚ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਦੁਪਹਿਰ ਸਮੇਂ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਜਦੋਂ ਇਸ ਸਬੰਧੀ ਥਾਣਾ ਮਾਹਿਲਪੁਰ 'ਚ ਤਾਇਨਾਤ ਐੱਸ. ਐੱਚ. ਓ. ਇੰਸਪੈਕਟਰ ਇਕਬਾਲ ਸਿੰਘ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਨਿੱਜੀ ਹਸਪਤਾਲ 'ਚ ਇਲਾਜ ਅਧੀਨ ਪੀੜਤਾ ਅਤੇ ਉਸ ਦੇ ਪਰਿਵਾਰ ਦੇ ਬਿਆਨ 'ਤੇ ਸਹੁਰੇ ਪਰਿਵਾਰ ਹਰਪਾਲ, ਅਮਰਜੀਤ ਕੌਰ ਅਤੇ ਜੋਗਿੰਦਰ ਕੌਰ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

shivani attri

This news is Content Editor shivani attri