ਇਹ ਸ਼ਖਸ ਕੁਝ ਇਸ ਤਰ੍ਹਾਂ ਵੇਚਦਾ ਸੀ ਨਕਲੀ ਦੇਸੀ ਘਿਓ, ਚੜ੍ਹਿਆ ਪੁਲਸ ਅੜਿੱਕੇ

11/21/2019 2:21:36 PM

ਜਲੰਧਰ (ਸ਼ੋਰੀ)— ਇਕ ਕੰਪਨੀ ਦੇ ਘਿਓ ਦਾ ਮਾਰਕਾ ਲਾ ਕੇ ਨਕਲੀ ਦੇਸੀ ਘਿਓ ਵੇਚਣ ਵਾਲੇ ਨੂੰ ਸੀ. ਆਈ. ਏ. ਦਿਹਾਤੀ ਦੀ ਪੁਲਸ ਨੇ ਕਾਬੂ ਕੀਤਾ ਹੈ। ਪੁਲਸ ਨੇ ਉਸ ਕੋਲੋਂ ਨਕਲੀ ਘਿਓ ਦੇ 36 ਪੈਕੇਟ ਬਰਾਮਦ ਕੀਤੇ ਹਨ, ਜਿਸ ਦੇ ਸੈਂਪਲ ਸਿਹਤ ਵਿਭਾਗ ਦੇ ਅਧਿਕਾਰੀ ਡਾ. ਨਾਂਗਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਲਏ ਗਏ ਹਨ। ਸੀ. ਆਈ. ਏ. ਦਿਹਾਤੀ ਦੇ ਇੰਚਾਰਜ ਸ਼ਿਵ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਸੋਹਣ ਸਿੰਘ ਨੂੰ ਸੂਚਨਾ ਮਿਲੀ ਕਿ ਨੂਰਪੁਰ ਅੱਡੇ ਕੋਲ ਇਕ ਵਿਅਕਤੀ ਇਕ ਮਸ਼ਹੂਰ ਕੰਪਨੀ ਦਾ ਮਾਰਕਾ ਲਾ ਕੇ ਨਕਲੀ ਦੇਸੀ ਘਿਓ ਦੁਕਾਨਦਾਰਾਂ ਨੂੰ ਵੇਚ ਰਿਹਾ ਹੈ ਤੇ ਮੋਟੀ ਕਮਾਈ ਕਰ ਰਿਹਾ ਹੈ। ਪੁਲਸ ਨੇ ਤੁਰੰਤ ਵਿਅਕਤੀ ਨੂੰ ਕਾਬੂ ਕਰ ਉਸ ਕੋਲੋਂ 36 ਪੈਕੇਟ ਨਕਲੀ ਦੇਸੀ ਘਿਓ ਦੇ ਬਰਾਮਦ ਕੀਤੇ। ਇਹ ਸਾਰੇ ਪੈਕੇਟ 500-500 ਗ੍ਰਾਮ ਦੇ ਦੱਸੇ ਜਾ ਰਹੇ ਹਨ। ਮੁਲਜ਼ਮ ਦੀ ਪਛਾਣ ਪ੍ਰਿੰਸ ਅਰੋੜਾ ਪੁੱਤਰ ਪ੍ਰਦੀਪ ਕੁਮਾਰ ਵਾਸੀ ਨਿਊ ਹਰਬੰਸ ਨਗਰ ਥਾਣਾ ਬਸਤੀ ਬਾਵਾ ਖੇਲ ਦੇ ਤੌਰ 'ਤੇ ਹੋਈ ਹੈ। ਮੁਲਜ਼ਮ ਖਿਲਾਫ ਪਹਿਲਾਂ ਵੀ ਨਕਲੀ ਘਿਓ ਵੇਚਣ ਦੇ ਸਬੰਧ ਵਿਚ ਥਾਣਾ ਬਸਤੀ ਬਾਵਾ ਖੇਲ 'ਚ ਕੇਸ ਦਰਜ ਕੀਤਾ ਗਿਆ ਸੀ।

ਪੁੱਛਗਿੱਛ 'ਚ ਉਸ ਨੇ ਮੰਨਿਆ ਕਿ ਉਹ ਨਕਲੀ ਘਿਓ ਬਣਾਉਣ ਦੇ ਕੇਸ 'ਚ ਜੇਲ ਜਾ ਚੁੱਕਾ ਹੈ। ਹੁਣ ਖੁਦ ਨਕਲੀ ਘਿਓ ਬਣਾਉਣ ਦੀ ਬਜਾਏ ਬਾਹਰ ਤੋਂ ਖਰੀਦ ਕੇ ਦਿਹਾਤੀ ਏਰੀਆ 'ਚ 50 ਰੁਪਏ ਮੁਨਾਫਆ ਲੈ ਕੇ ਵੇਚ ਦਿੰਦਾ ਹੈ। ਪ੍ਰਿੰਸ ਨੂੰ ਰਿਮਾਂਡ 'ਤੇ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂਕਿ ਉਸ ਦੇ ਨੈੱਟਵਰਕ ਨੂੰ ਬ੍ਰੇਕ ਕੀਤਾ ਜਾਵੇ।


shivani attri

Content Editor

Related News