ਨਕਲੀ ਏ.ਟੀ.ਐੱਮ. ਰਾਹੀਂ ਲੋਕਾਂ ਦੇ ਖਾਤਿਆਂ ’ਚੋਂ ਪੈਸੇ ਕਢਵਾਉਣ ਵਾਲੇ ਗਿਰੋਹ ਦਾ ਮੈਂਬਰ ਕਾਬੂ

05/03/2020 12:30:24 AM

ਘਨੌਲੀ, (ਸ਼ਰਮਾ)- ਘਨੌਲੀ ਪੁਲਸ ਵੱਲੋਂ ਨਕਲੀ ਏ.ਟੀ.ਐੱਮ. ਰਾਹੀਂ ਲੋਕਾਂ ਦੇ ਖਾਤਿਆਂ ’ਚੋਂ ਪੈਸੇ ਕਢਵਾਉਣ ਵਾਲੇ ਗਿਰੋਹ ਦਾ ਇਕ ਮੈਂਬਰ ਕਾਬੂ ਕਰ ਲਿਆ ਗਿਆ ਹੈ। ਸਦਰ ਥਾਣਾ ਰੂਪਨਗਰ ਦੇ ਐੱਸ.ਐੱਚ.ਓ. ਤਿਲਕ ਰਾਜ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਖਰਡ਼ ਦੇ ਖਾਤਾ ਧਾਰਕ ਦਰਸ਼ਣ ਸਿੰਘ ਦੇ ਖਾਤੇ ’ਚੋਂ ਜਦੋਂ ਉਸਦੀ ਜਾਣਕਾਰੀ ਤੋਂ ਬਿਨਾਂ ਪੈਸਿਆਂ ਦੀ ਨਿਕਾਸੀ ਹੋਈ ਤਾਂ ਉਸਨੇ ਇਸਦੀ ਸੂਚਨਾ ਹੈੱਡ ਆਫਿਸ ਨੂੰ ਦਿੱਤੀ। ਹੈੱਡ ਆਫਿਸ ਵੱਲੋਂ ਜਦੋਂ ਉਕਤ ਖਾਤਾ ਧਾਰਕ ਦੇ ਪੈਸਿਆਂ ਦੀ ਨਿਕਾਸੀ ਦੀ ਡਿਟੇਲ ਕਢਵਾਈ ਤਾਂ ਪੈਸਿਆਂ ਦੀ ਨਿਕਾਸੀ ਦੀ ਲੋਕੇਸ਼ਨ ਪੰਜਾਬ ਐਂਡ ਸਿੰਧ ਬਂੈਕ ਘਨੌਲੀ ਦੇ ਏ.ਟੀ.ਐੱਮ. ਦੀ ਆਈ। ਬੈਂਕ ਮੈਨੇਜਰ ਵੱਲੋਂ ਉਕਤ ਨਿਕਾਸੀ ਦੀ ਦਿੱਤੀ ਦਰਖਾਸਤ ਅਤੇ ਸੀ. ਸੀ. ਟੀ. ਵੀ. ਫੁਟੇਜ਼ ਦੇ ਅਾਧਾਰ ’ਤੇ ਪਰਚਾ ਦਰਜ ਕਰਕੇ ਉਕਤ ਪੈਸੇ ਕਢਵਾਉਣ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ।

ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ਼ ਤੋਂ ਦੇ ਅਾਧਾਰ ’ਤੇ ਉਕਤ ਪੈਸੇ ਕਢਵਾਉਣ ਵਾਲੇ ਨੌਸਰਬਾਜ਼ ਨੂੰ ਪੁਲਸ ਚੌਕੀ ਘਨੌਲੀ ਦੇ ਇੰਚਾਰਜ ਜਸਮੇਰ ਸਿੰਘ ਦੀ ਟੀਮ ਨੇ ਅਨਾਜ ਮੰਡੀ ਘਨੌਲੀ ਨੇਡ਼ੇ ਕਾਰ ਸਮੇਤ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦੀ ਪਛਾਣ ਸੰਦੀਪ ਕੁਮਾਰ ਸ਼ਰਮਾ ਪੁੱਤਰ ਭਰਤ ਭੂਸ਼ਣ ਸ਼ਰਮਾ ਵਾਸੀ ਸਿਰਸਾ ਹਰਿਆਣਾ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਦੋਸ਼ੀ ਵਿਰੁੱਧ ਪਰਚਾ ਦਰਜ ਕਰਕੇ ਅੱਜ ਰੂਪਨਗਰ ਅਦਾਲਤ ’ਚ ਪੇਸ਼ ਕੀਤਾ ਗਿਆ । ਮਾਣਯੋਗ ਅਦਾਲਤ ਨੇ ਉਕਤ ਕਥਿਤ ਦੋਸ਼ੀ ਨੂੰ ਇਕ ਦਿਨ ਦੀ ਪੁਲਸ ਰਿਮਾਂਡ ’ਤੇ ਭੇਜ ਦਿੱਤਾ ।

ਵੱਖ-ਵੱਖ ਬੈਂਕਾਂ ਦੇ 9 ਹੋਰ ਏ.ਟੀ.ਐੱਮ. ਕਾਰਡ ਵੀ ਹੋਏ ਬਰਾਮਦ

ਐੱਸ.ਐੱਚ.ਓ. ਤਿਲਕ ਰਾਜ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਨੇ ਸ਼ੁਰੂਅਾਤੀ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਹ ਉਕਤ ਬੈਂਕ ਦੇ ਏ.ਟੀ.ਐੱਮ. ’ਚੋਂ ਹੁਣ ਤੱਕ ਵੱਖ-ਵੱਖ ਕਾਰਡਾਂ ਰਾਹੀਂ 1 ਲੱਖ 53 ਹਜ਼ਾਰ ਰੁਪਏ ਕੱਢਵਾ ਚੁੱਕਾ ਹੈ । ਜਦੋਂ ਉਸਦੀ ਜੇਬ ’ਚੋਂ ਨਿਕਲੇ ਵੱਖ-ਵੱਖ ਬੈਂਕਾਂ ਦੇ 9 ਹੋਰ ਏ.ਟੀ.ਐੱਮ. ਕਾਰਡਾਂ ਸਬੰਧੀ ਪੁੱਛਿਆ ਤਾਂ ਉਕਤ ਨੌਸਰਬਾਜ਼ ਨੇ ਦੱਸਿਆ ਕਿ ਉਸਨੇ ਮੋਬਾਇਲ ’ਤੇ ਇਕ ਐਪ ਡਾਊਨਲੋਡ ਕੀਤੀ ਹੈ ਅਤੇ ਇਸ ਐਪ ’ਚ ਹੈਕਰ ਆਪਣਾ ਫੋਨ ਨੰਬਰ ਦਿੰਦੇ ਹਨ ਅਤੇ ਫੋਨ ਕਰਕੇ ਦਿੱਲੀ ਬੁਲਾਉਂਦੇ ਹਨ ਅਤੇ ਉੱਥੇ 7 ਹਜ਼ਾਰ ਰੁਪਏ ਪ੍ਰਤੀ ਕਾਰਡ ਲੈ ਕੇ ਉਸਦਾ ਪਿੰਨ ਨੰਬਰ ਵੀ ਨਾਲ ਹੀ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਉਕਤ ਨੌਸਰਬਾਜ਼ ਵੱਲੋਂ ਕੱਲ ਉਕਤ ਬੈਂਕ ਦੇ ਏ.ਟੀ.ਐਮ. ’ਚੋਂ ਕਢਵਾਏ ਗਏ 12 ਹਜ਼ਾਰ 9 00 ਰੁਪਏ ਵੀ ਬਰਾਮਦ ਕਰ ਲਏ ਹਨ ਅਤੇ ਉਕਤ ਗਿਰੋਹ ਦੇ ਬਾਕੀ ਮੈਂਬਰਾਂ ਸਬੰਧੀ ਪਡ਼ਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੋ ਏ.ਟੀ.ਐੱਮ. ਕਾਰਡ ਉਸ ਕੋਲੋ ਬਰਾਮਦ ਹੋਏ ਹਨ ਉਨ੍ਹਾਂ ਦੇ ਸਬੰਧਤ ਬੈਂਕਾਂ ਤੋਂ ਸੂਚਨਾ ਮੰਗੀ ਗਈ ਹੈ, ਤਾਂ ਜੋ ਪਤਾ ਚੱਲ ਸਕੇ ਉਕਤ ਕਥਿਤ ਦੋਸ਼ੀ ਵੱਲੋਂ ਹੋਰ ਕਿੰਨੇ ਪੈਸੇ ਕਢਵਾਏ ਗਏ ਹਨ। ਇਸ ਮੌਕੇ ਏ.ਐੱਸ.ਆਈ. ਕਮਲ ਕਿਸ਼ੋਰ.ਅਤੇ ਏ.ਐੱਸ.ਆਈ ਨਰੇਸ਼ ਕੁਮਾਰ ਵੀ ਹਾਜ਼ਰ ਸਨ।


Bharat Thapa

Content Editor

Related News