ਆਬਕਾਰੀ ਵਿਭਾਗ ਦੀ ਟੀਮ ਵੱਲੋਂ 1.05 ਲੱਖ ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ

06/08/2019 12:31:24 AM

ਗਡ਼੍ਹਦੀਵਾਲਾ, (ਜਤਿੰਦਰ)- ਆਬਕਾਰੀ ਵਿਭਾਗ ਹੁਸ਼ਿਆਰਪੁਰ ਦੀ ਟੀਮ ਵੱਲੋਂ ਥਾਣਾ ਗਡ਼੍ਹਦੀਵਾਲਾ ਅਧੀਨ ਪੈਂਦੇ ਪਿੰਡ ਖੁਰਦਾਂ ਦੇ ਇਕ ਵਿਅਕਤੀ ਨੂੰ ਪਲਾਸਟਿਕ ਦੇ 4 ਕੈਨਾਂ ਵਿਚੋਂ 1 ਲੱਖ 05 ਹਜ਼ਾਰ ਐੱਮ. ਐੱਲ. ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਗੁਰਦੇਵ ਸਿੰਘ, ਹੌਲਦਾਰ ਸੁਰਿੰਦਰ ਸਿੰਘ, ਕਾਂਸਟੇਬਲ ਸੰਜੀਵ ਕੁਮਾਰ, ਕਾਂਸਟੇਬਲ ਬਲਵਿੰਦਰ ਸਿੰਘ ਅਤੇ ਸੰਦੀਪ ਕੁਮਾਰ ਸਮੇਤ ਮਹਿੰਦਰ ਸਿੰਘ ਆਬਕਾਰੀ ਨਿਰੀਖਣ ਸਰਕਲ ਹਰਿਆਣਾ ਅੱਡਾ ਦੋਸਡ਼ਕਾ ਵਿਖੇ ਮੌਜੂਦ ਸਨ, ਤਾਂ ਕਿਸੇ ਮੁਖਬਰ ਨੇ ਉਕਤ ਪਾਰਟੀ ਨੂੰ ਇਤਲਾਹ ਦਿੱਤੀ ਕਿ ਸੁਖਰਾਜ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਖੁਰਦਾਂ ਮੇਨ ਰੋਡ ’ਤੇ ਗੰਨਿਆਂ ਦੇ ਵੇਲਣੇ ’ਤੇ ਨਾਜਾਇਜ਼ ਸ਼ਰਾਬ ਕਸ਼ੀਦ ਕਰ ਕੇ ਵੇਚਣ ਦਾ ਧੰਦਾ ਕਰਦਾ ਹੈ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ ਹੁਸ਼ਿਆਰਪੁਰ ਦੀ ਟੀਮ ਨੇ ਉਕਤ ਸਥਾਨ ’ਤੇ ਛਾਪਾ ਮਾਰਿਆ ਤਾਂ ਸਫੈਦੇ ਦੇ ਦਰੱਖਤਾਂ ਵਿਚਕਾਰ ਇਕ ਨੌਜਵਾਨ ਪਲਾਸਟਿਕ ਦੇ ਕੈਨਾਂ ਨੂੰ ਘਾਹ-ਫੂਸ ਨਾਲ ਭੰਗ ਦੇ ਬੂਟਿਆਂ ਵਿਚ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਸ ਪਾਰਟੀ ਨੂੰ ਦੇਖ ਕੇ ਉਕਤ ਨੌਜਵਾਨ ਨੇ ਮੌਕੇ ਤੋਂ ਖਿਸਕਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਕਾਬੂ ਕਰ ਕੇ ਉਸ ਦੀ ਪਛਾਣ ਪੁੱਛੀ ਗਈ ਤਾਂ ਉਸ ਨੇ ਆਪਣਾ ਨਾਂ ਸੁਖਰਾਜ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਪਿੰਡ ਖੁਰਦਾਂ ਦੱਸਿਆ। ਆਬਕਾਰੀ ਵਿਭਾਗ ਦੀ ਟੀਮ ਨੇ ਉਸ ਕੋਲੋਂ ਬਰਾਮਦ 4 ਕੈਨਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਵਿਚੋਂ ਕੁੱਲ 1 ਲੱਖ 5 ਹਜ਼ਾਰ ਐੱਮ. ਐੱਲ. ਨਾਜਾਇਜ਼ ਸ਼ਰਾਬ ਮਿਲੀ। ਗਡ਼੍ਹਦੀਵਾਲਾ ਪੁਲਸ ਨੇ ਉਸ ਖਿਲਾਫ਼ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa