ਪੁਲਸ ਤੇ ਆਬਕਾਰੀ ਵਿਭਾਗ ਸਮੱਗਲਰਾਂ ''ਤੇ ਨਕੇਲ ਕੱਸਣ ''ਚ ਫੇਲ

02/16/2020 6:35:37 PM

ਜਲੰਧਰ (ਬੁਲੰਦ)— ਪੰਜਾਬ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਦੇ ਦਾਅਵਿਆਂ ਨੂੰ ਜਲੰੰਧਰ ਨਾਰਥ ਹਲਕੇ 'ਚ ਮਜ਼ਾਕ ਦੇ ਤੌਰ 'ਤੇ ਲਿਆ ਜਾ ਰਿਹਾ ਹੈ। ਜਲੰਧਰ ਨਾਰਥ ਹਲਕੇ 'ਚ ਨਾਜਾਇਜ਼ ਸ਼ਰਾਬ ਸਮੱਗਲਰਾਂ ਦੀ ਨਾ ਸਿਰਫ ਗਿਣਤੀ ਹੀ ਵਧੀ ਹੈ, ਸਗੋਂ ਇਸ ਹਲਕੇ 'ਚ ਸ਼ਰਾਬ ਸਮੱਗਲਰਾਂ ਨੇ ਹੁਣ ਨਾਜਾਇਜ਼ ਸ਼ਰਾਬ ਕੰਮ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਨਾਜਾਇਜ਼ ਸ਼ਰਾਬ ਦੇ ਬ੍ਰਾਂਡ ਗਾਹਕਾਂ ਨੂੰ ਭੇਜੇ ਜਾਂਦੇ ਹਨ, ਜਿਸ ਤੋਂ ਬਾਅਦ ਗਾਹਕ ਉਕਤ ਬ੍ਰਾਂਡ ਦੀ ਸਿਲੈਕਸ਼ਨ ਕਰਦਾ ਹੈ ਅਤੇ ਉਸ ਦੇ ਘਰ, ਦੁਕਾਨ ਜਾਂ ਜਿੱਥੇ ਗਾਹਕ ਮੰਗਵਾਏ ਉਥੇ ਸ਼ਰਾਬ ਪਹੁੰਚਾਈ ਜਾ ਰਹੀ ਹੈ।

ਇਸ ਲਈ ਵੱਡੇ ਸਮੱਗਲਰਾਂ ਨੇ ਗਰੀਬ ਤੇ ਆਮ ਪਰਿਵਾਰਾਂ ਦੇ ਉਨ੍ਹਾਂ ਨੌਜਵਾਨਾਂ ਨੂੰ ਆਪਣੇ ਨਾਲ ਸ਼ਾਮਲ ਕੀਤਾ ਹੈ, ਜੋ ਜਲਦੀ ਪੈਸਾ ਕਮਾਉਣ ਦੀ ਲਾਲਸਾ ਦਾ ਸ਼ਿਕਾਰ ਹੋ ਜਾਂਦੇ ਹਨ। ਪੁਲਸ ਅਤੇ ਆਬਕਾਰੀ ਵਿਭਾਗ ਅਜਿਹੇ ਸਮੱਗਲਰਾਂ 'ਤੇ ਨਕੇਲ ਕੱਸਣ 'ਚ ਫੇਲ ਨਜ਼ਰ ਆ ਰਿਹਾ ਹੈ, ਜੋ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ 'ਚ ਧੱਕ ਰਹੇ ਹਨ। ਕਈ ਵੱਡੇ ਸ਼ਰਾਬ ਸਮੱਗਲਰਾਂ ਵੱਲੋਂ ਕੂੜਾ ਚੁੱਕਣ ਵਾਲਿਆਂ ਦੇ ਬੋਰਿਆਂ 'ਚ, ਬੱਚਿਆਂ ਦੇ ਸਕੂਲ ਬੈਗਾਂ 'ਚ, ਨੌਜਵਾਨਾਂ ਦੀਆਂ ਐਕਟਿਵਾ, ਸਕੂਟਰਾਂ ਦੀਆਂ ਡਿੱਗੀਆਂ 'ਚ ਸ਼ਰਾਬ ਸਪਲਾਈ ਕਰਵਾਈ ਜਾ ਰਹੀ ਹੈ। ਇਸ ਨਾਲ ਸ਼ਹਿਰ ਦੇ ਨੌਜਵਾਨਾਂ ਦਾ ਹੀ ਨਹੀਂ ਸਗੋਂ ਉਨ੍ਹਾਂ ਦੇ ਪਰਿਵਾਰਾਂ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ ਤੇ ਸਰਕਾਰ ਦੇ ਨਸ਼ਾ ਮੁਕਤੀ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ।

ਮੱਧ ਵਰਗੀ ਪਰਿਵਾਰਾਂ ਦੇ ਨੌਜਵਾਨ ਬਣ ਰਹੇ ਸ਼ਰਾਬ ਸਮੱਗਲਰ
ਜਾਣਕਾਰੀ ਦਿੰਦੇ ਨਾਰਥ ਹਲਕੇ ਦੇ ਕੁਝ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਮਾਈ ਹੀਰਾਂ ਗੇਟ, ਕਿਲਾ ਮੁਹੱਲਾ, ਸੰਤੋਖਪੁਰਾ, ਢੰਨ ਮੁਹੱਲਾ, ਮਹਿੰਦਰੂ ਮੁਹੱਲਾ, ਲਕਸ਼ਮੀਪੁਰਾ, ਅਮਨ ਨਗਰ, ਕਾਜ਼ੀ ਮੰਡੀ, ਮੋਦੀਆਂ ਮੁਹੱਲਾ, ਸਹਿਗਲਾਂ ਮੁਹੱਲਾ, ਖਿੰਗਰਾਂ ਗੇਟ, ਨੀਲਾ ਮਹਿਲ ਸਣੇ ਕਈ ਇਲਾਕਿਆਂ 'ਚ ਅਨੇਕਾਂ ਨੌਜਵਾਨ ਜੋ ਅਜੇ 20 ਤੋਂ 25 ਸਾਲ ਦੀ ਉਮਰ ਦੇ ਹਨ, ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਦੇ ਕੰਮ 'ਚ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਡਰ ਹੈ ਕਿ ਅੱਜ ਉਨ੍ਹਾਂ ਦੇ ਬੱਚੇ ਸ਼ਰਾਬ ਸਮੱਗਲਿੰਗ 'ਚ ਲੱਗੇ ਹਨ, ਕੱਲ ਨੂੰ ਇਹ ਹੋਰ ਨਸ਼ਿਆਂ ਦੀ ਸਮੱਗਲਿੰਗ ਕਰਨ ਲੱਗ ਪੈਣਗੇ। ਲੋਕਾਂ ਨੇ ਪੰਜਾਬ ਦੇ ਸੀ. ਐੱਮ. ਕੋਲੋਂ ਮੰਗ ਕੀਤੀ ਕਿ ਜਲੰਧਰ ਹੀ ਨਹੀਂ, ਪੰਜਾਬ 'ਚ ਹੋ ਰਹੀ ਸ਼ਰਾਬ ਸਮੱਗਲਿੰਗ 'ਤੇ ਨਕੇਲ ਕੱਸੀ ਜਾਵੇ।

ਸਪੈਸ਼ਲ ਟੀਮ ਗਠਿਤ ਕਰ ਕੇ ਹੋਵੇਗਾ ਐਕਸ਼ਨ : ਡੀ. ਸੀ. ਪੀ. ਗੁਰਮੀਤ ਸਿੰਘ
ਡੀ. ਸੀ. ਪੀ. ਗੁਰਮੀਤ ਿਸੰਘ ਦਾ ਕਹਿਣਾ ਹੈ ਕਿ ਸ਼ਰਾਬ ਸਮੱਗਲਿੰਗ ਨੂੰ ਰੋਕਣ ਲਈ ਪੰਜਾਬ ਸਰਕਾਰ ਸਖਤ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦੇ ਨਾਰਥ ਹਲਕੇ 'ਚ ਕਿਹੜੇ-ਕਿਹੜੇ ਸ਼ਰਾਬ ਸਮੱਗਲਰ ਐਕਟਿਵ ਹਨ ਅਤੇ ਕਿਹੜੇ-ਕਿਹੜੇ ਨੌਜਵਾਨ ਸ਼ਰਾਬ ਸਮੱਗਲਿੰਗ 'ਚ ਸ਼ਾਮਲ ਹਨ ਉਨ੍ਹਾਂ 'ਤੇ ਐਕਸ਼ਨ ਲਈ ਇਕ ਟੀਮ ਗਠਿਤ ਕੀਤੀ ਜਾਵੇਗੀ ਤਾਂ ਜੋ ਸ਼ਰਾਬ ਸਮੱਗਲਿੰਗ 'ਤੇ ਨਕੇਲ ਕੱਸੀ ਜਾ ਸਕੇ।


shivani attri

Content Editor

Related News