ਐਨਫੋਰਸਮੈਂਟ-ਡਿਸਟਰੀਬਿਊਸ਼ਨ ਵਿੰਗ ਨੇ ਚੋਰੀ ਦੇ 144 ਕੇਸਾਂ ’ਚ ਠੋਕਿਆ 91.97 ਲੱਖ ‘ਜੁਰਮਾਨਾ’

06/12/2022 1:34:13 PM

ਜਲੰਧਰ (ਪੁਨੀਤ): ਭਿਆਨਕ ਗਰਮੀ ਤੋਂ ਬਚਣ ਲਈ ਏ. ਸੀ. ਚਲਾਉਣਾ ਜ਼ਰੂਰੀ ਹੋ ਚੁੱਕਾ ਹੈ, ਜਿਸ ਨਾਲ ਬਿਜਲੀ ਦੀ ਮੰਗ ਵਿਚ ਵਾਧਾ ਹੋ ਰਿਹਾ ਹੈ। ਏ. ਸੀ. ਦੀ ਵਰਤੋਂ ਵਧਣ ਨਾਲ ਬਿਜਲੀ ਬਿੱਲ ਵਧਣਾ ਤੈਅ ਹੈ। ਤੇਜ਼ੀ ਨਾਲ ਵਧ ਰਹੇ ਬਿੱਲ ਨੂੰ ਰੋਕਣ ਲਈ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਜੁਗਾੜ ਅਪਣਾਏ ਜਾ ਰਹੇ ਹਨ ਅਤੇ ਬਿਜਲੀ ਚੋਰੀ ਕਰ ਕੇ ਏ. ਸੀ. ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਨਾਲ ਬਿਜਲੀ ਦੀ ਅੰਨ੍ਹੇਵਾਹ ਖ਼ਪਤ ਹੋ ਰਹੀ ਹੈ, ਜਿਸ ਨੂੰ ਲੈ ਕੇ ਵਿਭਾਗ ਫਿਕਰਮੰਦ ਹੈ ਅਤੇ ਬਿਜਲੀ ਚੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਸਬੰਧੀ ਹੈੱਡ ਆਫ਼ਿਸ ਪਟਿਆਲਾ ਸਬੰਧੀ ਸਖ਼ਤ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਤਹਿਤ ਪਾਵਰਕਾਮ ਦੇ ਐਨਫੋਰਸਮੈਂਟ ਅਤੇ ਡਿਸਟਰੀਬਿਊਸ਼ਨ ਵਿੰਗ ਵੱਲੋਂ ਆਪਣੇ-ਆਪਣੇ ਪੱਧਰ ’ਤੇ ਮੁਹਿੰਮ ਚਲਾ ਕੇ ਬਿਜਲੀ ਚੋਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਬਿਜਲੀ ਦੀ ਖਪਤ ’ਤੇ ਕੰਟਰੋਲ ਕੀਤਾ ਜਾ ਸਕੇ। ਇਸੇ ਲੜੀ ਵਿਚ ਉਕਤ ਦੋਵਾਂ ਵਿੰਗਾਂ ਵੱਲੋਂ ਨਾਰਥ ਜ਼ੋਨ ਵਿਚ ਕੀਤੀ ਗਈ ਕਾਰਵਾਈ ਤਹਿਤ ਬਿਜਲੀ ਚੋਰੀ ਦੇ 144 ਦੇ ਲਗਭਗ ਕੇਸ ਫੜੇ ਗਏ, ਜਿਨ੍ਹਾਂ ਨੂੰ 91.97 ਲੱਖ ਜੁਰਮਾਨਾ ਠੋਕਿਆ ਗਿਆ। ਨਾਰਥ ਜ਼ੋਨ ਵਿਚ 4 ਸਰਕਲ ਹਨ। ਇਨ੍ਹਾਂ ਵਿਚੋਂ ਇਕੱਲੇ ਜਲੰਧਰ ਸਰਕਲ ਨੇ ਹੀ ਚੋਰੀ ਦੇ 36 ਕੇਸ ਫੜੇ ਹਨ, ਜਦੋਂ ਕਿ ਹੋਰ ਕੇਸ ਦੂਜੇ ਸਰਕਲਾਂ ਅਤੇ ਐਨਫੋਰਸਮੈਂਟ ਵਿੰਗ ਵੱਲੋਂ ਫੜੇ ਗਏ।

ਇਹ ਵੀ ਪੜ੍ਹੋ- ਜਲੰਧਰ ਦੇ ਪ੍ਰੀਤ ਨਗਰ ’ਚ ਕ੍ਰਿਮੀਨਲ ਸੰਨੀ-ਸ਼ੇਰੂ ਨੇ ਦੁਕਾਨਦਾਰ ’ਤੇ ਚਲਾਈ ਗੋਲ਼ੀ

ਅਧਿਕਾਰੀਆਂ ਦਾ ਕਹਿਣਾ ਹੈ ਕਿ ਏ. ਸੀ. ਦੀ ਵਰਤੋਂ ਵਧੀ ਹੈ। ਜਿਹੜੇ ਲੋਕ ਬਿਜਲੀ ਚੋਰੀ ਕਰ ਕੇ ਏ. ਸੀ. ਦੀ ਵਰਤੋਂ ਕਰ ਰਹੇ ਹਨ, ਉਹ ਬਿਜਲੀ ਦੀ ਖਪਤ ਨੂੰ ਬਿਨਾਂ ਵਜ੍ਹਾ ਵਧਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਬਿਜਲੀ ਦਾ ਬਿੱਲ ਆਉਣ ਦਾ ਡਰ ਨਹੀਂ ਰਹਿੰਦਾ। ਆਮ ਖ਼ਪਤਕਾਰ ਸਿਰਫ਼ ਜ਼ਰੂਰਤ ਦੇ ਸਮੇਂ ਏ. ਸੀ. ਦੀ ਵਰਤੋਂ ਕਰਦਾ ਹੈ ਅਤੇ ਵਿਚ-ਵਿਚ ਏ. ਸੀ. ਨੂੰ ਬੰਦ ਕਰਦਾ ਰਹਿੰਦਾ ਹੈ, ਜਦੋਂ ਕਿ ਬਿਜਲੀ ਚੋਰੀ ਕਰਨ ਵਾਲੇ ਏ. ਸੀ. ਨੂੰ ਬੰਦ ਕਰਨ ਬਾਰੇ ਸੋਚਣਾ ਵੀ ਉਚਿਤ ਨਹੀਂ ਸਮਝਦੇ, ਜਿਸ ਨਾਲ ਬਿਜਲੀ ਦੀ ਮੰਗ ਰਿਕਾਰਡ ਪੱਧਰ ’ਤੇ ਪਹੁੰਚ ਰਹੀ ਹੈ। ਵਿਭਾਗ ਨੇ ਅਜਿਹੇ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਸ਼ੁੱਕਰਵਾਰ ਰਾਤ ਨੂੰ ਟੀਮਾਂ ਦਾ ਗਠਨ ਕੀਤਾ ਅਤੇ ਕਈ ਇਲਾਕਿਆਂ ਵਿਚ ਸਵੇਰੇ ਤੜਕਸਾਰ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਅਤੇ 144 ਕੇਸ ਫੜੇ ਗਏ। ਸ਼ੱਕੀ ਪਾਏ ਜਾਣ ’ਤੇ 18 ਦੇ ਲਗਭਗ ਮੀਟਰ ਲਾਹੇ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਲੈਬ ਵਿਚ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 144 ਵਿਚੋਂ 121 ਕੇਸਾਂ ਵਿਚ ਬਿਜਲੀ ਚੋਰੀ ਦੇ ਸਮੇਂ ਏ. ਸੀ. ਦੀ ਵਰਤੋਂ ਹੋ ਰਹੀ ਸੀ, ਜੋ ਕਿ ਖ਼ਪਤ ਵਧਣ ਦੀ ਦਾਸਤਾਨ ਨੂੰ ਬਿਆਨ ਕਰਦਾ ਹੈ।

4-4 ਲੱਖ ਜੁਰਮਾਨਾ ਕਰ ਕੇ ਵੈਸਟ-ਈਸਟ ਅੱਗੇ, ਕੈਂਟ ਸਭ ਤੋਂ ਪਿੱਛੇ

ਵਿਭਾਗ ਵੱਲੋਂ ਕੀਤੀ ਕਾਰਵਾਈ ਵਿਚ ਬਿਜਲੀ ਚੋਰਾਂ ’ਤੇ ਈਸਟ ਡਵੀਜ਼ਨ ਨੇ ਸਭ ਤੋਂ ਵੱਧ 4.23 ਲੱਖ, ਜਦੋਂ ਕਿ ਵੈਸਟ ਡਵੀਜ਼ਨ ਨੇ 4.10 ਲੱਖ ਜੁਰਮਾਨਾ ਠੋਕਿਆ ਹੈ। ਮਾਡਲ ਟਾਊਨ ਨੇ 3.76 ਲੱਖ, ਜਦੋਂ ਕਿ 1.20 ਲੱਖ ਜੁਰਮਾਨਾ ਕਰ ਕੇ ਕੈਂਟ ਸਭ ਤੋਂ ਪਿੱਛੇ ਰਿਹਾ। ਸਰਕਲ ਹੈੱਡ ਇੰਦਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜਲੰਧਰ ਸਰਕਲ ਨੇ ਬਿਜਲੀ ਚੋਰੀ ਦੇ ਕੁੱਲ 36 ਕੇਸ ਫੜਦੇ ਹੋਏ 12.93 ਲੱਖ ਜੁਰਮਾਨਾ ਠੋਕਿਆ ਹੈ, ਜਦੋਂ ਕਿ ਬਿਜਲੀ ਦੀ ਗਲਤ ਵਰਤੋਂ ਦੇ 30 ਕੇਸ ਫੜੇ ਗਏ। ਇਨ੍ਹਾਂ ਵਿਚੋਂ ਵੈਸਟ ਡਵੀਜ਼ਨ ਨੇ ਕੁੱਲ 23 ਕੇਸ ਫੜੇ, ਜਿਨ੍ਹਾਂ ਵਿਚ ਬਿਜਲੀ ਦੀ ਗਲਤ ਵਰਤੋਂ ਦੇ 15, ਜਦੋਂ ਕਿ ਬਿਜਲੀ ਚੋਰੀ ਦੇ 8 ਕੇਸ ਸਾਹਮਣੇ ਆਏ।

ਇਹ ਵੀ ਪੜ੍ਹੋ- PU ਸਾਡੀ ਮਾਣਮੱਤੀ ਸੰਸਥਾ, ਨਹੀਂ ਹੋਣ ਦੇਵਾਂਗੇ ਕੇਂਦਰੀਕਰਨ : ਮੀਤ ਹੇਅਰ

ਐਕਸੀਅਨ ਸੰਨੀ ਭਾਂਖੜਾ ਦੀ ਅਗਵਾਈ ਵਿਚ ਵੈਸਟ ਡਵੀਜ਼ਨ ਨੇ 4.23 ਲੱਖ ਜੁਰਮਾਨਾ ਕੀਤਾ। ਈਸਟ ਡਵੀਜ਼ਨ ਦੇ ਐਕਸੀਅਨ ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਚ ਹੋਈ ਕਾਰਵਾਈ ਵਿਚ 10 ਕੇਸ ਫੜਦੇ ਹੋਏ 4.10 ਲੱਖ ਜੁਰਮਾਨਾ ਕੀਤਾ ਗਿਆ ਹੈ। ਮਾਡਲ ਟਾਊਨ ਡਵੀਜ਼ਨ ਨੇ ਐਕਸੀਅਨ ਦਵਿੰਦਰ ਸਿੰਘ ਦੀ ਅਗਵਾਈ ਵਿਚ 6 ਕੇਸ ਫੜਦੇ ਹੋਏ 3.76 ਲੱਖ ਜੁਰਮਾਨਾ ਕੀਤਾ। ਉਥੇ ਹੀ, ਕੈਂਟ ਡਵੀਜ਼ਨ ਬਿਜਲੀ ਚੋਰਾਂ ’ਤੇ ਕਾਰਵਾਈ ਵਿਚ ਸਭ ਤੋਂ ਪਿੱਛੇ ਰਹੀ। ਐਕਸੀਅਨ ਅਵਤਾਰ ਸਿੰਘ ਦੀ ਅਗਵਾਈ ਵਿਚ ਚੋਰੀ ਦੇ ਸਿਰਫ 12 ਕੇਸ ਫੜੇ ਗਏ, ਜਿਨ੍ਹਾਂ ਨੂੰ 1.20 ਲੱਖ ਜੁਰਮਾਨਾ ਕੀਤਾ ਗਿਆ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


Anuradha

Content Editor

Related News