ਮੁਲਾਜ਼ਮਾਂ ਦੂਜੇ ਦਿਨ ਵੀ ਕੰਮ ਠੱਪ ਰੱਖ ਕੇ ਕੀਤਾ ਰੋਸ ਮੁਜ਼ਾਹਰਾ

12/12/2018 5:43:54 AM

ਦਸੂਹਾ, (ਸੰਜੇ ਰੰਜਨ)– ਐੱਫ. ਸੀ. ਆਈ. ਦੇ ਮੁਲਾਜ਼ਮਾਂ ਦੀ  ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਸਾਰੇ ਮੁਲਾਜ਼ਮਾਂ ਨੇ ਆਪਣੇ-ਆਪਣੇ ਸੈਂਟਰਾਂ 'ਤੇ ਕੰਮਕਾਜ ਬੰਦ ਰੱਖਿਅਾ। 
ਇਸ ਦੌਰਾਨ ਜ਼ਿਲਾ ਦਫਤਰ ਵਿਚ ਇਕੱਠੇ ਹੋ ਕੇ ਉਨ੍ਹਾਂ ਆਪਣੀਅਾਂ ਮੰਗਾਂ  ਸਬੰਧੀ ਧਰਨਾ ਦਿੱਤਾ ਅਤੇ ਮੈਨੇਜਮੈਂਟ  ਖਿਲਾਫ਼ ਰੋਸ ਮੁਜ਼ਾਹਰੇ ਕੀਤੇ।  ਮੁਲਾਜ਼ਮਾਂ ਨੇ  ਕਿਹਾ ਕਿ ਜਦੋਂ ਤਕ ਯੂਨੀਅਨ ਦੇ ਮੁਲਾਜ਼ਮਾਂ ਦੀਅਾਂ ਬਦਲੀਅਾਂ ਨਹੀਂ ਰੋਕੀਅਾਂ ਜਾਂਦੀਅਾਂ, ਉਦੋਂ ਤਕ ਉਹ ਆਪਣੀ ਹੜਤਾਲ ਜਾਰੀ ਰੱਖਣਗੇ ਤੇ ਰੋਸ ਮੁਜ਼ਾਹਰੇ ਕਰਦੇ ਰਹਿਣਗੇ।
ਪੰਜਾਬ ਦੀਅਾਂ ਖਰੀਦ ਏਜੰਸੀਅਾਂ ਨੂੰ ਨੁਕਸਾਨ : ਹੜਤਾਲ ਕਾਰਨ ਪੰਜਾਬ ਦੀਅਾਂ ਖਰੀਦ ਏਜੰਸੀਅਾਂ  ਪਨਗ੍ਰੇਨ, ਮਾਰਕਫੈੱਡ, ਪਨਸਪ, ਵੇਅਰਹਾਊਸ  ਅਤੇ ਪੰਜਾਬ ਐਗਰੋ  ਨੂੰ ਵੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਦਸੰਬਰ ਤਕ ਆਪਣਾ ਮਿਲਿੰਗ ਦਾ 33 ਫੀਸਦੀ ਕੰਮ ਪੂਰਾ ਕਰਵਾਉਣਾ ਹੈ। ਇਸ ਕੰਮ ਵਿਚ ਦੇਰੀ ਹੋਣ ’ਤੇ ਉਨ੍ਹਾਂ ’ਤੇ ਵਿਆਜ ਦਾ ਵਾਧੂ ਬੋਝ ਪਵੇਗਾ। ਇਸ ਹੜਤਾਲ ਕਾਰਨ ਦਸੂਹਾ ਐੱਫ. ਸੀ. ਆਈ. ਤੇ ਵੇਅਰਹਾਊਸ ਦੇ ਗੋਦਾਮਾਂ ਵਿਚੋਂ ਅਨਾਜ ਜੰਮੂ-ਕਸ਼ਮੀਰ ਅਤੇ ਹਿਮਾਚਲ ਨੂੰ ਨਹੀਂ ਜਾ ਸਕਿਆ।