ਪਾਵਰਕਾਮ ਮਹਿਕਮੇ ਦੇ ਮੁਲਾਜ਼ਮਾਂ ਨੇ ਸਾੜਿਆ ਸਰਕਾਰ ਦਾ ਪੁਤਲਾ

06/10/2020 5:49:19 AM

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਪਾਵਰਕਾਮ ਵਿਭਾਗ ਦੇ ਮੁਲਾਜ਼ਮਾਂ ਨੇ ਅੱਜ ਸ਼ਹਿਰੀ ਉਪਮੰਡਲ ਦਫਤਰ ਦੇ ਬਾਹਰ ਬਿਜਲੀ ਐਕਟ 2020 ਦੇ ਵਿਰੋਧ 'ਚ ਸਰਕਾਰ ਦਾ ਪੁਤਲਾ ਸਾੜ੍ਹ ਕੇ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਪ੍ਰਧਾਨ ਵਿਜੈ ਕੁਮਾਰ, ਗੁਰਮੁਖ ਸਿੰਘ ਜੇ. ਈ., ਸੁਭਾਸ਼ ਕੁਮਾਰ, ਸੁੱਚਾ ਸਿੰਘ, ਗੁਰਦੀਪ ਸਿੰਘ ਅਤੇ ਰਾਜਿੰਦਰ ਕੁਮਾਰ ਜੇ. ਈ. ਨੇ ਕਿਹਾ ਕਿ ਪਾਵਰਕਾਮ ਵਿਭਾਗ ਦੀ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਪਾਵਰਕਾਮ ਮਹਿਕਮੇ ਦੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਲਟਕਾਉਂਦੇ ਆ ਰਹੇ ਹਨ, ਜਿਸ ਦੇ ਚਲਦੇ ਸਮੂਹ ਮੁਲਾਜ਼ਮਾਂ 'ਚ ਸਰਕਾਰ ਅਤੇ ਮੈਨਜਮੈਂਟ ਦੇ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਮੰਗਾਂ 'ਤੇ ਆਮ ਸਹਿਮਤੀ ਬਣ ਚੁੱਕੀ ਹੈ, ਉਨ੍ਹਾਂ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਉਪਰੋਕਤ ਆਗੂਆਂ ਨੇ ਸਰਕਾਰ ਵੱਲੋਂ ਲਾਏ ਜਾ ਰਹੇ ਬਿਜਲੀ ਐਕਟ-2020 ਦੀ ਤਿੱਖੇ ਸ਼ਬਦਾਂ 'ਚ ਨਿਖੇਧੀ ਕਰਦੇ ਕਿਹਾ ਕਿ ਉਪਰੋਕਤ ਬਿੱਲ ਨਾ ਸਿਰਫ ਮੁਲਾਜ਼ਮਾਂ ਦੇ ਹੱਕਾਂ 'ਤੇ ਡਾਕਾ ਪਾਉਣ ਵਾਲਾ ਹੈ, ਸਗੋਂ ਇਸ ਦਾ ਅਸਰ ਖਪਤਕਾਰਾਂ 'ਤੇ ਵੀ ਪਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਬਿਜਲੀ ਐਕਟ 2020 ਨੂੰ ਰੱਦ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਪਹਿਲਾ ਮਨਜੂਰ ਮੰਗਾਂ ਨੂੰ ਜਲਦ ਲਾਗੂ ਕੀਤਾ ਜਾਵੇ, ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ, ਖਾਲੀ ਅਸਾਮਿਆਂ ਦੀ ਰੈਗੂਲਰ ਭਰਤੀ ਕੀਤੀ ਜਾਵੇ ਅਤੇ ਮੁਲਾਜ਼ਮਾਂ ਦੇ ਬਕਾਏ ਭੱਤਿਆਂ ਦਾ ਜਲਦ ਭੁਗਤਾਨ ਕੀਤਾ ਜਾਵੇ।


shivani attri

Content Editor

Related News