ਕਰਮਚਾਰੀ ਸੰਗਠਨਾਂ ਨੇ ਬੀ.ਬੀ.ਐੱਮ.ਬੀ. ਦੇ ਚੇਅਰਮੈਨ ਦਾ ਘਿਰਾਓ ਕਰ ਕੇ ਕੀਤੀ ਨਾਅਰੇਬਾਜ਼ੀ

11/01/2018 1:34:28 AM

ਨੰਗਲ,   (ਸੈਣੀ)-  ਨੰਗਲ-ਭਾਖੜਾ ਮਜ਼ਦੂਰ ਸੰਘ ਇੰਟਕ ਅਤੇ ਕੁਝ ਹੋਰ ਕਰਮਚਾਰੀ ਸੰਗਠਨਾਂ  ਨੇ 32 ਕਰਮਚਾਰੀਆਂ ਨੂੰ ਡਿਮੋਟ ਕਰਨ ਦੇ ਰੋਸ ਵਿਚ ਬੀ. ਬੀ. ਐੱਮ. ਬੀ. ਦੇ ਚੇਅਰਮੈਨ  ਅਤੇ ਹੋਰ ਅਧਿਕਾਰੀਆਂ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕੀਤੀ। 
ਬੀ.ਬੀ.ਐੱਮ.ਬੀ. ਦੇ  ਚੇਅਰਮੈਨ ਡੀ. ਕੇ. ਸ਼ਰਮਾ ਨੰਗਲ ਵਿਚ ਕਿਸੇ ਸਮਾਗਮ ਵਿਚ ਸ਼ਾਮਲ ਹੋਣ ਲਈ ਆਏ ਸਨ ਤੇ ਸਤਲੁਜ  ਸਦਨ ਵਿਚ ਪਹੁੰਚਣ ’ਤੇ ਉਕਤ ਯੂਨੀਅਨ ਦੇ ਮੈਂਬਰਾਂ ਨੇ ਸਤਲੁਜ ਸਦਨ ਦੇ ਗੇਟਾਂ ਦਾ ਘਿਰਾਓ  ਕਰ ਕੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਜਿਸ ਕਾਰਨ ਅਧਿਕਾਰੀਆਂ ਵਿਚ ਹਫੜਾ-ਦਫੜੀ ਮਚ  ਗਈ ਅਤੇ ਸੂਚਨਾ ਮਿਲਦੇ ਹੀ ਨੰਗਲ ਦੇ ਐੱਸ. ਐੱਚ. ਓ. ਪਵਨ ਕੁਮਾਰ ਵੀ ਪੁਲਸ ਟੀਮ ਦੇ ਨਾਲ  ਮੌਕੇ ’ਤੇ ਪਹੁੰਚ ਗਏ ਪਰ ਇੰਟਕ ਦੇ ਪ੍ਰਤੀਨਿਧੀਆਂ ਨੇ ਗੇਟ ਦੇ ਬਾਹਰ ਬੈਠ ਕੇ ਹੀ ਸੜਕ  ਨੂੰ ਰੋਕੀ ਰੱਖਿਆ। ਜਿਸ ਨਾਲ ਬੀ. ਬੀ. ਐੱਮ. ਬੀ. ਦੇ ਚੇਅਰਮੈਨ ਨੇ ਯੂਨੀਅਨਾਂ ਦੇ  ਪ੍ਰਤੀਨਿਧੀਆਂ ਨੂੰ ਗੱਲਬਾਤ ਕਰਨ ਲਈ ਸੱਦਾ ਦਿੱਤਾ। ਪ੍ਰਧਾਨ ਸੁਖਦੇਵ ਸਿੰਘ,  ਇਕਬਾਲ ਸਿੰਘ, ਰਹਿਮਤ ਅਲੀ, ਵਿਨੋਦ ਭੱਟੀ, ਜਗਜੀਤ ਸਿੰਘ, ਰਾਮਪਾਲ ਆਦਿ ਨੇ ਮੀਟਿੰਗ  ਕੀਤੀ। ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਪ੍ਰਤੀਨਿਧੀ ਮੰਡਲ ਨੇ ਦੱਸਿਆ ਕਿ ਇਸ  ਮੀਟਿੰਗ ਵਿਚ 32 ਕਰਮਚਾਰੀਆਂ ਨੂੰ ਲੁਕ ਆਫਟਰ ਚਾਰਜ ਦੇਣ ਅਤੇ ਵਾਪਸ ਲੈਣ ਦੀ ਗੱਲ ਕੀਤੀ  ਗਈ ਜਿਸ ਵਿਚ ਚੇਅਰਮੈਨ ਨੇ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਕਿ 12 ਨਵੰਬਰ ਨੂੰ ਫੁੱਲ ਬੋਰਡ  ਦੀ ਮੀਟਿੰਗ ਵਿਚ ਇਨ੍ਹਾਂ ਨੂੰ ਤਰੱਕੀ ਦੇਣ ਸਬੰਧੀ ਏਜੰਡਾ ਲਾ ਦਿੱਤਾ ਜਾਵੇਗਾ।  ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਬਣਦਾ ਇਨਸੈਂਟਿਵ ਵੀ ਅਗਲੀ  ਮੀਟਿੰਗ ਦੇ ਏਜੰਡੇ ਵਿਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੈਸਕੋ ਵੱਲੋਂ ਭਰਤੀ ਨਾ  ਕਰ ਕੇ ਸਿੱਧੀ ਭਰਤੀ ਨਾਲ ਕਰਮਚਾਰੀਆਂ ਨੂੰ ਰੱਖਣ ’ਤੇ ਵੀ ਵਿਚਾਰ ਕੀਤਾ ਜਾਵੇਗਾ। 
ਇਸ  ਮੌਕੇ ਸੁਖਦੇਵ ਸਿੰਘ, ਸੀਟੂ ਦੇ ਪ੍ਰਧਾਨ ਵਿਨੋਦ ਭੱਟੀ ਤੋਂ ਇਲਾਵਾ ਗੋਪਾਲ ਕ੍ਰਿਸ਼ਨ,  ਨਰੇਸ਼ ਕੁਮਾਰ, ਸਤਨਾਮ ਸਿੰਘ, ਸੰਜੇ ਕੁਮਾਰ, ਅਸ਼ੋਕ, ਹਰਜਿੰਦਰ ਸਿੰਘ, ਬਲਬੀਰ ਆਦਿ ਹਾਜ਼ਰ  ਸਨ।