ਬਿਜਲੀ ਬਿੱਲ ਮੁਆਫ਼ੀ ਲਈ ਪਾਵਰਕਾਮ ਦੇ ਸੁਵਿਧਾ ਸੈਂਟਰਾਂ ਨਾਲ ਲੋਕ ਕਰਨ ਸੰਪਰਕ: ਡਿਪਟੀ ਕਮਿਸ਼ਨਰ

10/20/2021 1:57:28 PM

ਜਲੰਧਰ (ਚੋਪੜਾ)- ਪੰਜਾਬ ਸਰਕਾਰ ਵੱਲੋਂ 2 ਕਿਲੋਵਾਟ ਲੋਡ ਵਾਲੇ ਬਿਜਲੀ ਕੁਨੈਕਸ਼ਨ ਵਾਲੇ ਲਾਭਪਾਤਰੀਆਂ ਦੇ ਬਕਾਇਆ ਬਿੱਲ ਮੁਆਫ਼ ਕਰਨ ਦੀ ਯੋਜਨਾ ਦੇ ਸੰਦਰਭ ਵਿਚ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਇਸ ਯੋਜਨਾ ਨੂੰ ਜ਼ਿਲ੍ਹੇ ਵਿਚ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਕਿਹਾ ਕਿ ਲਾਭਪਾਤਰੀ ਬਕਾਇਆ ਬਿੱਲ ਮੁਆਫ਼ ਕਰਵਾਉਣ ਲਈ ਪੰਜਾਬ ਸਟੇਟ ਪਾਵਰ ਨਿਗਮ ਲਿਮਟਿਡ ਦੇ ਸੁਵਿਧਾ ਸੈਂਟਰ ’ਚ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲਗਭਗ ਇਕ ਲੱਖ ਲਾਭਪਾਤਰੀਆਂ ਨੂੰ ਇਸ ਸਹੂਲਤ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀ. ਐੱਸ. ਪੀ. ਸੀ. ਐੱਲ. ਦੇ ਜਲੰਧਰ ਸਰਕਲ ਅਧੀਨ ਪੈਂਦੇ ਵੈਸਟ ਡਿਵੀਜ਼ਨ ਦਫ਼ਤਰ ਮਕਸੂਦਾਂ, ਮਾਡਲ ਟਾਊਨ ਡਿਵੀਜ਼ਨ ਦੇ ਦਫ਼ਤਰ ਹੰਸਰਾਜ ਸਟੇਡੀਅਮ, ਪੂਰਬੀ ਡਿਵੀਜ਼ਨ ਦੇ ਫੋਕਲ ਪੁਆਇੰਟ ਦਫ਼ਤਰ ਪਠਾਨਕੋਟ ਬਾਈਪਾਸ ਅਤੇ ਕੈਂਟ ਡਿਵੀਜ਼ਨ ਦੇ ਬੜਿੰਗਾਂ ’ਚ ਜਾ ਕੇ ਲੋਕ ਇਸ ਯੋਜਨਾ ਦਾ ਲਾਭ ਹਾਸਲ ਕਰ ਸਕਦੇ ਹਨ।

ਇਹ ਵੀ ਪੜ੍ਹੋ: ਟਰਾਂਸਪੋਰਟ ਮਹਿਕਮੇ 'ਚ ਹੋਵੇਗਾ ਵੱਡਾ ਫੇਰਬਦਲ: ਅਧਿਕਾਰੀਆਂ ਦੀ ਤਿਆਰ ਹੋਈ ਸੂਚੀ ’ਤੇ ਮੋਹਰ ਲੱਗਣੀ ਬਾਕੀ

ਘਨਸ਼ਾਮ ਥੋਰੀ ਨੇ ਕਿਹਾ ਕਿ ਪੀ. ਐੱਸ. ਪੀ. ਸੀ. ਐੱਲ. ਦੇ ਸੁਵਿਧਾ ਸੈਂਟਰ ਤੋਂ ਇਲਾਵਾ 28 ਅਤੇ 29 ਅਕਤੂਬਰ ਨੂੰ ਸਬ-ਡਿਵੀਜ਼ਨ ਅਤੇ ਜ਼ਿਲ੍ਹਾ ਪੱਧਰ ’ਤੇ ਲਾਏ ਜਾ ਰਹੇ ਸੁਵਿਧਾ ਕੈਂਪਾਂ ’ਚ ਜਾ ਕੇ ਵੀ ਇਸ ਸਹੂਲਤ ਦਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਹੂਲਤ ਲੈਣ ਲਈ ਕੋਈ ਆਖਰੀ ਤਰੀਕ ਨਿਸ਼ਚਿਤ ਨਹੀਂ ਕੀਤੀ ਗਈ। ਉਨ੍ਹਾਂ ਲਾਭਪਾਤਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਦੋ ਕਿਲੋਵਾਟ ਤੱਕ ਦੇ ਬਿੱਲ ਸਬੰਧੀ ਜੇਕਰ ਕੋਈ ਜਾਣਕਾਰੀ ਲੋੜੀਂਦੀ ਹੈ ਤਾਂ ਵੀ ਪੀ. ਐੱਸ. ਪੀ. ਸੀ. ਐੱਲ. ਦੇ ਉਕਤ ਸੁਵਿਧਾ ਸੈਂਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹੁਕਮ ਦਿੰਦਿਆਂ ਕਿਹਾ ਕਿ ਇਸ ਨੂੰ ਯਕੀਨੀ ਬਣਾਇਆ ਜਾਵੇ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਏ. ਡੀ. ਸੀ. ਜਸਪ੍ਰੀਤ ਸਿੰਘ, ਹਿਮਾਂਸ਼ੂ ਜੈਨ ਅਤੇ ਅਮਰਜੀਤ ਬੈਂਸ, ਐੱਸ. ਡੀ. ਐੱਮ. ਹਰਪ੍ਰੀਤ ਸਿੰਘ ਅਟਵਾਲ ਅਤੇ ਬਲਬੀਰ ਰਾਜ ਸਿੰਘ, ਸੀਨੀਅਰ ਐਕਸੀਅਨ ਪੀ. ਐੱਸ. ਪੀ. ਸੀ. ਐੱਲ. ਡਿਵੀਜ਼ਨ ਵੈਸਟ ਸੰਨੀ ਭਾਗੜਾ ਅਤੇ ਹੋਰ ਮਹਿਕਮਿਆਂ ਦੇ ਅਧਿਕਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ: ਚੱਬੇਵਾਲ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, ਨਣਾਨ-ਭਰਜਾਈ ਦੀ ਦਰਦਨਾਕ ਮੌਤ

28 ਤੇ 29 ਅਕਤੂਬਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਅਤੇ ਸਬ-ਡਿਵੀਜ਼ਨ ’ਚ ਲੱਗਣਗੇ ਸੁਵਿਧਾ ਕੈਂਪ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤਕ ਪਹੁੰਚਾਉਣ ਨੂੰ ਲੈ ਕੇ ਪੂਰੀ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਇਸੇ ਤਹਿਤ 28 ਅਤੇ 29 ਅਕਤੂਬਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਅਤੇ ਸਬ-ਡਵੀਜ਼ਨ ਪੱਧਰ ’ਤੇ ਸੁਵਿਧਾ ਕੈਂਪ ਲਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਇਨ੍ਹਾਂ ਕੈਂਪਾਂ ਸਬੰਧੀ ਜ਼ਿਲਾ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਸੁਵਿਧਾ ਕੈਂਪਾਂ ਵਿਚ 5-5 ਮਰਲੇ ਦੇ ਪਲਾਟ, ਪੈਨਸ਼ਨ ਯੋਜਨਾ ਜਿਸ ਵਿਚ ਬੁਢਾਪਾ, ਵਿਧਵਾ, ਆਸ਼ਰਿਤ, ਦਿਵਿਆਂਗ ਅਤੇ ਹੋਰ, ਘਰ ਦੀ ਸਥਿਤੀ (ਕੱਚਾ/ਪੱਕਾ), ਪੀ. ਐੱਮ. ਏ. ਵਾਈ. ਯੋਜਨਾ, ਬਿਜਲੀ ਕੁਨੈਕਸ਼ਨ, ਘਰ ਵਿਚ ਪਖਾਨਾ, ਐੱਲ. ਪੀ. ਜੀ. ਗੈਸ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ, ਆਸ਼ੀਰਵਾਦ ਯੋਜਨਾ, ਬੱਚਿਆਂ ਲਈ ਸਕਾਲਰਸ਼ਿਪ ਯੋਜਨਾ, ਐੱਸ. ਸੀ. ਬੀ. ਸੀ. ਕਾਰਪੋਰੇਸ਼ਨ ਤੇ ਬੈਂਕ ਤੋਂ ਕਰਜ਼, ਬੱਸ ਦੇ ਪਾਸ, ਪੈਂਡਿੰਗ ਇੰਤਕਾਲ ਦੇ ਕੇਸ, ਮਗਨਰੇਗਾ ਜੌਬ ਕਾਰਡ, ਦੋ ਕਿਲੋਵਾਟ ਤਕ ਦੇ ਬਿਜਲੀ ਬਕਾਇਆ ਮੁਆਫੀ ਦੇ ਸਰਟੀਫਿਕੇਟ, ਪੈਂਡਿੰਗ ਸੀ. ਐੱਲ. ਯੂ. ਕੇਸ ਅਤੇ ਨਕਸ਼ਾ ਮਨਜ਼ੂਰ ਕਰਵਾਉਣ ਸਬੰਧੀ ਫਾਰਮ ਭਰੇ ਜਾਣਗੇ। ਘਨਸ਼ਾਮ ਥੋਰੀ ਨੇ ਉਕਤ ਯੋਜਨਾਵਾਂ ਨਾਲ ਸਬੰਧਤ ਮਹਿਕਮਿਆਂ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਸੁਵਿਧਾ ਕੈਂਪ ਸਬੰਧੀ ਜਾਗਰੂਕਤਾ ਫੈਲਾਉਣੀ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸੁਵਿਧਾ ਕੈਂਪਾਂ ਦਾ ਲਾਭ ਉਠਾਉਣ। ਉਨ੍ਹਾਂ ਵਿਭਾਗਾਂ ਦੇ ਮੁਖੀਆਂ ਤੋਂ ਉਕਤ ਯੋਜਨਾਵਾਂ ਦਾ ਜਾਇਜ਼ਾ ਵੀ ਲਿਆ। ਇਸ ਤੋਂ ਇਲਾਵਾ ਦਫ਼ਤਰਾਂ ਵਿਚ ਹਾਜ਼ਰੀ ਯਕੀਨੀ ਬਣਾਉਣ ਦੇ ਸਖ਼ਤ ਹੁਕਮ ਵੀ ਦਿੱਤੇ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡਾ ਹਾਦਸਾ: ਪੁਲਸ ਮੁਲਾਜ਼ਮ ਦੀ ਗੱਡੀ ਨੇ ਦੋ ਕੁੜੀਆਂ ਨੂੰ ਮਾਰੀ ਟੱਕਰ, ਇਕ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri