ਵਾਹ ਰੇ ਪਾਵਰ ਨਿਗਮ! ਯੂਨਿਟ ਚਲੇ 6, ਬਿਜਲੀ ਦਾ ਬਿੱਲ ਆਇਆ 3 ਲੱਖ ਤੋਂ ਪਾਰ

09/26/2019 6:28:30 PM

ਜਲੰਧਰ (ਵਰਿਆਣਾ)— ਇਕ ਪਾਸੇ ਜਿੱਥੇ ਸੂਬਾ ਸਰਕਾਰ ਅਤੇ ਪਾਵਰ ਨਿਗਮ ਬਿਜਲੀ ਸਬੰਧੀ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦੇ ਦਾਅਵੇ ਕਰ ਰਿਹਾ ਹੈ, ਉਥੇ ਦੂਜੇ ਪਾਸੇ ਪਿੰਡ ਚਮਿਆਰਾ ਦੇ ਇਕ ਗਰੀਬ ਪਰਿਵਾਰ ਦਾ ਬਿੱਲ ਲੱਖਾਂ 'ਚ ਆਉਣ ਅਤੇ ਪੀੜਤ ਦੀ ਕਿਧਰੇ ਵੀ ਸੁਣਵਾਈ ਨਾ ਹੋਣਾ ਉਕਤ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ।

ਚਮਿਆਰਾ ਵਾਸੀ ਹਰਦੀਪ ਸਿੰਘ ਪੁੱਤਰ ਸਵ. ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਕਰੀਬ 2 ਬਿਜਲੀ ਦੇ ਬਲਬ ਲੱਗੇ ਹੋਏ ਹਨ ਅਤੇ ਬਿਜਲੀ ਦਾ ਲੋਡ ਵੀ ਇਕ ਕਿਲੋਵਾਟ ਹੈ, ਇਸ ਦੇ ਬਾਵਜੂਦ ਉਨ੍ਹਾਂ ਦੇ ਘਰ ਦਾ ਬਿਜਲੀ ਬਿੱਲ 3,93,660 ਰੁਪਏ ਆਇਆ ਹੈ। ਉਨਾਂ ਦੱਸਿਆ ਕਿ ਬਿਜਲੀ ਬਿੱਲ ਅਨੁਸਾਰ ਉਨ੍ਹਾਂ ਦੇ ਬਿਜਲੀ ਯੂਨਿਟ ਸਿਰਫ 6 ਹੀ ਚੱਲੇ ਦਰਸਾਏ ਗਏ ਹਨ, ਇਸ ਦੇ ਬਾਵਜੂਦ ਉਨ੍ਹਾਂ ਦਾ ਬਿੱਲ ਲੱਖਾਂ ਰੁਪਏ ਆਉਣਾ ਸਾਡੀ ਸਮਝ ਤੋਂ ਪਰ੍ਹੇ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਦਫਤਰਾਂ ਦੇ ਚੱਕਰ ਕੱਢ ਕੇ ਉਹ ਆਰਥਿਕ ਤੌਰ 'ਤੇ ਕਮਜ਼ੋਰ ਹੁੰਦਾ ਜਾ ਰਿਹਾ ਹੈ ਕਿਉਂਕਿ ਜਾਣ-ਆਉਣ 'ਤੇ ਕਿਰਾਇਆ ਆਦਿ ਖਰਚ ਕਰਨਾ ਪੈਂਦਾ ਹੈ ਜੋ ਉਸ ਦੀ ਪਹੁੰਚ ਤੋਂ ਬਾਹਰ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਮੈਨੂੰ ਕਿਸੇ ਤੋਂ ਪਤਾ ਲੱਗਾ ਹੈ ਕਿ ਇਲਾਕੇ ਦੇ ਜੇ. ਈ. ਨੂੰ ਸਬੰਧਿਤ ਵਿਭਾਗ ਤੋਂ ਇਹ ਪੱਤਰ ਆਇਆ ਹੈ ਕਿ ਲੱਖਾਂ ਰੁਪਏ ਬਿੱਲ ਦਾ ਭੁਗਤਾਨ ਮੈਂ ਕਿਉਂ ਨਹੀਂ ਕਰ ਰਿਹਾ, ਜਦਕਿ ਇਸ 'ਚ ਗਲਤੀ ਸਾਰੀ ਪਾਵਰ ਨਿਗਮ ਦੀ ਹੈ ਕਿ ਉਨ੍ਹਾਂ ਨੇ ਕਿਹੜੇ ਰੇਟ 'ਤੇ 6 ਯੂਨਿਟਾਂ ਦਾ ਬਿੱਲ 3,93,660 ਰੁਪਏ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਸ ਸਬੰਧੀ ਨਿਆਂ ਜਲਦ ਨਾ ਮਿਲਿਆ ਤਾਂ ਉਹ ਮਾਣਯੋਗ ਅਦਾਲਤ ਦਾ ਵੀ ਸਹਾਰਾ ਲੈਣਗੇ । ਉਨ੍ਹਾਂ ਨੇ ਪਾਵਰ ਨਿਗਮ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਇਸ ਨਾਜਾਇਜ਼ ਆਏ ਬਿਜਲੀ ਬਿੱਲ ਨੂੰ ਜਲਦ ਤੋਂ ਜਲਦ ਦਰੁਸਤ ਕੀਤਾ ਜਾਵੇ । ਉਨ੍ਹਾਂ ਦੱਸਿਆ ਕਿ ਇਸ ਤੋਂ ਕੁਝ ਮਹੀਨੇ ਪਹਿਲਾਂ ਉਨ੍ਹਾਂ ਦਾ ਬਿਜਲੀ ਬਿੱਲ 250 ਰੁਪਏ ਦੇ ਕਰੀਬ ਆਉਂਦਾ ਸੀ।

ਉਧਰ ਪਿੰਡ ਦੇ ਪਿਆਰਾ ਸਿੰਘ ਨੇ ਪਾਵਰ ਨਿਗਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਦੇ ਘਰ ਦਾ ਬਿਜਲੀ ਬਿੱਲ ਇੰਨਾ ਜ਼ਿਆਦਾ ਆਉਣ ਕਰਕੇ ਪਰਿਵਾਰ ਬਹੁਤ ਪ੍ਰੇਸ਼ਾਨ ਹੈ, ਇਹ ਬਿੱਲ ਗਲਤ ਆਇਆ ਹੈ, ਇਸ ਲਈ ਇਸ ਦੇ ਬਿੱਲ ਨੂੰ ਜਲਦ ਤੋਂ ਜਲਦ ਦਰੁਸਤ ਕੀਤਾ ਜਾਵੇ ਤਾਂ ਕਿ ਪਰਿਵਾਰ ਪ੍ਰੇਸ਼ਾਨੀ ਤੋਂ ਬਚ ਸਕੇ।


shivani attri

Content Editor

Related News