ਚੋਣ ਡਿਊਟੀ ’ਚ ਰੁੱਝੇ ਟ੍ਰੈਫਿਕ ਮੁਲਾਜ਼ਮ, ਉਡੀਅਾਂ ਨਿਯਮਾਂ ਦੀਅਾਂ ਧੱਜੀਅਾਂ, ਬੇਲਗਾਮ ਰਿਹਾ ਟ੍ਰੈਫਿਕ

09/19/2018 6:20:39 AM

ਜਲੰਧਰ,   (ਜ. ਬ.)–  ਟ੍ਰੈਫਿਕ ਥਾਣੇ ਦੇ 132 ਮੁਲਾਜ਼ਮਾਂ ਵਿਚੋਂ 83 ਮੁਲਾਜ਼ਮਾਂ ਦੀ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿਚ ਡਿਊਟੀ ਲੱਗਣ ਕਾਰਨ ਸ਼ਹਿਰ ’ਚ ਟ੍ਰੈਫਿਕ ਵਿਵਸਥਾ ਠੱਪ ਦਿੱਸੀ। ਬੱਸ ਚਾਲਕਾਂ ਨੇ ਬਿਨਾਂ ਰੋਕ-ਟੋਕ  ਜਿਥੇ ਬੱਸ ਸਟੈਂਡ ਫਲਾਈਓਵਰ ਦੇ ਹੇਠਾਂ ਮਿੰਨੀ ਬੱਸ ਸਟੈਂਡ ਬਣਾ ਇਆ  ਹੋਇਆ ਸੀ, ਉਥੇ ਆਟੋ ਚਾਲਕ ਵੀ  ਆਟੋ ਲੈ ਕੇ ਸੜਕ ਦੇ ਵਿਚਕਾਰ ਖੜ੍ਹੇ  ਸਵਾਰੀਆਂ  ਲੈਂਦੇ ਦਿਖਾਈ ਦਿੱਤੇ। ਇਨ੍ਹਾਂ ਕਾਰਨ ਸ਼ਹਿਰ ’ਚ ਕਈ ਜਗ੍ਹਾ  ਜਾਮ ਲੱਗਾ ਰਿਹਾ। ਟ੍ਰੈਫਿਕ ਥਾਣਾ ਵੀ ਮੰਗਲਵਾਰ ਨੂੰ ਸੁੰਨਸਾਨ ਸੀ। ਜ਼ਿਆਦਾਤਰ ਚੌਰਾਹਿਆਂ ’ਤੇ ਟ੍ਰੈਫਿਕ ਮੁਲਾਜ਼ਮ ਨਹੀਂ ਸਨ  ਅਤੇ  ਲੋਕ ਟ੍ਰੈਫਿਕ ਰੂਲਜ਼ ਤੋੜਦੇ ਦਿਸੇ। ਬੱਸ ਸਟੈਂਡ ਫਲਾਈਓਵਰ ਦੇ ਹੇਠਾਂ ਬੱਸਾਂ ਦੇ ਕਾਰਨ ਜਾਮ ਲੱਗਾ ਹੋਇਆ ਸੀ। ਬੱਸ ਚਾਲਕ ਬਿਨਾਂ ਕਿਸੇ ਡਰ ਤੋਂ ਸਵਾਰੀਆਂ ਲੈਣ ਲਈ ਖੜ੍ਹੇ ਰਹੇ, ਜਿਸ ਕਾਰਨ ਬੱਸਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਵਨਵੇ ਐਲਾਨ ਕੀਤੇ ਰੋਡ ’ਤੇ ਮੁਲਾਜ਼ਮ ਨਾ ਹੋਣ  ਕਾਰਨ ਵਾਹਨ ਵਨਵੇ ਜ਼ੋਨ ’ਚ ਵੜਦੇ ਰਹੇ ਜਿਸ ਕਾਰਨ ਉਥੇ ਜਾਮ ਲੱਗਾ ਰਿਹਾ। 
ਦੱਸ ਦੇਈਏ ਕਿ ਬੁੱਧਵਾਰ ਨੂੰ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਅਾਂ ਚੋਣ ਹਨ, ਜਿਸ  ਕਾਰਨ  ਟ੍ਰੈਫਿਕ ਪੁਲਸ ਥਾਣੇ ਦੇ 83 ਮੁਲਾਜ਼ਮਾਂ ਨੂੰ ਚੋਣ ਡਿਊਟੀ ’ਤੇ ਭੇਜਿਆ ਗਿਆ ਸੀ। 17 ਮੁਲਾਜ਼ਮ ਦਫਤਰੀ  ਕੰਮ ਲਈ ਫਿਕਸ ਸਨ  ਜਦਕਿ ਫੀਲਡ ਵਿਚ ਸਿਰਫ 32 ਟ੍ਰੈਫਿਕ ਮੁਲਾਜ਼ਮ ਹੀ ਸਨ। ਹਾਲਾਂਕਿ 40 ਫ੍ਰੈਸ਼ਰ ਮੁਲਾਜ਼ਮ ਟ੍ਰੈਫਿਕ ਪੁਲਸ ’ਚ ਜ਼ਰੂਰ ਦਿੱਤੇ ਗਏ ਸਨ ਪਰ ਉਨ੍ਹਾਂ ਦਾ ਕੋਈ ਖਾਸ ਫਾਇਦਾ ਨਹੀਂ  ਰਿਹਾ।