ਘਰ ਜਾਣ ਲਈ ਬੱਸ ਉਡੀਕ ਰਹੇ ਬਜ਼ੁਰਗ ਨੂੰ ਅਚਾਨਕ ਪਾਇਆ ਮੌਤ ਨੇ ਘੇਰਾ

05/17/2021 10:42:51 PM

ਸੁਲਤਾਨਪੁਰ ਲੋਧੀ (ਸੋਢੀ)- ਕਹਿੰਦੇ ਹਨ ਕਿ ਬੰਦੇ ਦੀ ਮੌਤ ਦਾ ਕੋਈ ਪਤਾ ਨਹੀਂ ਕਿ ਉਹ ਉਸ ਨੂੰ ਕਿੱਥੇ ਉਡੀਕ ਰਹੀ ਹੈ, ਇਹ ਗੱਲ ਅੱਜ ਸੁਲਤਾਨਪੁਰ ਲੋਧੀ ਵਿੱਚ ਵਾਪਰੀ ਇੱਕ ਘਟਨਾ ਨੇ ਸੱਚ ਸਾਬਤ ਕਰ ਦਿੱਤੀ । ਇੱਕ 60 ਸਾਲ ਦਾ ਬਜ਼ੁਰਗ ਸਥਾਨਕ ਬੀ.ਡੀ.ਪੀ.ਓ. ਦਫਤਰ ਨੇੜਲੇ ਛੋਟੇ ਬੱਸ ਸਟੈਂਡ 'ਤੇ ਆਪਣੇ ਘਰ ਜਾਣ ਲਈ ਬੱਸ ਦੀ ਉਡੀਕ ਕਰ ਰਿਹਾ ਸੀ, ਦੋ ਘੰਟੇ ਤੋਂ ਬੱਸ ਦੀ ਉਡੀਕ ਵਿੱਚ ਬੈਠੇ ਰਹੇ ਬਜ਼ੁਰਗ ਨੂੰ ਅਚਾਨਕ ਮੌਤ ਨੇ ਘੇਰਾ ਪਾ ਲਿਆ । ਬੀ.ਡੀ.ਪੀ.ਓ. ਦਫਤਰ ਨੇੜਲੇ ਬੇਰ ਸਾਹਿਬ ਰੋਡ ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਵਿਅਕਤੀ ਬਾਅਦ ਦੁਪਹਿਰ ਮਿੰਨੀ ਬੱਸ ਸਟੈਂਡ ਦੇ ਸ਼ੈੱਡ ਹੇਠਾਂ ਬੈਠਾ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਉਹ ਬੈਠਾ-ਬੈਠਾ ਇੱਕ ਪਾਸੇ ਡਿੱਗ ਪਿਆ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਰੀਬ ਦੋ ਘੰਟੇ ਤੋਂ ਉਕਤ ਥਾਂ 'ਤੇ ਬੈਠਾ ਸ਼ਾਇਦ ਬੱਸ ਦੀ ਉਡੀਕ ਕਰ ਰਿਹਾ ਸੀ। ਦੁਕਾਨਦਾਰਾਂ ਨੇ ਹੀ ਪੁਲਸ ਨੂੰ ਸੂਚਿਤ ਕੀਤਾ, ਜਿਸ 'ਤੇ ਸਿਟੀ ਇੰਚਾਰਜ ਏ. ਐੱਸ.ਆਈ ਅਮਰਜੀਤ ਸਿੰਘ ਪੁਲਸ ਟੀਮ ਸਮੇਤ ਮੌਕੇ 'ਤੇ ਪੁੱਜੇ। ਉਨ੍ਹਾਂ ਮ੍ਰਿਤਕ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਮਿਲੇ ਆਧਾਰ ਕਾਰਡ ਤੋਂ ਉਸ ਦੀ ਪਹਿਚਾਣ ਪਾਲ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਲਾਟੀਆਂਵਾਲ ਵਜੋਂ ਹੋਈ ਹੈ। ਸਿਟੀ ਇੰਚਾਰਜ ਨੇ ਦੱਸਿਆ ਕਿ ਜਾਪਦਾ ਹੈ ਕਿ ਇਸ ਬਜ਼ੁਰਗ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਭੇਜ ਦਿੱਤਾ ਗਿਆ ਹੈ।

Bharat Thapa

This news is Content Editor Bharat Thapa