ਭਗਵਾਨ ਰਾਮ ਵੱਲੋਂ ਪਾਏ ਪੂਰਨਿਆਂ ’ਤੇ ਚੱਲਣ ਦੀ ਅਹਿਮ ਲੋੜ : ਡਾ. ਚੀਮਾ

10/16/2021 3:21:11 PM

ਰੂਪਨਗਰ (ਵਿਜੇ ਸ਼ਰਮਾ)- ਸ਼੍ਰੀ ਐੱਸ. ਡੀ. ਰਾਮਲੀਲਾ ਕਮੇਟੀ ਰੂਪਨਗਰ ਵੱਲੋਂ ਸ਼੍ਰੀ ਰਾਮਲੀਲਾ ਗਰਾਊਂਡ ’ਚ ਬੀਤੇ ਦਿਨ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਾਬਕਾ ਅਤੇ ਭਾਜਪਾ ਦੇ ਸੀਨੀ. ਲੀਡਰ ਮਦਨ ਮੋਹਨ ਮਿੱਤਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ ਨੂੰ ਮੁੱਖ ਰੱਖਦੇ ਹੋਏ ਆਪਸੀ ਭਾਈਚਾਰਾ ਬਣਾ ਕੇ ਰੱਖਣ ਅਤੇ ਗਲਤ ਅਫ਼ਵਾਹਾਂ ਤੋਂ ਬਚਣ। ਉਨ੍ਹਾਂ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਪੰਜਾਬ ’ਚ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਇਸ ਮੌਕੇ ਐੱਸ. ਡੀ. ਰਾਮ ਲੀਲਾ ਕਮੇਟੀ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਹਰ ਸਾਲ ਵਾਂਗ ਇਸ ਸਾਲ ਵੀ ਰਾਮ ਲੀਲਾ ਕਰਵਾਉਣ ਦਾ ਵਧੀਆ ਪ੍ਰਬੰਧ ਕੀਤਾ ਅਤੇ ਪੂਰੀ ਰੀਤੀ-ਰਿਵਾਜਾਂ ਨਾਲ ਰਾਮ ਲੀਲਾ ਨੂੰ ਸੰਪੰਨ ਕੀਤਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਵੀ ਭਗਵਾਨ ਰਾਮ ਵਲੋਂ ਪਾਏ ਪੂਰਨਿਆਂ ’ਤੇ ਚੱਲਣ ਦੀ ਲੋੜ ਹੈ ਤਾਂ ਜੋ ਰਾਜ ’ਚ ਹਿੰਦੂ ਸਿੱਖ ਭਾਈਚਾਰੇ ਨੂੰ ਮਜ਼ਬੂਤ ਕੀਤਾ ਜਾ ਸਕੇ ਤੇ ਪੰਜਾਬ ਦਾ ਸਰਬਪੱਖੀ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਰਾਮਲੀਲਾ ’ਚ ਸਾਨੂੰ ਇਤਿਹਾਸ ਬਾਰੇ ਪੂਰਨ ਜਾਣਕਾਰੀ ਮਿਲਦੀ ਹੈ ਕਿ ਇਕ ਪੁੱਤਰ ਨੇ ਆਪਣੇ ਪਿਤਾ ਦੀ ਆਗਿਆ ਦਾ ਪਾਲਣ ਕਰਦੇ ਹੋਏ 14 ਸਾਲ ਦਾ ਲੰਬਾ ਬਨਵਾਸ ਕੱਟਿਆ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਅਤੇ ਭਰਾ ਲਛਮਣ ਵੀ ਸਨ। ਉਨ੍ਹਾਂ ਕਿਹਾ ਕਿ ਦੁਸਹਿਰਾ ਅਧਰਮ ’ਤੇ ਧਰਮ ਦੀ ਜਿੱਤ ਦਾ ਪ੍ਰਤੀਕ ਹੈ ਤੇ ਸੱਚਾਈ ਹਮੇਸ਼ਾ ਹੀ ਜੇਤੂ ਰਹਿੰਦੀ ਹੈ।

ਇਹ ਵੀ ਪੜ੍ਹੋ: ਵਿਰੋਧ ਦਾ ਲੋਕਾਂ ਨੇ ਲੱਭਿਆ ਅਨੋਖਾ ਢੰਗ, ‘ਦੁਸਹਿਰੇ’ ’ਤੇ ਨਸ਼ਾ, ਅੱਤਵਾਦ ਤੇ ਮੰਗਾਂ ਲਈ ਸੜਨ ਲੱਗੇ ਆਗੂਆਂ ਦੇ ਪੁਤਲੇ


ਉਨ੍ਹਾਂ ਭਗਵਾਨ ਰਾਮ ਦੀਆਂ ਸਿੱਖਿਆਵਾਂ ਨੂੰ ਜੀਵਨ ’ਚ ਅਪਣਾਉਣ ਲਈ ਕਿਹਾ। ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸਾਨੂੰ ਅੱਜ ਵੀ ਮਰਿਆਦਾ ਪ੍ਰਸ਼ੋਤਮ ਭਗਵਾਨ ਰਾਮ ਦੇ ਦੱਸੇ ਹੋਏ ਮਾਰਗ ’ਤੇ ਚੱਲਣ ਦੀ ਲੋੜ ਹੈ ਤਾਂ ਹੀ ਅਸੀਂ ਪੰਜਾਬ ਦਾ ਬਹੁਪੱਖੀ ਵਿਕਾਸ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ’ਚ ਪੰਜਾਬ ’ਚ ਕਾਂਗਰਸ ਦੀ ਦੁਬਾਰਾ ਸਰਕਾਰ ਬਣਦੀ ਹੈ ਤਾਂ ਉਹ ਰਾਮਲੀਲਾ ਕਮੇਟੀ ਨੂੰ 50 ਲੱਖ ਰੁ. ਦੇਣ ਦਾ ਵਾਅਦਾ ਕਰਦੇ ਹਨ ਪਰ ਮੌਕੇ ’ਤੇ ਹਾਜ਼ਰ ਨੇਤਾਵਾਂ ਨੇ ਕਿਹਾ ਕਿ ਹੁਣ ਵੀ ਉਨ੍ਹਾਂ ਦੀ ਸਰਕਾਰ ਹੈ। ਇਸ ਲਈ ਉਹ ਅੱਜ ਹੀ ਕੋਈ ਐਲਾਨ ਕਰ ਕੇ ਜਾਣ।

ਇਹ ਵੀ ਪੜ੍ਹੋ: ਦੁਸਹਿਰੇ ਦੇ ਤਿਉਹਾਰ ਮੌਕੇ ਦੋ ਕਰੋੜ ਦੀਆਂ ਜਲੇਬੀਆਂ ਖਾ ਗਏ ਜਲੰਧਰ ਵਾਸੀ

ਰਾਮ ਲੀਲਾ ਗਰਾਊਂਡ ’ਚ ਪਹੁੰਚੇ ਮੁੱਖ ਮਹਿਮਾਨਾਂ ਅਤੇ ਐੱਸ. ਡੀ. ਰਾਮ ਲੀਲਾ ਕਮੇਟੀ ਵੱਲੋਂ ਸ਼ਾਮ ਦੇ ਸਮੇਂ ਰਾਵਣ, ਕੁੰਭਕਰਨ, ਮੇਘਨਾਥ ਦੇ ਪੁਤਲਿਆਂ ਨੂੰ ਅੱਗ ਲਾਈ ਗਈ। ਰਾਮ ਲੀਲਾ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਪੱਪੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਗਰ ਕੌਸਲ ਪ੍ਰਧਾਨ ਸੰਜੇ ਵਰਮਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕਡ਼, ਸਾਬਕਾ ਕੌਸਲਰ ਵੇਦ ਪ੍ਰਕਾਸ਼ ਚੌਧਰੀ, ਕੌਂਸਲਰ ਚਰਨਜੀਤ ਸਿੰਘ ਚੰਨੀ, ਕੌਂਸਲਰ ਗੁਰਮੀਤ ਸਿੰਘ ਰਿੰਕੂ, ਕੌਂਸਲਰ ਅਮਰਜੀਤ ਸਿੰਘ ਜੌਲੀ, ਕੌਂਸਲਰ ਮੋਹਿਤ ਸ਼ਰਮਾ ਅਤੇ ‘ਆਪ’ ਆਗੂ ਸੰਦੀਪ ਜੋਸ਼ੀ ਮੌਜੂਦ ਸਨ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਦੀ ਕਾਰਜ ਪ੍ਰਣਾਲੀ ਦੇ ਕਾਇਲ ਹੋਏ ਲੋਕ, ਹਵਾਈ ਸਫ਼ਰ ਦੌਰਾਨ ਸਰਕਾਰੀ ਫਾਈਲਾਂ ਨਿਪਟਾਈਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri