ਦੇਸੀ ਘਿਓ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਕਿਡਨੀਆਂ ਕਰ ਸਕਦੈ ਖਰਾਬ (ਤਸਵੀਰਾਂ)

03/12/2020 11:28:31 AM

ਜਲੰਧਰ (ਰੱਤਾ)— ਜੇਕਰ ਤੁਸੀਂ ਵੀ ਦੇਸੀ ਘਿਓ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਥੋੜ੍ਹੀ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਇਹ ਦੇਸੀ ਘਿਓ ਤੁਹਾਡੀ ਸਿਹਤ ਬਣਾਉਣ ਦੀ ਜਗ੍ਹਾ ਉਲਟਾ ਤੁਹਾਡੀਆਂ ਕਿਡਨੀਆਂ ਖਰਾਬ ਕਰ ਸਕਦਾ ਹੈ। ਮਾਰਕਿਟ 'ਚ ਅਜਿਹਾ ਨਕਲੀ ਦੇਸੀ ਘਿਓ ਵਿਕ ਰਿਹਾ ਹੈ, ਜੋ ਮਨੁੱਖੀ ਸਿਹਤ ਲਈ ਕਿਸੇ ਜ਼ਹਿਰ ਤੋਂ ਘੱਟ ਨਹੀਂ। ਮਿਲਾਵਟੀ ਅਤੇ ਘਟੀਆ ਕਿਸਮ ਦੇ ਖੁਰਾਕ ਪਦਾਰਥਾਂ ਦੀ ਵਿੱਕਰੀ 'ਤੇ ਰੋਕ ਲਾਉਣ ਲਈ ਜਾਰੀ ਮੁਹਿੰਮ ਤਹਿਤ ਸਿਹਤ ਵਿਭਾਗ ਦੀ ਟੀਮ ਨੇ ਬੁੱਧਵਾਰ ਨੂੰ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ 'ਚ ਛਾਪਾ ਮਾਰ ਕੇ ਉਥੋਂ 2 ਸੈਂਪਲ ਭਰੇ ਅਤੇ ਲਗਭਗ ਡੇਢ ਕੁਇੰਟਲ ਘਿਓ ਨਸ਼ਟ ਕਰਵਾਇਆ।

ਜ਼ਿਲਾ ਸਿਹਤ ਅਧਿਕਾਰੀ ਡਾ. ਐੱਸ. ਐੱਸ. ਨਾਂਗਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੂਰਿਆ ਐਨਕਲੇਵ ਕੋਲ ਪੈਂਦੇ ਇਲਾਕੇ ਰਾਇਲ ਐਨਕਲੇਵ 'ਚ ਇਕ ਫੈਕਟਰੀ 'ਚ ਨਕਲੀ ਦੇਸੀ ਘਿਓ ਤਿਆਰ ਕੀਤਾ ਜਾਂਦਾ ਹੈ। ਸੂਚਨਾ ਦੇ ਆਧਾਰ 'ਤੇ ਉਨ੍ਹਾਂ ਫੂਡ ਸੇਫਟੀ ਅਫਸਰ ਰਾਸ਼ੂ ਮਹਾਜਨ ਅਤੇ ਰੋਬਿਨ ਕੁਮਾਰ ਨੂੰ ਨਾਲ ਲੈ ਕੇ ਉਕਤ ਫੈਕਟਰੀ ਐੱਸ. ਵੀ. ਕੰਪਨੀ 'ਚ ਛਾਪਾ ਮਾਰਿਆ।

ਟੀਮ ਨੇ ਵੇਖਿਆ ਕਿ ਉਥੇ ਬਨਸਪਤੀ, ਪਾਮ ਆਇਲ 'ਚ ਦੇਸੀ ਘਿਓ ਦਾ ਫਲੇਵਰ ਮਿਲਾ ਕੇ 'ਕੁਕਿੰਗ ਮੀਡੀਅਮ' ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਤਿਆਰ ਕਰਨ ਅਤੇ ਵੇਚਣ 'ਤੇ ਸਰਕਾਰ ਨੇ ਪਾਬੰਦੀ ਲਾਈ ਹੋਈ ਹੈ। ਡਾ. ਨਾਂਗਲ ਨੇ ਦੱਸਿਆ ਕਿ ਟੀਮ ਨੇ ਉਥੇ ਤਿਆਰ ਕੁਕਿੰਗ ਮੀਡੀਅਮ ਦੇ 2 ਸੈਂਪਲ ਭਰੇ ਅਤੇ ਤਿਆਰ ਕੀਤੇ ਜਾ ਰਹੇ, ਪੈਕ ਪਏ ਲਗਭਗ ਡੇਢ ਕੁਇੰਟਲ ਕੁਕਿੰਗ ਮੀਡੀਅਮ ਨੂੰ ਨਸ਼ਟ ਕਰਵਾ ਦਿੱਤਾ। ਇਸ ਤੋਂ ਬਾਅਦ ਟੀਮ ਨੇ ਨਮਕ ਤੇ ਪੈਕਿੰਗ ਵਾਟਰ ਦਾ ਸੈਂਪਲ ਭਰਿਆ।

ਇਹ ਵੀ ਪੜ੍ਹੋ: ਫਗਵਾੜਾ ਗੋਲੀਕਾਂਡ ਮਾਮਲੇ 'ਚ ਪੰਜਾਬੀ ਗਾਇਕ ਗ੍ਰਿਫਤਾਰ

shivani attri

This news is Content Editor shivani attri