ਸਰਫੇਸ ਵਾਟਰ ਕੰਪਨੀ ਦੀ ਲਾਪਰਵਾਹੀ ਕਾਰਨ ਵਰਕਸ਼ਾਪ ਚੌਂਕ ਨੇੜੇ ਧਸ ਗਈ ਸੀ ਸਮਾਰਟ ਰੋਡ, ਨੋਟਿਸ ਜਾਰੀ

08/06/2023 11:09:07 AM

ਜਲੰਧਰ (ਖੁਰਾਣਾ)–ਸਤਲੁਜ ਦਰਿਆ ਦਾ ਪਾਣੀ ਜਲੰਧਰ ਤਕ ਲਿਆ ਕੇ ਉਸ ਨੂੰ ਪੀਣ ਯੋਗ ਬਣਾਉਣ ਸਬੰਧੀ ਸਰਫੇਸ ਵਾਟਰ ਪ੍ਰਾਜੈਕਟ ਦੇ ਕੰਮ ਵਿਚ ਲੱਗੀ ਐੱਲ. ਐਂਡ ਟੀ. ਕੰਪਨੀ ਦੇ ਇੰਜੀਨੀਅਰਾਂ ਦੀ ਲਾਪਰਵਾਹੀ ਦਾ ਖਮਿਆਜ਼ਾ ਜਲੰਧਰ ਸ਼ਹਿਰ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਭੁਗਤ ਰਹੇ ਹਨ।

ਹੁਣ ਸਾਹਮਣੇ ਆਇਆ ਹੈ ਕਿ ਐੱਲ. ਐਂਡ ਟੀ. ਕੰਪਨੀ ਦੀ ਲਾਪਰਵਾਹੀ ਦੇ ਕਾਰਨ ਹੀ ਲਗਭਗ 2 ਮਹੀਨੇ ਪਹਿਲਾਂ ਵਰਕਸ਼ਾਪ ਚੌਂਕ ਅਤੇ ਐੱਚ. ਐੱਮ. ਵੀ. ਕਾਲਜ ਦੇ ਸਾਹਮਣੇ ਬਣੀ ਸਮਾਰਟ ਰੋਡ ਧਸ ਗਈ ਸੀ। ਜ਼ਿਕਰਯੋਗ ਹੈ ਕਿ ਸਮਾਰਟ ਸਿਟੀ ਦੇ 50 ਕਰੋੜ ਰੁਪਿਆਂ ਦੀ ਲਾਗਤ ਨਾਲ ਸ਼ਹਿਰ ਵਿਚ ਲਗਭਗ 5 ਕਿਲੋਮੀਟਰ ਲੰਬੀ ਸਮਾਰਟ ਰੋਡ ਦਾ ਨਿਰਮਾਣ ਹੋਇਆ ਸੀ ਅਤੇ ਇਕ ਕਿਲੋਮੀਟਰ ਹਿੱਸੇ ’ਤੇ ਲਗਭਗ 10 ਕਰੋੜ ਰੁਪਏ ਦੀ ਲਾਗਤ ਆਈ ਹੈ।
ਸੜਕ ਦੇ ਨਿਰਮਾਣ ਕਾਰਜ ਦੌਰਾਨ ਇਸ ਇਲਾਕੇ ਵਿਚ ਸਰਫੇਸ ਵਾਟਰ ਕੰਪਨੀ ਦੇ ਪਾਈਪ ਐੱਲ. ਐਂਡ ਟੀ. ਕੰਪਨੀ ਵੱਲੋਂ ਪਾਏ ਗਏ ਸਨ ਅਤੇ ਇਹ ਦੋਵੇਂ ਕੰਮ ਵਰਕਸ਼ਾਪ ਚੌਕ ਦੇ ਨੇੜੇ ਆ ਕੇ ਇਕ ਹੀ ਸਮੇਂ ’ਚ ਕੀਤੇ ਜਾ ਰਹੇ ਸਨ। ਜੂਨ ਮਹੀਨੇ ਵਿਚ ਜਦੋਂ ਸਮਾਰਟ ਰੋਡ ਧਸ ਗਈ ਤਾਂ ਦੋਵੇਂ ਕੰਪਨੀਆਂ ਇਕ-ਦੂਜੇ ਦਾ ਕਸੂਰ ਕੱਢਣ ਲੱਗੀਆਂ, ਜਿਸ ਕਾਰਨ ਸਮਾਰਟ ਸਿਟੀ ਦੇ ਸੀ. ਈ. ਓ. ਨੇ ਇਸ ਸਬੰਧੀ ਜਾਂਚ ਦਾ ਕੰਮ ਐੱਨ. ਆਈ. ਟੀ. ਦੇ ਇੰਜੀਨੀਅਰਾਂ ਦੇ ਹਵਾਲੇ ਕਰ ਦਿੱਤਾ, ਜਿਨ੍ਹਾਂ ਨੇ ਆਪਣੀ ਰਿਪੋਰਟ ਵਿਚ ਐੱਲ. ਐਂਡ ਟੀ. ਕੰਪਨੀ ਦੇ ਇੰਜੀਨੀਅਰਾਂ ਨੂੰ ਦੋਸ਼ੀ ਠਹਿਰਾਇਆ ਹੈ।

ਇਹ ਵੀ ਪੜ੍ਹੋ-ਪਤਨੀ ਤੇ ਧੀ ਸਣੇ ਈਸ਼ਾ ਯੋਗ ਕੇਂਦਰ ਪਹੁੰਚੇ ਨਵਜੋਤ ਸਿੱਧੂ, ਤਸਵੀਰਾਂ ਕੀਤੀਆਂ ਸਾਂਝੀਆਂ

ਕੰਪਨੀ ਨੇ ਸਹੀ ਢੰਗ ਨਾਲ ਨਹੀਂ ਕੀਤੀ ਸੀ ਸ਼ਟਰਿੰਗ
ਐੱਨ. ਆਈ. ਟੀ. ਦੇ ਇੰਜੀਨੀਅਰਾਂ ਨੇ ਕਈ ਸਫਿਆਂ ਦੀ ਰਿਪੋਰਟ ਵਿਚ ਸਪੱਸ਼ਟ ਕੀਤਾ ਹੈ ਕਿ ਜਦੋਂ ਸਰਫੇਸ ਵਾਟਰ ਪ੍ਰਾਜੈਕਟ ਤਹਿਤ ਵੱਡੇ-ਵੱਡੇ ਪਾਈਪ ਵਰਕਸ਼ਾਪ ਵੱਲ ਪਾਏ ਜਾ ਰਹੇ ਸਨ, ਉਦੋਂ ਸੁਰੱਖਿਆ ਦੇ ਮੱਦੇਨਜ਼ਰ ਪੁਟਾਈ ਤੋਂ ਬਾਅਦ ਉਥੇ ਸ਼ਟਰਿੰਗ ਨਹੀਂ ਕੀਤੀ ਗਈ ਸੀ, ਜਿਸ ਕਾਰਨ ਨਵੀਂ ਬਣੀ ਸਮਾਰਟ ਰੋਡ ਦੇ ਹੇਠੋਂ ਮਿੱਟੀ ਖਿਸਕ ਗਈ ਅਤੇ ਹੌਲੀ-ਹੌਲੀ ਸਮਾਰਟ ਰੋਡ ਨੇ ਧਸਣਾ ਸ਼ੁਰੂ ਕਰ ਦਿੱਤਾ। ਰਿਪੋਰਟ ਆਉਣ ਤੋਂ ਬਾਅਦ ਸਮਾਰਟ ਸਿਟੀ ਕੰਪਨੀ ਨੇ ਐੱਲ. ਐਂਡ ਟੀ. ਕੰਪਨੀ ਨੂੰ ਨੋਟਿਸ ਜਾਰੀ ਕਰ ਕੇ ਨੁਕਸਾਨ ਦੀ ਭਰਪਾਈ ਲਈ ਕਿਹ ਹੈ ਅਤੇ ਸੀਵਰੇਜ ਬੋਰਡ ਤੋਂ ਵੀ ਜਵਾਬਤਲਬੀ ਕੀਤੀ ਜਾ ਰਹੀ ਹੈ, ਜਿਸ ਦੀ ਨਿਗਰਾਨੀ ਵਿਚ ਇਹ ਕੰਮ ਚੱਲ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਹੁਣ ਇਸ ਹਿੱਸੇ ਦੀ ਸਮਾਰਟ ਰੋਡ ਦਾ ਨਿਰਮਾਣ ਐੱਲ. ਐਂਡ ਟੀ. ਕੰਪਨੀ ਵੱਲੋਂ ਤੈਅਸ਼ੁਦਾ ਮਾਪਦੰਡਾਂ ਅਨੁਸਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਵਾਰਦਾਤ, ਦਿਨ ਚੜ੍ਹਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri