ਮਾਨਸਿਕ ਪ੍ਰੇਸ਼ਾਨੀ ਕਾਰਨ ਨੌਜਵਾਨ ਨੇ ਲਿਆ ਫਾਹ
03/24/2019 8:32:29 PM
ਹੁਸ਼ਿਆਰਪੁਰ, (ਅਮਰਿੰਦਰ)— ਥਾਣਾ ਸਦਰ ਅਧੀਨ ਆਉਂਦੇ ਪਿੰਡ ਅੱਜੋਵਾਲ ਦੇ ਰਹਿਣ ਵਾਲੇ 24 ਸਾਲਾ ਬਚਨ ਪਾਲ ਪੁੱਤਰ ਰਾਜ ਸਿੰਘ ਨੇ ਮਾਨਸਿਕ ਪ੍ਰੇਸ਼ਾਨੀ 'ਚ ਭਾਗੋਵਾਲ ਪਿੰਡ ਦੇ ਬਾਹਰ ਸੁੰਨਸਾਨ ਜਗ੍ਹਾ 'ਤੇ ਦਰੱਖ਼ਤ ਨਾਲ ਫਾਹ ਲੈ ਕੇ ਆਤਮ-ਹੱਤਿਆ ਕਰ ਲਈ। ਸਵੇਰੇ 10 ਵਜੇ ਦੇ ਕਰੀਬ ਭਾਗੋਵਾਲ ਪਿੰਡ ਦੇ ਲੋਕ ਸੁੰਨਸਾਨ ਸਥਾਨ 'ਤੇ ਮੋਟਰਸਾਈਕਲ ਖੜ੍ਹਾ ਦੇਖ ਕੇ ਜਦੋਂ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਦਰੱਖ਼ਤ ਨਾਲ ਇਕ ਨੌਜਵਾਨ ਦੀ ਲਾਸ਼ ਲਟਕਦੀ ਦੇਖ ਕੇ ਰੌਲਾ ਪਾ ਦਿੱਤਾ। ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਭਾਗੋਵਾਲ ਤੇ ਬਰੋਟੀ ਪਿੰਡ ਦੇ ਲੋਕ ਮੌਕੇ 'ਤੇ ਪਹੁੰਚ ਕੇ ਲਾਸ਼ ਦੀ ਸ਼ਨਾਖਤ ਲਈ ਲੋਕਾਂ ਤੋਂ ਪੁੱਛਗਿੱਛ ਕਰ ਹੀ ਰਹੇ ਸਨ ਕਿ ਅੱਜੋਵਾਲ ਦੇ ਲੋਕਾਂ ਨੇ ਲਾਸ਼ ਦੀ ਪਛਾਣ ਕਰ ਕੇ ਮ੍ਰਿਤਕ ਬਚਨ ਪਾਲ ਦੇ ਪਰਿਵਾਰ ਨੂੰ ਮਾਮਲੇ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਦਾ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ।
ਜਾਣਕਾਰੀ ਮੁਤਾਬਕ ਅੱਜੋਵਾਲ ਪਿੰਡ ਦਾ ਰਹਿਣ ਵਾਲਾ ਮ੍ਰਿਤਕ ਬਚਨ ਪਾਲ ਪੇਸ਼ੇ ਤੋਂ ਰੇਹੜੀ 'ਤੇ ਕੁਰਸੀਆਂ ਵੇਚਣ ਦਾ ਕੰਮ ਕਰਦਾ ਸੀ। ਕਰੀਬ 6 ਮਹੀਨੇ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਬਚਨ ਪਾਲ ਸਵੇਰੇ ਕਰੀਬ 8 ਵਜੇ ਆਪਣੇ ਮੋਟਰਸਾਈਕਲ 'ਤੇ ਕਿਸੇ ਕੰਮ ਜਾਣ ਦਾ ਕਹਿ ਕੇ ਘਰੋਂ ਨਿਕਲਿਆ ਸੀ। ਬਚਨ ਪਾਲ ਵੱਲੋਂ ਆਤਮ-ਹੱਤਿਆ ਦੀ ਸੂਚਨਾ ਮਿਲਦੇ ਹੀ ਪਰਿਵਾਰ ਨੂੰ ਕਾਫੀ ਵੱਡਾ ਸੱਦਮਾ ਪਹੁੰਚਿਆ ਹੈ।
ਥਾਣਾ ਸਦਰ ਪੁਲਸ ਨੇ ਦੱਸਿਆ ਕਿ ਮ੍ਰਿਤਕ ਬਚਨ ਪਾਲ ਦੇ ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਉਹ ਮਾਨਸਿਕ ਤੌਰ 'ਤੇ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ। ਪੁਲਸ ਨੂੰ ਮ੍ਰਿਤਕ ਪਾਸੋਂ ਕੋਈ ਸੁਸਾਈਡ ਨੋਟ ਨਹੀਂ ਬਰਾਮਦ ਹੋਇਆ। ਪੁਲਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਅਧੀਨ ਕਾਰਵਾਈ ਪੂਰੀ ਕਰ ਕੇ ਲਾਸ਼ ਪੋਸਟਮਾਰਟਮ ਉਪਰੰਤ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।