ਭਾਰੀ ਵਾਹਨ ਕਾਰਨ ਇੰਟਰਲਾਕਿੰਗ ਟਾਈਲਾਂ ਵਾਲੀ ਗਲੀ ਧਸੀ

01/24/2019 3:29:14 AM

ਕਾਠਗਡ਼੍ਹ, (ਭਾਟੀਆ)- ਪਿੰਡ ਨੀਲੇਵਾਡ਼ੇ ਵਿਚ ਪਿਛਲੇ ਕੁਝ ਮਹੀਨੇ ਪਹਿਲਾਂ ਇੰਟਰਲਾਕਿੰਗ ਟਾਈਲਾਂ ਨਾਲ ਬਣੀ ਗਲੀ ਦੇ ਧਸ ਜਾਣ ਦਾ ਸਮਾਚਾਰ  ਹੈ।
 ਜਾਣਕਾਰੀ ਅਨੁਸਾਰ ਨੀਲੇਵਾਡ਼ੇ ਪਿੰਡ ਦੀ ਮੇਨ ਗਲੀ   ਜੋ ਬਾਬਾ ਬਾਲਕ ਨਾਥ ਮੰਦਰ ਨੂੰ ਜਾਂਦੀ ਹੈ, ਨੂੰ ਕੁਝ ਮਹੀਨੇ ਪਹਿਲਾਂ ਇੰਟਰਲਾਕਿੰਗ ਟਾਈਲਾਂ ਨਾਲ ਪੱਕਾ ਕੀਤਾ  ਗਿਆ ਸੀ। ਪਰ ਬੀਤੇ ਦਿਨੀਂ ਕਿਸੇ ਵਾਹਨ ਦੇ ਲੰਘਣ ਕਾਰਨ ਗਲੀ ਦਾ ਕੁਝ ਹਿੱਸਾ ਜਿੱਥੇ ਧਸ ਗਿਆ ਹੈ ਉਥੇ ਹੀ ਗਲੀ ਦੇ ਨਾਲ ਲੱਗਦੇ ਗੰਦੇ ਪਾਣੀ ਦੇ ਨਿਕਾਸ ਲਈ ਬਣਿਆ ਰੈਂਪ (ਸਲੈਬ) ਵੀ ਟੁੱਟ ਗਿਆ। ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਇਸ ਗਲੀ ਦਾ ਨਿਰਮਾਣ ਮਨਰੇਗਾ ਅਧੀਨ ਕਰਵਾਇਆ ਗਿਆ ਹੈ, ਜਿਸ ਨੂੰ  ਬਣਾਉਣ ਸਮੇਂ ਜਾਪਦਾ ਹੈ ਕਿ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ ਜਿਸ ਕਾਰਨ ਗਲੀ ਪੂਰੀ ਮਜ਼ਬੂਤ ਨਹੀਂ ਬਣ ਸਕੀ। ਇਸ ਸਬੰਧੀ ਜਦੋਂ ਮਨਰੇਗਾ ਵਲੋਂ ਕੰਮ ਕਰਵਾ ਰਹੇ ਕਰਮਚਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗਲੀ ਵਿਚੋਂ ਕੋਈ ਭਾਰੀ ਵਾਹਨ ਲੰਘਿਆ ਹੈ ਜਿਸ ਕਾਰਨ ਗਲੀ ਨੁਕਸਾਨੀ ਗਈ ਹੈ ਅਤੇ ਇਸ ਨੂੰ ਸਹੀ ਕਰਵਾ ਦਿੱਤਾ ਜਾਵੇਗਾ। 
 ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਗਲੀਆਂ ਨੂੰ ਬਣਾਉਣ ਸਮੇਂ ਮਜ਼ਬੂਤੀ ਦਾ ਵਿਭਾਗ ਖਾਸ ਧਿਆਨ ਰੱਖੇ ਕਿਉਂਕਿ ਅੱਜਕਲ ਪਿੰਡਾਂ ਵਿਚ ਟਰੈਕਟਰ-ਟਰਾਲੀਆਂ ਆਮ ਤੌਰ ’ਤੇ ਲੰਘਦੀਆਂ ਹੀ ਰਹਿੰਦੀਆਂ ਹਨ। ਜੇਕਰ ਵਿਭਾਗ ਈਮਾਨਦਾਰੀ ਨਾਲ ਪੂਰਾ ਮਟੀਰੀਅਲ ਪਾ ਕੇ ਕੰਮ ਕਰਵਾਏ ਤਾਂ ਗਲੀਆਂ-ਨਾਲੀਆਂ ਦੀ ਉਮਰ ਲੰਬੀ ਹੋ ਸਕਦੀ ਹੈ।