ਲੰਗਰ ਦੀਆਂ ਕੜਾਹੀਆਂ 'ਚ ਇੰਝ ਲੁਕਾ ਕੇ ਵਿਦੇਸ਼ ਲਿਜਾਂਦੇ ਸਨ ਅਫੀਮ, ਹੋਇਆ ਖੁਲਾਸਾ

06/20/2018 4:09:10 PM

ਜਲੰਧਰ (ਵਰੁਣ)— ਕੜਾਹੀਆਂ 'ਚ ਅਫੀਮ ਅਤੇ ਕੈਟਾਮਾਈਨ ਲੁਕਾ ਕੇ ਵਿਦੇਸ਼ ਭੇਜਣ ਵਾਲੇ ਗਿਰੋਹ ਦੇ ਕਿੰਗਪਿਨ ਹੈਰੋਇਨ ਸਮੱਗਲਿੰਗ ਦੇ ਕੇਸ 'ਚ ਜੇਲ ਗਏ ਜੀਤ ਦੀ ਮੁਲਾਕਾਤ ਦੇਵ ਨਾਲ ਹੋਈ ਸੀ। ਜੇਲ 'ਚ ਹੀ ਪਲਾਨ ਤਿਆਰ ਕਰਕੇ ਜੀਤ ਅਤੇ ਦੇਵ ਨੇ ਕਿਸੇ ਬੇਗਾਨੇ ਦੀ ਥਾਂ ਸਕੇ ਭਰਾ ਤ੍ਰਿਲੋਚਣ ਅਤੇ ਮਾਮੇ ਦੇ ਬੇਟੇ ਗੁਰਬਖਸ਼ ਸਿੰਘ ਨੂੰ ਗਿਰੋਹ ਵਿਚ ਸ਼ਾਮਲ ਕੀਤਾ।
ਦਵਿੰਦਰ ਨਿਰਵਾਲ ਉਰਫ ਦੇਵ ਖੁਦ ਵੀ ਕੈਨੇਡੀਅਨ ਸਿਟੀਜ਼ਨ ਹੈ, ਜਿਸ ਦੀ ਕੈਨੇਡਾ 'ਚ ਟੋਰਾਂਟੋ ਵਾਸੀ ਕਮਲਜੀਤ ਸਿੰਘ ਨਾਲ ਜਾਣ-ਪਛਾਣ ਸੀ। ਜੇਲ ਵਿਚ ਦੇਵ ਅਤੇ ਜੀਤ ਦੀ ਮੁਲਾਕਾਤ ਹੋਈ ਤਾਂ ਪਹਿਲਾਂ ਉਨ੍ਹਾਂ ਨੇ ਹੈਰੋਇਨ ਵੇਚਣ ਦਾ ਕੰਮ ਕਰਨ ਦੀ ਸੋਚੀ ਪਰ ਹੈਰੋਇਨ ਦਾ ਕੰਮ ਕਰਨ ਤੋਂ ਜੀਤ ਨੇ ਇਸ ਲਈ ਮਨ੍ਹਾ ਕਰ ਦਿੱਤਾ ਕਿਉਂਕਿ ਉਸ ਵਿਰੁੱਧ ਪਹਿਲਾਂ ਹੀ 3 ਕੇਸ ਦਰਜ ਸਨ, ਜਦਕਿ ਉਸ ਨੂੰ ਹੈਰੋਇਨ ਵੇਚਣ ਵਾਲੇ ਸਮੱਗਲਰ ਵੀ ਜੇਲ ਵਿਚ ਹੀ ਸਨ। ਇਨ੍ਹਾਂ ਕਾਰਨਾਂ ਕਰਕੇ ਜੀਤ ਨੇ ਅਫੀਮ ਅਤੇ ਕੈਟਾਮਾਈਨ ਸਪਲਾਈ ਕਰਨ ਬਾਰੇ ਸੋਚਿਆ। ਜੀਤ ਹੀ ਸਭ ਤੋਂ ਪਹਿਲਾਂ ਯੂ. ਪੀ. ਦੇ ਰਾਮਪੁਰ ਇਲਾਕੇ ਵਿਚ ਰਹਿੰਦੇ ਕੈਟਾਮਾਈਨ ਦੇ ਸਮੱਗਲਰ ਨੂੰ ਮਿਲਿਆ, ਜਿਸ ਨਾਲ ਸਾਰੀ ਡੀਲ ਤੈਅ ਕਰ ਦਿੱਤੀ ਗਈ, ਜਦਕਿ ਉਸ ਤੋਂ ਬਾਅਦ ਅਫੀਮ ਦਾ ਇੰਤਜ਼ਾਮ ਕਰਨ ਲਈ ਉਹ ਗੁਜਰਾਤ ਬਾਰਡਰ 'ਤੇ ਗਿਆ। 
ਦੂਜੇ ਪਾਸੇ ਦੇਵ ਟੋਰਾਂਟੋ 'ਚ ਰਹਿੰਦੇ ਕਮਲਜੀਤ ਨਾਲ ਸਾਰੀ ਡੀਲ ਕਰ ਚੁੱਕਾ ਸੀ ਪਰ ਕੋਰੀਅਰ ਕਰਨ ਤੋਂ ਪਹਿਲਾਂ ਹੀ ਉਹ ਪੁਲਸ ਦੇ ਹੱਥੇ ਚੜ੍ਹ ਗਏ। ਮੁਲਜ਼ਮਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਅਜੇ ਇਕ ਵਾਰ ਹੀ ਅਫੀਮ ਦੀ ਸਪਲਾਈ ਕੈਨੇਡਾ ਭੇਜੀ ਸੀ। ਦੱਸ ਦੇਈਏ ਕਿ ਕਾਊਂਟਰ ਇੰਟੈਲੀਜੈਂਸ ਅਤੇ ਜਲੰਧਰ ਰੂਰਲ ਪੁਲਸ ਨੇ ਦਵਿੰਦਰ ਉਰਫ ਦੇਵ, ਅਜੀਤ ਸਿੰਘ ਉਰਫ ਜੀਤ ਵਾਸੀ ਜੈਤੇਵਾਲੀ, ਅਜੀਤ ਦੇ ਭਰਾ ਤ੍ਰਿਲੋਚਣ ਅਤੇ ਗੁਰਬਖਸ਼ ਸਿੰਘ ਵਾਸੀ ਕਾਠੇ ਹੁਸ਼ਿਆਰਪੁਰ ਨੂੰ ਜੰਡੂਸਿੰਘਾ ਕੋਲੋਂ ਲਗਜ਼ਰੀ ਕਾਰਾਂ ਵਿਚ ਜਾਂਦੇ ਹੋਏ ਕਾਬੂ ਕੀਤਾ ਸੀ। ਤਲਾਸ਼ੀ ਲਈ ਗਈ ਤਾਂ ਕਾਰਾਂ 'ਚ ਪਈਆਂ ਕੜਾਹੀਆਂ ਵਿਚ ਲੁਕਾਈ ਹੋਈ 4.75 ਕੈਟਾਮਾਈਨ ਅਤੇ 6 ਕਿਲੋ ਅਫੀਮ ਬਰਾਮਦ ਹੋਈ ਸੀ। ਦੋਸ਼ੀਆਂ ਨੇ ਜਾਅਲੀ ਆਈ. ਡੀ. ਪਰੂਫ 'ਤੇ ਉਕਤ ਕੜਾਹੀਆਂ ਕੈਨੇਡਾ ਭੇਜਣੀਆਂ ਸਨ। ਜੀਤ ਦਾ ਕੰਮ ਨਸ਼ੇ ਦਾ ਇੰਤਜ਼ਾਮ ਕਰਨਾ ਸੀ, ਜਦਕਿ ਦੇਵ ਵਿਦੇਸ਼ 'ਚ ਰਹਿੰਦੇ ਗਾਹਕਾਂ ਨਾਲ ਡੀਲ ਕਰਦਾ ਸੀ। ਚਾਰੋਂ ਮੁਲਜ਼ਮ 4 ਦਿਨਾਂ ਦੇ ਰਿਮਾਂਡ 'ਤੇ ਹਨ। 
ਕਾਲ ਡਿਟੇਲ ਦੀ ਵੀ ਹੋ ਰਹੀ ਹੈ ਜਾਂਚ
ਚਾਰਾਂ ਮੁਲਜ਼ਮਾਂ ਦੇ ਮੋਬਾਇਲ ਨੰਬਰਾਂ ਦੀ ਪੁਲਸ ਨੇ ਡਿਟੇਲ ਵੀ ਕਢਵਾਈ ਹੈ। ਪੁਲਸ ਚਾਰਾਂ ਮੁਲਜ਼ਮਾਂ ਦੀ ਕਾਲ ਡਿਟੇਲ ਕੱਢਵਾ ਕੇ ਉਨ੍ਹਾਂ ਦੇ ਹੋਰਨਾਂ ਲੋਕਾਂ ਨਾਲ ਲਿੰਕ ਇਕੱਠੇ ਕਰ ਰਹੀ ਹੈ, ਹਾਲਾਂਕਿ ਹੁਣ ਤੱਕ ਕੋਈ ਸ਼ੱਕੀ ਨੰਬਰ ਨਹੀਂ ਮਿਲਿਆ ਪਰ ਪੁਲਸ ਦਾ ਕਹਿਣਾ ਹੈ ਕਿ ਰੈਕੇਟ ਨਾਲ ਜੇਕਰ ਕੋਈ ਜੁੜਿਆ ਹੋਇਆ ਹੈ ਤਾਂ ਛੇਤੀ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। 
ਦੇਵ ਅਤੇ ਜੀਤ ਦੀ ਪ੍ਰਾਪਰਟੀ ਦੀ ਜਾਂਚ ਕਰ ਰਹੀ ਪੁਲਸ 
ਜੀਤ ਕਾਫੀ ਸਮੇਂ ਤੋਂ ਹੈਰੋਇਨ ਦੀ ਸਮੱਗਲਿੰਗ ਕਰ ਰਿਹਾ ਸੀ, ਜਦਕਿ ਦੇਵ ਦਾ ਰਿਕਾਰਡ ਵੀ ਅਪਰਾਧਿਕ ਹੋਣ ਕਾਰਨ ਪੁਲਸ ਇਨ੍ਹਾਂ ਦੋਵਾਂ 'ਤੇ ਸ਼ਿਕੰਜਾ ਕੱਸਦੀ ਜਾ ਰਹੀ ਹੈ। ਇਸ ਕਾਰਨ ਪੁਲਸ ਦੋਵਾਂ ਮੁਲਜ਼ਮਾਂ ਦੀ ਪ੍ਰਾਪਰਟੀ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਦੇ ਬੈਂਕ ਖਾਤੇ, ਐੱਫ. ਡੀ., ਲਾਕਰਾਂ ਦੀ ਵੀ ਜਾਂਚ ਕੀਤੀ ਜਾਵੇਗੀ।