ਸਮੱਗਲਰ ਮੱਖਣ ਸਿੰਘ ਦੇ ਘਰੋਂ ਮਿਲੀ 6.50 ਲੱਖ ਦੀ ਡਰੱਗਜ਼ ਮਨੀ

09/18/2019 12:48:07 PM

ਜਲੰਧਰ (ਜ.ਬ.)— ਫਿਰੋਜ਼ਪੁਰ 'ਚ ਛਾਪਾਮਾਰੀ ਕਰਕੇ ਫੜੇ ਗਏ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲੇ ਸਮੱਗਲਰ ਮੱਖਣ ਸਿੰਘ ਦੇ ਘਰ ਦੋਬਾਰਾ ਛਾਪਾਮਾਰੀ ਕਰਕੇ 6.50 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਮੱਖਣ ਸਿੰਘ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਸ ਨੇ ਦੋਬਾਰਾ ਉਸ ਨੂੰ ਰਿਮਾਂਡ 'ਤੇ ਲਿਆ ਹੈ। 14 ਸਤੰਬਰ ਨੂੰ ਵੀ ਸੀ. ਆਈ. ਏ. ਸਟਾਫ ਅਤੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਫਿਰੋਜ਼ਪੁਰ ਦੇ ਮੱਖਣ ਸਿੰਘ ਦੇ ਘਰ ਛਾਪਾਮਾਰੀ ਕੀਤੀ ਸੀ ਪਰ ਕੁਝ ਵੀ ਬਰਾਮਦ ਨਹੀਂ ਹੋਇਆ ਸੀ। ਪੁਲਸ ਨੇ ਦੋਬਾਰਾ ਮੱਖਣ ਸਿੰਘ ਦੇ ਘਰ ਛਾਪਾਮਾਰੀ ਕੀਤੀ ਤਾਂ ਘਰ 'ਚ ਲੁਕੋਈ 6.50 ਲੱਖ ਦੀ ਡਰੱਗਜ਼ ਮਨੀ ਬਰਾਮਦ ਕੀਤੀ ਗਈ। ਪੁਲਸ ਨੂੰ ਸ਼ੱਕ ਹੈ ਕਿ ਮੱਖਣ ਸਿੰਘ ਦੇ ਲੜਕੇ ਚਰਨਜੀਤ ਸਿੰਘ ਕੋਲ ਵੀ ਭਾਰੀ ਡਰੱਗਜ਼ ਮਨੀ ਹੋ ਸਕਦੀ ਹੈ। ਫਿਲਹਾਲ ਉਹ ਫਰਾਰ ਹੈ, ਜਿਸ ਦੀ ਤਲਾਸ਼ 'ਚ ਲਗਾਤਾਰ ਛਾਪਾਮਾਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਵੱਲੋਂ ਫਿਰੋਜ਼ਪੁਰ ਵਾਸੀ ਇਕ ਸਰਪੰਚ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰਕੇ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ।

ਪੁੱਛਗਿੱਛ 'ਚ ਪਤਾ ਲੱਗਾ ਕਿ ਦੋਵੇਂ ਮੁਲਜ਼ਮ ਮੱਖਣ ਸਿੰਘ ਅਤੇ ਉਸ ਦੇ ਲੜਕੇ ਤੋਂ ਹੈਰੋਇਨ ਮੰਗਵਾਉਂਦੇ ਹਨ, ਜਿਨ੍ਹਾਂ ਦੇ ਲਿੰਕ ਪਾਕਿਸਤਾਨੀ ਸਮੱਗਲਰਾਂ ਦੇ ਨਾਲ ਹਨ। ਸੀ. ਆਈ. ਏ. ਸਟਾਫ-1 ਦੀ ਟੀਮ ਨੇ ਫਿਰੋਜ਼ਪੁਰ 'ਚ ਛਾਪਾਮਾਰੀ ਕਰਕੇ ਮੱਖਣ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਬਾਰਡਰ ਦੇ ਨਾਲ ਲੱਗਦੇ ਖੇਤਾਂ 'ਚੋਂ 1 ਕਿਲੋ ਹੈਰੋਇਨ ਬਰਾਮਦ ਹੋਈ ਸੀ, ਜਦਕਿ 30 ਬੋਰ ਦੀ ਚਾਈਨੀਜ਼ ਪਿਸਤੌਲ ਅਤੇ 30 ਗੋਲੀਆਂ ਵੀ ਮਿਲੀਆਂ ਸਨ।
ਪੁਲਸ ਨੇ ਦਾਅਵਾ ਕੀਤਾ ਹੈ ਕਿ ਮੱਖਣ ਸਿੰਘ ਦੇ ਲੜਕੇ ਚਰਨਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਵੀ ਲਿੰਕ ਮਿਲ ਸਕਦੇ ਹਨ। ਪਾਕਿਸਤਾਨੀ ਸਿਮ ਤੋਂ ਚਰਨਜੀਤ ਸਿੰਘ ਹੀ ਹੈਰੋਇਨ ਦੀ ਖੇਪ ਤੋਂ ਲੈ ਕੇ ਪੈਸਿਆਂ ਦੇ ਲੈਣ-ਦੇਣ ਦੀ ਡੀਲ ਕਰਦਾ ਸੀ। ਏ. ਸੀ. ਪੀ. ਵੈਸਟ ਬਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਡਰੱਗ ਮਨੀ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ। ਉਹ ਛਾਪਾਮਾਰੀ ਕਰਨ ਲਈ ਜਾ ਰਹੇ ਹਨ, ਜਦਕਿ ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਨੇ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ।

ਸ਼ੱਕ ਨਾ ਪਵੇ, ਇਸ ਲਈ ਘਰ ਦਾ ਕੰਮ ਨਹੀਂ ਕਰਵਾਇਆ
ਮੱਖਣ ਸਿੰਘ ਨੇ ਡਰੱਗਜ਼ ਮਨੀ ਨਾਲ ਕਾਫੀ ਹੱਦ ਤੱਕ ਆਪਣਾ ਘਰ ਬਣਾਇਆ ਪਰ ਜ਼ਿਆਦਾਤਰ ਘਰ ਦਾ ਕੰਮ ਇਸ ਲਈ ਨਹੀਂ ਕਰਵਾਇਆ ਤਾਂ ਕਿ ਲੋਕਾਂ ਨੂੰ ਸ਼ੱਕ ਨਾ ਪੈ ਜਾਵੇ। ਹਾਲਾਂਕਿ ਛਾਪਾਮਾਰੀ ਕਰਨ ਗਈ ਪੁਲਸ ਟੀਮ ਦਾ ਸਥਾਨਕ ਲੋਕਾਂ ਅਤੇ ਪੰਚਾਇਤ ਦੇ ਮੈਂਬਰਾਂ ਨੇ ਪੂਰਾ ਸਾਥ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੱਖਣ ਸਿੰਘ ਦੇ ਨਾਲ ਹੈਰੋਇਨ ਸਮੱਗਲਿੰਗ 'ਚ ਜੁੜੇ 2 ਹੋਰ ਲੋਕਾਂ ਨੂੰ ਵੀ ਫਿਰੋਜ਼ਪੁਰ ਪੁਲਸ ਨੇ ਚੁੱਕ ਲਿਆ ਹੈ।