ਹੈਰੋਇਨ ਤੇ ਚੂਰਾ-ਪੋਸਤ ਛੱਡ ਕੇ ਨਸ਼ੀਲੀਆਂ ਗੋਲੀਆਂ ਸਣੇ ਇੰਜੈਕਸ਼ਨਾਂ ਦੀ ਹੋਣ ਲੱਗੀ ਸਮੱਗਲਿੰਗ

05/25/2019 12:27:25 PM

ਕਪੂਰਥਲਾ (ਭੂਸ਼ਣ)— ਜ਼ਿਲਾ ਪੁਲਸ ਵੱਲੋਂ ਸੁਲਤਾਨਪੁਰ ਲੋਧੀ ਇਲਾਕੇ 'ਚ ਬੀਤੇ ਦਿਨੀਂ ਨਾਕਾਬੰਦੀ ਦੌਰਾਨ ਕੁਝ ਮੁਲਜ਼ਮਾਂ ਤੋਂ 20 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦਗੀ ਦੇ ਮਾਮਲੇ ਨੇ ਪੁਲਸ ਨੂੰ ਹੈਰਾਨ ਕਰ ਦਿੱਤਾ ਹੈ। ਬੀਤੇ 6 ਮਹੀਨੇ ਦੌਰਾਨ ਜ਼ਿਲੇ ਦੇ 15 ਥਾਣਿਆਂ ਦੀ ਪੁਲਸ ਵੱਲੋਂ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਇੰਜੈਕਸ਼ਨਾਂ ਸਮੇਤ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦੇ ਮਾਮਲਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਹੁਣ ਡਰੱਗ ਸਮੱਗਲਰ ਹੈਰੋਇਨ ਅਤੇ ਚੂਰ-ਪੋਸਤ ਵੀ ਲਗਾਤਾਰ ਮੰਹਿਗਾ ਹੋ ਰਿਹਾ ਕੀਮਤਾਂ ਕਾਰਨ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ਇੰਜੈਕਸ਼ਨਾਂ ਦੀ ਸਮੱਗਲਿੰਗ ਕਰਨ ਲੱਗੇ ਹਨ। ਉਥੇ ਹੀ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਬਰਾਮਦ ਕੀਤੀਆਂ ਗਈਆਂ ਨਸ਼ੇ ਵਾਲੀਆਂ ਗੋਲੀਆਂ 'ਚ ਲੱਗੇ ਬੈਚ ਨੰਬਰ ਦੇ ਆਧਾਰ 'ਤੇ ਪੁਲਸ ਆਉਣ ਵਾਲੇ ਦਿਨਾਂ 'ਚ ਇੰਨੀ ਵੱਡੀ ਖੇਪ 'ਚ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਵਾਲੇ ਕੈਮਿਸਟਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਵੀਰਵਾਰ ਨੂੰ ਨਾਕਾਬੰਦੀ ਦੌਰਾਨ 20 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਗੌਰ ਹੋਵੇ ਕਿ ਐਲਪਕਰੈੱਸ ਮਾਰਕਾ ਦੀ ਜੋ ਗੋਲੀਆਂ ਪੁਲਸ ਨੇ ਬਰਾਮਦ ਕੀਤੀਆਂ ਹਨ, ਉਸ ਨੂੰ ਕੋਈ ਵੀ ਕੈਮਿਸਟ ਬਿਨਾਂ ਕੁਆਲੀਫਾਈਡ ਡਾਕਟਰ ਦੀ ਪਰਚੀ ਦੇ ਬਿਨਾਂ ਵੇਚ ਨਹੀਂ ਸਕਦਾ ਅਤੇ ਇਨ੍ਹਾਂ ਗੋਲੀਆਂ ਦਾ ਬੈਚ ਨੰਬਰ ਵੀ ਰਿਕਾਰਡ 'ਚ ਰੱਖਣਾ ਪੈਂਦਾ ਹੈ ਪਰ ਇਸ ਪੂਰੇ ਮਾਮਲੇ ਵਿਚ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਆਖਿਰਕਾਰ ਗ੍ਰਿਫਤਾਰ ਡਰੱਗ ਸਮੱਗਲਰਾਂ ਦੇ ਕੋਲ ਇੰਨੀ ਵੱਡੀ ਮਾਤਰਾ 'ਚ ਨਸ਼ੇ ਵਾਲੀਆਂ ਗੋਲੀਆਂ ਦਾ ਭੰਡਾਰ ਕਿਵੇਂ ਪਹੁੰਚਿਆ ਅਤੇ ਇੰਹ ਸਪਲਾਈ ਕਰਨ ਵਾਲੇ ਲੋਕ ਆਖਿਰ ਕੌਣ ਸਨ, ਜਿਨ੍ਹਾਂ ਦੇ ਕੋਲ ਨਸ਼ੇ ਵਾਲੀਆਂ ਗੋਲੀਆਂ ਦੀ ਇੰਨੀ ਵੱਡੀ ਖੇਪ ਪਹੁੰਚੀ। ਜਿਸ ਨੂੰ ਲੈ ਕੇ ਪੁਲਸ ਬਰਾਮਦ ਨਸ਼ੀਲੀਆਂ ਗੋਲੀਆਂ ਦੇ ਬੈਚ ਨੂੰ ਜਿੱਥੇ ਮਿਲਾਉਣ ਦਾ ਕੰਮ ਕਰ ਰਹੀ ਹੈ, ਉਥੇ ਹੀ ਇਸ ਸਬੰਧ 'ਚ ਡਰੱਗ ਵਿਭਾਗ ਨਾਲ ਵੀ ਸੰਪਰਕ ਕੀਤਾ ਗਿਆ ਹੈ ਤਾਂ ਕਿ ਡਰੱਗ ਸਮੱਗਲਰਾਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਇੰਜੈਕਸ਼ਨ ਸਪਲਾਈ ਕਰਨ ਵਾਲੇ ਨੈੱਟਵਰਕ ਨੂੰ ਫੜਿਆ ਜਾ ਸਕੇ।
ਜੇਕਰ ਪੁਲਸ ਸੂਤਰਾਂ ਦੀ ਮੰਨੀਏ ਤਾਂ ਪਤਾ ਚੱਲਦਾ ਹੈ ਕਿ ਇਸ ਨੈੱਟਵਰਕ 'ਚ ਅਜਿਹੇ ਕਈ ਲੋਕ ਸ਼ਾਮਲ ਹਨ । ਜਿਨ੍ਹਾਂ ਦੇ ਕੋਲ ਲਾਈਸੈੱਸ ਨਾ ਹੋਣ ਦੇ ਬਾਵਜੂਦ ਉਹ ਡਰੱਗ ਪ੍ਰਭਾਵਿਤ ਪਿੰਡਾਂ 'ਚ ਨਸ਼ੇ ਵਾਲੀਆਂ ਗੋਲੀਆਂ ਅਤੇ ਇੰਜੈਕਸ਼ਨ ਸਪਲਾਈ ਕਰ ਰਹੇ ਹਨ। ਅਜਿਹੇ ਲੋਕਾ 'ਚ ਡਰੱਗ ਪੈਡਲਰ ਵੀ ਰੱਖੇ ਹੋਏ ਹਨ। ਜੋ ਇਨ੍ਹਾਂ ਵੱਲੋਂ ਸਪਲਾਈ ਕੀਤੀਆਂ ਗਈਆਂ ਨਸ਼ੀਲੀਆਂ ਗੋਲੀਆਂ ਅਤੇ ਇੰਜੈਕਸ਼ਨਾਂ ਨੂੰ ਨਸ਼ੇੜੀ ਨੌਜਵਾਨਾਂ ਨੂੰ ਮੋਟੀ ਰਕਮ ਲੈ ਕੇ ਸਪਲਾਈ ਕਰਦੇ ਹਨ। ਜੇਕਰ ਪੁਲਸ ਸੂਤਰਾਂ ਦੀ ਮੰਨੀਏ ਤਾਂ ਇਸ ਮਾਮਲੇ 'ਚ ਆਉਣ ਵਾਲੇ ਦਿਨਾਂ ਵਿਚ ਕਈ ਅਹਿਮ ਗ੍ਰਿਫਤਾਰੀਆਂ ਹੋ ਸਕਦੀਆਂ ਹਨ।
ਕੀ ਕਹਿਣੈ ਐੱਸ. ਐੱਸ. ਪੀ. ਦਾ
ਇਸ ਸਬੰਧ 'ਚ ਜਦੋਂ ਐੱਸ. ਐੱਸ. ਪੀ. ਸਤਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਿਲਾ ਪੁਲਸ ਵੱਲੋਂ ਬਰਾਮਦ ਕੀਤੀਆਂ ਗਈਆਂ ਨਸ਼ੀਲੀਆਂ ਗੋਲੀਆਂ ਦੇ ਸਬੰਧ 'ਚ ਪੁਲਸ ਵੱਲੋਂ ਜਾਂਚ ਦੇ ਦੌਰ ਤੇਜ਼ੀ ਨਾਲ ਜਾਰੀ ਹਨ । ਇਸ ਸਬੰਧ 'ਚ ਆਉਣ ਵਾਲੇ ਦਿਨਾਂ ਵਿਚ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

shivani attri

This news is Content Editor shivani attri