14 ਸਾਲਾਂ ਤੋਂ ਏ-ਗਰੇਡ ਵਾਂਟੇਡ ਡਰੱਗ ਸਮੱਗਲਰ ਜ਼ੀਰਾ ਸਮੇਤ 3 ਗ੍ਰਿਫਤਾਰ

Friday, Jun 08, 2018 - 06:04 AM (IST)

ਜਲੰਧਰ, (ਮ੍ਰਿਦੁਲ)- ਕਾਊਂਟਰ ਇੰਟੈਲੀਜੈਂਸ ਅਤੇ ਜਲੰਧਰ ਕਮਿਸ਼ਨਰੇਟ ਪੁਲਸ ਨੇ ਜੁਆਇੰਟ ਆਪਰੇਸ਼ਨ ਕਰ ਕੇ ਚੂਰਾ-ਪੋਸਤ ਸਪਲਾਈ ਕਰਨ ਵਾਲੇ ਕੌਮਾਂਤਰੀ ਪੱਧਰ ਦੇ ਗਿਰੋਹ ਨੂੰ ਬੇਨਕਾਬ ਕਰ ਕੇ 105 ਬੋਰੇ ਚੂਰਾ-ਪੋਸਤ ਫੜਿਆ ਹੈ। ਇਸ ਸੰਬੰਧ ਵਿਚ ਥਾਣਾ ਭਾਰਗੋ ਕੈਂਪ ਅਤੇ ਥਾਣਾ ਸਦਰ ਵਿਚ 3 ਮੁਲਜ਼ਮਾਂ ਖਿਲਾਫ ਕੇਸ ਦਰਜ ਕਰਵਾਇਆ ਗਿਆ ਹੈ। 
ਕਾਊਂਟਰ ਇੰਟੈਲੀਜੈਂਸ ਦੇ ਏ. ਆਈ. ਜੀ. ਹਰਕੰਵਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇੰਟੈਲੀਜੈਂਸ ਤੋਂ ਇਨਪੁਟ ਮਿਲੀ ਸੀ ਕਿ ਪਿਛਲੇ 14 ਸਾਲਾਂ ਤੋਂ ਪੁਲਸ ਨੂੰ ਲੋੜੀਂਦਾ ਏ-ਗਰੇਡ ਸਮੱਗਲਰ ਜਗੀਰ ਸਿੰਘ ਜ਼ੀਰਾ ਜੋ ਕਿ ਮੱਧ ਪ੍ਰਦੇਸ਼ ਤੇ ਰਾਜਸਥਾਨ ਵਿਚ ਚੂਰਾ-ਪੋਸਤ ਸਪਲਾਈ ਕਰਦਾ ਹੈ, ਵਡਾਲਾ ਚੌਕ ਕੋਲ ਇਕ ਰਾਜਸਥਾਨ ਨੰਬਰ ਟਰੱਕ (ਆਰ ਜੇ 07 ਜੀ 4392) ਵਿਚ ਚੂਰਾ-ਪੋਸਤ ਸਪਲਾਈ ਕਰਨ ਲਈ ਆ ਰਿਹਾ ਹੈ, ਨੂੰ ਟਰੈਪ ਲਾ ਕੇ ਫੜ ਲਿਆ ਗਿਆ। ਟਰੱਕ ਨੂੰ ਜਦੋਂ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 55 ਬੋਰੇ ਚੂਰਾ-ਪੋਸਤ ਦੇ ਮਿਲੇ। ਤਲਾਸ਼ੀ ਦੌਰਾਨ ਇਕ ਨਾਜਾਇਜ਼ ਪਿਸਤੌਲ ਨਾਲ 5 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ। ਏ. ਆਈ. ਜੀ. ਨੇ ਦੱਸਿਆ ਕਿ ਜ਼ੀਰਾ ਪੰਜਾਬ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦਾ ਸਭ ਤੋਂ ਵੱਡਾ ਸਮੱਗਲਰ ਹੈ। ਉਹ ਪਿੰਡ ਢੋਲੇਵਾਲ ਦਾ ਰਹਿਣ ਵਾਲਾ ਹੈ, ਜੋ ਕਿ ਨਸ਼ਾ ਸਮੱਗਲਿੰਗ ਵਿਚ ਕਾਫੀ ਮਸ਼ਹੂਰ ਹੈ। ਉਹ ਪੁਲਸ ਨੂੰ ਕਰੀਬ 10 ਕੇਸਾਂ ਵਿਚ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਉਹ ਕਈ ਕੇਸਾਂ ਵਿਚ ਭਗੌੜਾ ਵੀ ਹੈ। ਉਸ ਨੇ ਡਰੱਗ ਸਪਲਾਈ ਕਰ ਕੇ ਕਾਫੀ ਪ੍ਰਾਪਰਟੀ ਬਣਾਈ ਹੈ ਅਤੇ ਅੱਜ ਕਲ ਜਲੰਧਰ ਵਿਚ ਇਕ ਘਰ ਵਿਚ ਰਹਿੰਦਾ ਸੀ। ਉਸ ਦੇ 2 ਭਰਾ ਪਹਿਲਾਂ ਹੀ ਨਸ਼ਾ ਸਮੱਗਲਿੰਗ ਦੇ ਕੇਸ ਵਿਚ ਜੇਲ 'ਚ ਹਨ ਅਤੇ 2 ਭਰਾ ਹਰਿਆਣਾ ਦੇ ਕਿਸੇ ਸ਼ਹਿਰ ਵਿਚ ਰਹਿੰਦੇ ਹਨ। ਹਾਲਾਂਕਿ ਕਾਊਂਟਰ ਇੰਟੈਲੀਜੈਂਸ ਵਲੋਂ ਮੁਲਜ਼ਮ ਜ਼ੀਰਾ ਨੂੰ ਵਡਾਲਾ ਚੌਕ ਕੋਲੋਂ ਫੜਨ ਵਿਚ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਵੀ ਸਾਥ ਦਿੱਤਾ ਜਿਸ ਨੂੰ ਲੈ ਕੇ ਜ਼ੀਰਾ ਦੇ ਖਿਲਾਫ ਥਾਣਾ ਭਾਰਗੋ ਕੈਂਪ ਵਿਚ ਵੀ ਕੇਸ ਦਰਜ ਕੀਤਾ ਗਿਆ।
PunjabKesari
ਡਰੱਗ ਮਨੀ ਨਾਲ ਬਣਾਈਆਂ 2 ਕੋਠੀਆਂ ਤੇ ਖਰੀਦੀਆਂ 2 ਦੁਕਾਨਾਂ
ਜਾਂਚ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਚੂਰਾ-ਪੋਸਤ ਅਤੇ ਡਰੱਗ ਨੂੰ ਵੇਚ ਕੇ ਕਮਾਏ ਗਏ ਪੈਸਿਆਂ ਨਾਲ ਜ਼ੀਰਾ ਨੇ ਜਲੰਧਰ ਵਿਚ ਕਈ ਪ੍ਰਾਪਰਟੀਆਂ ਵੀ ਖਰੀਦੀਆਂ ਹਨ, ਜਿਨ੍ਹਾਂ ਵਿਚ ਕਾਲਾ ਸੰਘਿਆਂ ਰੋਡ 'ਤੇ ਸਥਿਤ ਦਸਮੇਸ਼ ਨਗਰ ਵਿਚ ਕੋਠੀ ਨੰਬਰ 13 ਅਤੇ ਲੁਧਿਆਣਾ ਦੀ ਫਰੈਂਡਸ ਕਾਲੋਨੀ ਵਿਚ ਵੀ ਇਕ ਮਕਾਨ ਹੈ। ਉਸ ਨੇ ਦੋ ਦੁਕਾਨਾਂ ਵੀ ਕਾਲਾ ਸੰਘਿਆਂ ਰੋਡ 'ਤੇ ਖਰੀਦੀਆਂ ਹਨ। ਇਹ ਉਹ ਪ੍ਰਾਪਰਟੀ ਹੈ ਜੋ ਪੁਲਸ ਨੂੰ ਹੁਣ ਤਕ ਪਤਾ ਲੱਗੀ ਹੈ। ਬਾਕੀ ਬੇਨਾਮੀ ਪ੍ਰਾਪਰਟੀ ਬਾਰੇ ਪਤਾ ਲਾਇਆ ਜਾ ਰਿਹਾ ਹੈ।
ਸਾਲ 2004 ਵਿਚ ਰਾਜਸਥਾਨ 'ਚ ਪੁਲਸ ਕਸਟੱਡੀ ਵਿਚੋਂ ਭੱਜਿਆ ਸੀ ਜ਼ੀਰਾ
ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜ਼ੀਰਾ ਪੰਜਾਬ ਦਾ ਨਾਮੀ ਸਮੱਗਲਰ ਹੈ ਅਤੇ ਵੱਡੇ ਪੱਧਰ 'ਤੇ ਸਮੱਗਲਿੰਗ ਕਰਦਾ ਹੈ। ਸਾਲ 2004 ਵਿਚ ਜਦੋਂ ਪੁਲਸ ਨੇ ਉਸ ਨੂੰ ਫੜਿਆ ਤਾਂ ਕੋਰਟ ਵਿਚ ਪੇਸ਼ ਕੀਤੇ ਜਾਣ ਦੌਰਾਨ ਪੁਲਸ ਕਸਟਡੀ ਵਿਚੋਂ ਭੱਜ ਗਿਆ ਸੀ ਤੇ ਹੁਣ 14 ਸਾਲਾਂ ਬਾਅਦ ਪੁਲਸ ਦੇ ਹੱਥ ਲੱਗਾ ਹੈ।
ਟਰੱਕ 'ਚ ਰੱਖੀਆਂ ਸਨ ਚੱਪਲਾਂ ਦੀ ਸਮੈੱਲ ਵਾਲੀਆਂ ਬੋਰੀਆਂ
ਏ. ਆਈ. ਜੀ. ਨੇ ਦੱਸਿਆ ਕਿ ਜ਼ੀਰਾ ਇੰਨਾ ਸ਼ਾਤਰ ਹੈ ਕਿ ਉਹ ਜਿਸ ਟਰੱਕ ਵਿਚ ਚੂਰਾ-ਪੋਸਤ ਦੀਆਂ ਬੋਰੀਆਂ ਲੈ ਕੇ ਜਾਂਦਾ ਹੈ ਉਸ ਵਿਚ ਚੱਪਲਾਂ ਦੀ ਸਮੈੱਲ ਵਾਲੀਆਂ ਬੋਰੀਆਂ ਰੱਖਦਾ ਸੀ। ਜਦੋਂ ਉਸ ਨੂੰ ਫੜਿਆ ਗਿਆ ਤਾਂ ਟਰੱਕ ਵਿਚ ਉਕਤ ਪਾਊਡਰ ਦੀਆਂ 200 ਬੋਰੀਆਂ ਵਿਚ 55 ਬੋਰੀਆਂ ਚੂਰਾ-ਪੋਸਤ ਰੱਖੀਆਂ ਸਨ। 


Related News