ਨਸ਼ੀਲੀਆਂ ਗੋਲ਼ੀਆਂ ਸਣੇ ਫੜਿਆ ਨੌਜਵਾਨ ਬੇਗੋਵਾਲ ਥਾਣੇ ''ਚੋਂ ਪੁਲਸ ਦੇ ਸਾਹਮਣੇ ਹੋਇਆ ਫਰਾਰ

08/23/2021 12:04:02 PM

ਬੇਗੋਵਾਲ (ਰਜਿੰਦਰ)- ਬੇਗੋਵਾਲ ਪੁਲਸ ਵੱਲੋਂ ਨਸ਼ੀਲੀਆਂ ਗੋਲ਼ੀਆਂ ਸਮੇਤ ਕਾਬੂ ਕੀਤਾ ਗਿਆ ਨੌਜਵਾਨ ਐਤਵਾਰ ਨੂੰ ਸਵੇਰੇ ਥਾਣੇ ਵਿੱਚੋਂ ਪੁਲਸ ਮੁਲਾਜ਼ਮਾਂ ਦੇ ਸਾਹਮਣੇ ਹੀ ਦੌੜ ਗਿਆ। ਜਿਸ ਤੋਂ ਬਾਅਦ ਮੌਕੇ 'ਤੇ ਹਰਕਤ ਵਿਚ ਆਈ ਪੁਲਸ ਨੇ ਨੌਜਵਾਨ ਦਾ ਪਿੱਛਾ ਤਾਂ ਕੀਤਾ ਪਰ ਪੁਲਸ ਹੱਥ ਨਿਰਾਸ਼ਾ ਹੀ ਲੱਗੀ, ਕਿਉਂਕਿ ਨੌਜਵਾਨ ਦੌੜਨ ਵਿਚ ਸਫ਼ਲ ਰਿਹਾ।

ਇਹ ਵੀ ਪੜ੍ਹੋ: ਗੋਰਾਇਆ: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸਰਪੰਚ ਨੇ ਪੁਲਸ ਦੀ ਕਾਰਗੁਜ਼ਾਰੀ ਦੀ ਖੋਲ੍ਹੀ ਪੋਲ

ਇਕੱਤਰ ਜਾਣਕਾਰੀ ਅਨੁਸਾਰ ਥਾਣਾ ਬੇਗੋਵਾਲ ਦੀ ਪੁਲਸ ਵੱਲੋਂ ਸ਼ਨੀਵਾਰ ਮਨੀ ਪੁੱਤਰ ਸਤਪਾਲ ਵਾਸੀ ਵਾਰਡ ਨੰਬਰ 10, ਬੇਗੋਵਾਲ ਨੂੰ ਨਸ਼ੀਲੀਆਂ ਗੋਲ਼ੀਆਂ ਸਮੇਤ ਕਾਬੂ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਕਤ ਨੌਜਵਾਨ ਖ਼ਿਲਾਫ਼ ਥਾਣਾ ਬੇਗੋਵਾਲ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਇਹ ਨੌਜਵਾਨ ਸ਼ਨੀਵਾਰ ਤੋਂ ਹੀ ਥਾਣੇ ਵਿਚ ਬੰਦ ਸੀ। ਐਤਵਾਰ ਜਦੋਂ ਸਵੇਰ ਸਮੇਂ ਇਸ ਨੌਜਵਾਨ ਨੂੰ ਪੁੱਛਗਿੱਛ ਲਈ ਹਵਾਲਾਤ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਸ ਸਮੇਂ ਦੌਰਾਨ ਮੌਕੇ ਦਾ ਫ਼ਾਇਦਾ ਉਠਾ ਕੇ ਉਕਤ ਨੌਜਵਾਨ ਥਾਣੇ ਦੇ ਅੰਦਰੋਂ ਦੌੜ ਗਿਆ, ਜੋ ਫਰਾਰ ਹੋਣ ਵਿਚ ਸਫ਼ਲ ਰਿਹਾ।

ਇਹ ਵੀ ਪੜ੍ਹੋ: ਤਲਵਾੜਾ ਵਿਖੇ ਖ਼ੌਫ਼ਨਾਕ ਵਾਰਦਾਤ, ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ 

ਪਤਾ ਲੱਗਾ ਹੈ ਕਿ ਮੌਕੇ 'ਤੇ ਪੁਲਸ ਨੇ ਇਸ ਨੌਜਵਾਨ ਦਾ ਪਿੱਛਾ ਕੀਤਾ ਪਰ ਨੌਜਵਾਨ ਦੇ ਫ਼ਰਾਰ ਹੋਣ ਕਾਰਨ ਪੁਲਸ ਦੇ ਹੱਥ ਖਾਲੀ ਹੀ ਰਹਿ ਗਏ। ਇਥੇ ਇਹ ਵੀ ਦੱਸਣਯੋਗ ਹੈ ਕਿ ਬੇਗੋਵਾਲ ਦਾ ਪੁਲਸ ਥਾਣਾ ਭੀੜ ਵਾਲੀ ਥਾਂ ਨਹੀਂ ਸਗੋਂ ਸ਼ਹਿਰ ਤੋਂ ਬਾਹਰ ਭੁਲੱਥ ਰੋਡ 'ਤੇ ਖੁੱਲ੍ਹੀ ਜਗ੍ਹਾ ਵਿੱਚ ਹੈ, ਜਿੱਥੇ ਦੌੜਨ ਵਾਲੇ ਮੁਲਜ਼ਮ ਨੂੰ ਕਾਬੂ ਕਰਨ ਦੀ ਸੰਭਾਵਨਾ ਜ਼ਿਆਦਾ ਹੈ। ਦੂਜੇ ਪਾਸੇ ਇਸ ਸਬੰਧੀ ਜਦੋਂ ਡੀ. ਐੱਸ. ਪੀ. ਭੁਲੱਥ ਕੰਵਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਡਿਊਟੀ ਦੌਰਾਨ ਅਣਗਹਿਲੀ ਵਰਤਣ ਵਾਲੇ ਏ. ਐੱਸ. ਆਈ. ਗੁਰਨਾਮ ਸਿੰਘ ਅਤੇ ਹੋਮਗਾਰਡ ਮੁਲਾਜ਼ਮ ਬਲਦੇਵ ਸਿੰਘ ਤੋਂ ਇਲਾਵਾ ਫਰਾਰ ਹੋਏ ਨੌਜਵਾਨ ਮਨੀ ਖ਼ਿਲਾਫ਼ ਥਾਣਾ ਬੇਗੋਵਾਲ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ: ASI ਦਾ ਸ਼ਰਮਨਾਕ ਕਾਰਾ, ਥਾਣੇ 'ਚ ਔਰਤ ਨੂੰ ਮਾਰੇ ਥੱਪੜ, ਜਾਣੋ ਪੂਰਾ ਮਾਮਲਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News