ਨਸ਼ੇ ਵਾਲੇ ਪਾਊਡਰ ਸਮੇਤ ਔਰਤ ਸਣੇ 4 ਮੁਲਜ਼ਮ ਗ੍ਰਿਫਤਾਰ

04/18/2019 9:02:18 PM

ਰੂਪਨਗਰ,(ਵਿਜੇ) : ਜ਼ਿਲਾ ਪੁਲਸ ਨੇ ਡਰੱਗ ਰੈਕੇਟ ਚਲਾਉਣ ਦੇ ਮਾਮਲੇ 'ਚ ਔਰਤ ਸਮੇਤ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਉਨ੍ਹਾਂ ਤੋਂ 165 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ ਹੈ। ਮਾਣਯੋਗ ਅਦਾਲਤ ਵਲੋਂ ਮੁਲਜ਼ਮਾਂ ਨੂੰ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਐੱਸ. ਐੱਸ. ਪੀ. ਸਵਪਨ ਸ਼ਰਮਾ ਦੀ ਹਦਾਇਤ 'ਤੇ ਐੱਸ. ਪੀ. (ਐੱਚ.) ਜਗਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ 17 ਅਪ੍ਰੈਲ ਨੂੰ ਸੀ. ਆਈ. ਏ. ਸਟਾਫ-2 ਰੂਪਨਗਰ ਦੀ ਪੁਲਸ ਪਾਰਟੀ ਨੇ ਜ਼ਿਲਾ ਰੂਪਨਗਰ ਤੇ ਆਸਪਾਸ ਦੇ ਖੇਤਰਾਂ 'ਚ ਡਰੱਗ ਰੈਕੇਟ ਚਲਾ ਕੇ ਨਸ਼ਾ ਸਪਲਾਈ ਕਰਨ ਵਾਲੇ 2 ਵਿਅਕਤੀਆਂ ਸਮੇਤ ਇਨ੍ਹਾਂ ਦੇ 2 ਗਾਹਕ ਜਿਸ 'ਚ ਇਕ ਔਰਤ ਵੀ ਸ਼ਾਮਲ ਹੈ ਨੂੰ ਗ੍ਰਿਫਤਾਰ ਕੀਤਾ।

ਐਸ. ਐਸ. ਪੀ. ਨੇ ਦੱਸਿਆ ਕਿ ਸੁਖਵਿੰਦਰ ਸਿੰਘ ਉਰਫ ਸੁੱਖੀ ਪੁੱਤਰ ਬਲਦੇਵ ਸਿੰਘ ਨਿਵਾਸੀ ਪਿੰਡ ਪੰਜੇਟਾ ਥਾਣਾ ਕੁੰਮ ਕਲਾਂ ਜ਼ਿਲਾ ਲੁਧਿਆਣਾ ਤੇ ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਲਖਵੀਰ ਸਿੰਘ ਨਿਵਾਸੀ ਪਿੰਡ ਕਟਾਣੀ ਖੁਰਦ ਥਾਣਾ ਕੁਮ ਕਲਾਂ ਜ਼ਿਲਾ ਲੁਧਿਆਣਾ ਨੂੰ ਉਨ੍ਹਾਂ ਦੇ ਗਾਹਕ ਸਰਬਜੀਤ ਸਿੰਘ ਉਰਫ ਸੋਨੂੰ ਪੁੱਤਰ ਮੰਗਾ ਸਿੰਘ ਨਿਵਾਸੀ ਪਿੰਡ ਮੀਆਂਪੁਰ ਥਾਣਾ ਸਦਰ ਤੇ ਇਕ ਔਰਤ ਮਨਪ੍ਰੀਤ ਕੌਰ (ਗਾਹਕ) ਉਰਫ ਮਨੀ ਪੁੱਤਰੀ ਬਲਵੀਰ ਸਿੰਘ ਨਿਵਾਸੀ ਪਿੰਡ ਭਿਓਰਾ ਥਾਣਾ ਸਦਰ ਰੂਪਨਗਰ ਨੂੰ 165 ਗ੍ਰਾਮ ਨਸ਼ੇ ਵਾਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ। 


ਮੁਲਜ਼ਮ ਲਗਾਤਾਰ ਮਾਛੀਵਾੜਾ, ਲੁਧਿਆਣਾ ਅਤੇ ਰੂਪਨਗਰ 'ਚ ਨਸ਼ਾ ਸਪਲਾਈ ਕਰ ਰਹੇ ਸਨ। ਉਕਤ ਮੁਲਜ਼ਮਾਂ ਨੂੰ ਰੰਗੇ ਹੱਥੀਂ ਨਸ਼ਾ ਵੇਚਦੇ ਹੋਏ, ਇਨ੍ਹਾਂ ਦੀ ਗੱਡੀ ਤੇ ਔਰਤ ਮਨਪ੍ਰੀਤ ਕੌਰ ਉਕਤ ਦੀ ਸਕੂਟਰੀ ਐਕਟਿਵਾ ਸਮੇਤ ਕਾਬੂ ਕੀਤਾ ਗਿਆ। ਮੁਲਜ਼ਮ ਜਸਵਿੰਦਰ ਸਿੰਘ 'ਤੇ ਪਹਿਲਾਂ ਵੀ ਅਕਤੂਬਰ ਮਹੀਨੇ 2018 'ਚ ਨਸ਼ਾ ਸਬੰਧੀ ਮਾਮਲਾ ਥਾਣਾ ਸਮਰਾਲਾ ਜ਼ਿਲਾ ਲੁਧਿਆਣਾ 'ਚ ਦਰਜ ਹੈ ਤੇ ਸੁਖਵਿੰਦਰ ਸਿੰਘ 'ਤੇ ਸ਼ਰਾਬ ਸਬੰਧੀ ਮਾਮਲਾ ਥਾਣਾ ਮਾਛੀਵਾੜਾ 'ਚ ਅਤੇ ਔਰਤ ਮਨਪ੍ਰੀਤ ਕੌਰ 'ਤੇ ਪਹਿਲਾਂ ਵੀ ਚਾਰ ਮਾਮਲੇ ਜਿਨ੍ਹਾਂ 'ਚੋਂ ਤਿੰਨ ਮਾਮਲੇ ਨਸ਼ਾ ਸਬੰਧੀ ਥਾਣਾ ਮਟੌਰ (ਮੋਹਾਲੀ), ਥਾਣਾ ਨਾਭਾ (ਪਟਿਆਲਾ) ਤੇ ਸੈਕਟਰ 49 ਚੰਡੀਗੜ੍ਹ ਤੇ ਇਕ ਮਾਮਲਾ ਫ੍ਰਾਡ ਵੈਸ਼ਾਲੀ ਨਗਰ ਜੈਪੁਰ 'ਚ ਦਰਜ ਹੈ। ਪੁਲਸ ਨੇ ਮੁਲਜ਼ਮਾਂ ਦਾ ਪੁਲਸ ਰਿਮਾਂਡ ਪ੍ਰਾਪਤ ਕਰ ਕੇ ਉਨ੍ਹਾਂ ਤੋਂ ਬਾਰੀਕੀ ਨਾਲ ਪੁੱਛ-ਗਿੱਛ ਸ਼ੁਰੂ ਕਰ ਦਿੱਤੀ।