ਹਸਪਤਾਲ ’ਚ ਝਗੜਾ ਕਰਨ ਵਾਲੇ ਲੋਕਾਂ ਦਾ ਸਟਾਫ਼ ਨਾਲ ਕੋਈ ਲੈਣ-ਦੇਣ ਨਹੀਂ ਸੀ: ਡਾ. ਜੌਹਲ

07/24/2022 11:38:51 AM

ਜਲੰਧਰ (ਰਮਨ)– ਥਾਣਾ ਰਾਮਾ ਮੰਡੀ ਅਧੀਨ ਪੈਂਦੇ ਜੌਹਲ ਹਸਪਤਾਲ ਵਿਚ ਲਗਭਗ 18 ਦਿਨ ਪਹਿਲਾਂ ਸਾਬਕਾ ਸੈਨਿਕਾਂ ਦੀ ਜਥੇਬੰਦੀ ਦੇ ਮੈਂਬਰਾਂ ਅਤੇ ਹਸਪਤਾਲ ਦੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਝਗੜਾ ਹੋਇਆ ਸੀ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਦੇ ਆਧਾਰ ’ਤੇ ਹਸਪਤਾਲ ਦੀ ਮੈਨੇਜਮੈਂਟ ਵੱਲੋਂ ਝਗੜਾ ਕਰਨ ਵਾਲੇ ਲੋਕਾਂ ਖ਼ਿਲਾਫ਼ ਮੁਕੱਦਮਾ ਵੀ ਦਰਜ ਕਰਵਾਇਆ ਗਿਆ ਸੀ। ਇਸ ਦੇ ਵਿਰੋਧ ਵਿਚ ਸਾਬਕਾ ਸੈਨਿਕਾਂ ਦੀਆਂ ਜਥੇਬੰਦੀਆਂ ਦੇ ਮੈਂਬਰਾਂ ਨੇ ਪੀ. ਏ. ਪੀ. ਚੌਂਕ ਸਥਿਤ ਹਾਈਵੇ ’ਤੇ ਧਰਨਾ ਲਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਐੱਸ. ਸੀ/ਬੀ. ਸੀ. ਸਣੇ ਇਨ੍ਹਾਂ ਖ਼ਪਤਕਾਰਾਂ ਨੂੰ ਨਹੀਂ ਮਿਲੇਗਾ 600 ਯੂਨਿਟ ਮੁਫ਼ਤ ਬਿਜਲੀ ਤੋਂ ਉਪਰ ਦਾ ਲਾਭ
ਹਸਪਤਾਲ ਮੈਨੇਜਮੈਂਟ ’ਤੇ ਬੇਬੁਨਿਆਦ ਝੂਠੇ ਦੋਸ਼ ਲੱਗਦਿਆਂ ਵੇਖ ਕੇ ਹਸਪਤਾਲ ਦੇ ਪ੍ਰਬੰਧਕ ਡਾ. ਬੀ. ਐੱਸ. ਜੌਹਲ ਵੱਲੋਂ ਇਕ ਪ੍ਰੈੱਸ ਕਾਨਫ਼ਰੰਸ ਕਰਕੇ ਆਪਣਾ ਪੱਖ ਰੱਖਿਆ ਗਿਆ। ਡਾ. ਜੌਹਲ ਨੇ ਕਿਹਾ ਕਿ ਉਨ੍ਹਾਂ ’ਤੇ ਜਿਹੜੇ ਦੋਸ਼ ਲਾਏ ਜਾ ਰਹੇ ਹਨ, ਉਹ ਗਲਤ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਜਿਹੜੇ ਵਿਅਕਤੀ ਆਏ ਸਨ, ਉਨ੍ਹਾਂ ਨਾਲ ਹਸਪਤਾਲ ਦੇ ਸਟਾਫ਼ ਦਾ ਕੋਈ ਲੈਣ-ਦੇਣ ਨਹੀਂ ਸੀ। ਝਗੜਾ ਮੋਟਰਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਹੋਇਆ ਸੀ। ਹਸਪਤਾਲ ਵਿਚ ਜਿਹੜੇ ਲੋਕ ਆਏ ਸਨ, ਉਨ੍ਹਾਂ ਮੋਟਰਸਾਈਕਲ ਨੂੰ ਸੁਰੱਖਿਆ ਕਰਮਚਾਰੀਆਂ ਦੇ ਰੋਕਣ ਦੇ ਬਾਵਜੂਦ ਸਟਾਫ ਲਈ ਬਣਾਈ ਪਾਰਕਿੰਗ ਵਿਚ ਖੜ੍ਹਾ ਕਰ ਦਿੱਤਾ ਸੀ। ਜਦੋਂ ਉਕਤ ਵਿਅਕਤੀ ਮੋਟਰਸਾਈਕਲ ਲੈਣ ਆਏ ਤਾਂ ਉਸ ਸਮੇਂ ਡਿਊਟੀ ਵਾਲੇ ਸੁਰੱਖਿਆ ਕਰਮਚਾਰੀ ਉਥੋਂ ਜਾ ਚੁੱਕੇ ਸਨ ਅਤੇ ਦੂਜੀ ਸ਼ਿਫਟ ਦੇ ਸੁਰੱਖਿਆ ਕਰਮਚਾਰੀ ਡਿਊਟੀ ’ਤੇ ਤਾਇਨਾਤ ਸਨ, ਜਿਨ੍ਹਾਂ ਨੂੰ ਮੋਟਰਸਾਈਕਲ ਲਾਉਣ ਸਬੰਧੀ ਕੋਈ ਜਾਣਕਾਰੀ ਨਹੀਂ ਸੀ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਏਸ਼ੀਆ ਦੇ 11 ਤੇ ਅਫ਼ਰੀਕਾ ਦੇ 21 ਦੇਸ਼ਾਂ ’ਚ ਵੀਜ਼ਾ ਦੇ ਬਿਨਾਂ ਦਾਖ਼ਲ ਹੋ ਸਕਣਗੇ ਭਾਰਤੀ
ਸੁਰੱਖਿਆ ਕਰਮਚਾਰੀਆਂ ਨੇ ਡਿਊਟੀ ਸਮਝਦਿਆਂ ਉਨ੍ਹਾਂ ਨੂੰ ਉਥੋਂ ਮੋਟਰਸਾਈਕਲ ਲਿਜਾਣ ਤੋਂ ਮਨ੍ਹਾ ਕੀਤਾ ਤਾਂ ਦੋਵਾਂ ਧਿਰਾਂ ਵਿਚ ਝਗਡ਼ਾ ਹੋ ਗਿਆ। ਸਾਬਕਾ ਸੈਨਿਕਾਂ ਨਾਲ ਆਏ ਵਿਅਕਤੀਆਂ ਨੇ ਸੁਰੱਖਿਆ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ। ਇਸ ਸਬੰਧੀ ਉਨ੍ਹਾਂ ਇਲਾਕੇ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਦੌਰਾਨ ਮਾਮਲਾ ਦਰਜ ਕਰ ਲਿਆ।
ਉਨ੍ਹਾਂ ਦੱਸਿਆ ਕਿ ਪੁਲਸ ਨੂੰ ਝਗੜੇ ਵਾਲੀ ਥਾਂ ਦੀ ਸੀ. ਸੀ. ਟੀ. ਵੀ. ਫੁਟੇਜ ਦਿੱਤੀ ਗਈ ਹੈ। ਪਰਚਾ ਦਰਜ ਕਰਨ ਦੇ ਵਿਰੋਧ ਵਿਚ ਦੂਜੀ ਧਿਰ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਡਾ. ਜੌਹਲ ਦੇ ਸਮਰਥਨ ਵਿਚ ਆਏ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਡਾ. ਆਲੋਕ ਲਾਲਵਾਨੀ ਨੇ ਕਿਹਾ ਕਿ ਡਾਕਟਰ ਦਿਨ-ਰਾਤ ਮਰੀਜ਼ਾਂ ਦੀ ਸੇਵਾ ਕਰਦੇ ਹਨ, ਇਸ ਲਈ ਉਨ੍ਹਾਂ ਨੂੰ ਬਿਨਾਂ ਵਜ੍ਹਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦਿਆਂ ਹਸਪਤਾਲ ਵਿਚ ਲੜਾਈ-ਝਗੜਾ ਕਰਕੇ ਹਿੰਸਾ ਫੈਲਾਉਣ ਵਾਲਿਆਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਕੋਈ ਵਿਅਕਤੀ ਹਸਪਤਾਲ ਵਿਚ ਕਿਸੇ ਕਿਸਮ ਦੀ ਹਿੰਸਾ ਕਰਦਾ ਹੈ ਤਾਂ ਸੰਸਥਾ ਇਸਦਾ ਵਿਰੋਧ ਕਰੇਗੀ ਅਤੇ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਇਸ ਦੌਰਾਨ ਉਨ੍ਹਾਂ ਨਾਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਹੁਦੇਦਾਰ ਡਾ. ਆਰ. ਐੱਸ. ਬੱਲ, ਡਾ. ਦੀਪਕ ਚਾਵਲਾ, ਡਾ. ਅਸ਼ਮੀਤ ਸਿੰਘ ਅਤੇ ਐਸੋਸੀਏਸ਼ਨ ਦੇ ਹੋਰ ਮੈਂਬਰ ਮੌਜੂਦ ਸਨ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਪੰਜਾਬ ਪੁਲਸ ਹੈੱਡ ਕਾਂਸਟੇਬਲ ’ਚ ਭਰਤੀ ਲਈ ਲਿਖ਼ਤੀ ਪ੍ਰੀਖਿਆ ਦੇਣ ਵਾਲੇ ਬਿਨੈਕਾਰਾਂ ਨੂੰ ਵੱਡਾ ਝਟਕਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News