ਡਾ. ਅੰਬੇਡਕਰ ਇਕ ਲੋਕਤੰਤਰੀ ਕ੍ਰਾਂਤੀਕਾਰੀ ਸਨ : ਸੁਖਬੀਰ

04/16/2019 12:42:36 AM

ਜਲੰਧਰ, (ਲਾਭ ਸਿੰਘ ਸਿੱਧੂ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਬਰਾਬਰੀ ਵਾਲੀ ਸੋਚ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਨੂੰ ਆਧੁਨਿਕ ਸਮਿਆਂ ਅੰਦਰ ਪੈਦਾ ਹੋਏ ਦੇਸ਼ ਦੇ ਸਭ ਤੋਂ ਲੋਕਤੰਤਰੀ ਕ੍ਰਾਂਤੀਕਾਰੀ ਆਗੂ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੀ ਵੋਟ ਉਨ੍ਹਾਂ ਨੂੰ ਪਾਉਣੀ ਚਾਹੀਦੀ ਹੈ, ਜਿਹੜੇ ਇਸ ਮਹਾਨ ਸਮਾਜ ਸੁਧਾਰਕ ਦੇ ਪ੍ਰੋਗਰਾਮਾਂ ਅਤੇ ਨੀਤੀਆਂ ਨੂੰ ਸੰਜੀਦਗੀ ਲਾਗੂ ਕਰਦੇ ਹਨ। ਭਾਰਤੀ ਸੰਵਿਧਾਨ ਦੇ ਨਿਰਮਾਤਾ ਦੀ 128ਵੀਂ ਜਨਮ ਵਰ੍ਹੇਗੰਢ ਮੌਕੇ ਆਯੋਜਿਤ ਕੀਤੇ ਇਕ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਜੀ ਸਿਰਫ ਇਕ ਦਲਿਤ ਆਗੂ ਹੀ ਨਹੀਂ ਸਨ, ਸਗੋਂ ਸਮੁੱਚੀ ਮਨੁੱਖਤਾ ਲਈ ਸਮਾਜਿਕ ਇਨਸਾਫ ਦੀ ਮੰਗ ਕਰਨ ਵਾਲੀ ਇਕ ਮਹਾਨ ਹਸਤੀ ਸਨ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਜੀ ਨੇ ਇਕ ਅਜਿਹੇ ਭਾਰਤ ਦਾ ਸੁਪਨਾ ਲਿਆ ਸੀ, ਜਿੱਥੇ ਸਾਰੇ ਨਾਗਰਿਕਾਂ ਨੂੰ ਕਿਸੇ ਜਾਤੀ, ਨਸਲੀ, ਰੁਤਬੇ ਅਤੇ ਵਰਗ ਦੇ ਭੇਦਭਾਵ ਤੋਂ ਬਿਨਾਂ ਬਰਾਬਰੀ, ਸਮਾਜਿਕ ਇਨਸਾਫ ਅਤੇ ਸਤਿਕਾਰ ਮਿਲੇ।

ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਡਾ. ਅੰਬੇਡਕਰ ਜੀ ਨੂੰ ਸੰਸਦ ਵਿਚ ਪਹੁੰਚਣ ਤੋਂ ਰੋਕਣ ਲਈ ਉਨ੍ਹਾਂ ਖ਼ਿਲਾਫ ਉਮੀਦਵਾਰ ਖੜ੍ਹੇ ਕਰਕੇ ਹਰ ਕਦਮ ’ਤੇ ਉਨ੍ਹਾਂ ਦਾ ਵਿਰੋਧ ਕੀਤਾ ਸੀ। ਕਾਂਗਰਸੀਆਂ ਨੇ ਕਦੇ ਵੀ ਡਾ. ਅੰਬੇਡਕਰ ਵਰਗੇ ਬੇਮਿਸਾਲ ਰੁਤਬੇ ਵਾਲੇ ਵਿਅਕਤੀ ਨੂੰ ਬਣਦਾ ਮਾਣ-ਸਨਮਾਨ ਨਹੀਂ ਸੀ ਦਿੱਤਾ। ਇਸ ਨੇ ਹਮੇਸ਼ਾ ਹੀ ਡਾਕਟਰ ਅੰਬੇਡਕਰ ਦੀ ਪ੍ਰਗਤੀਸ਼ੀਲ ਅਤੇ ਮਾਨਵਵਾਦੀ ਸੋਚ ਨੂੰ ਲਾਗੂ ਕੀਤੇ ਜਾਣ ਦੇ ਰਾਹ ਵਿਚ ਅੜਿੱਕੇ ਪਾਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਹਮੇਸ਼ਾਂ ਹੀ ਗਰੀਬ-ਪੱਖੀ ਨੀਤੀਆਂ ਬਣਾਈਆਂ ਅਤੇ ਲਾਗੂ ਕੀਤੀਆਂ ਹਨ ਅਤੇ ਸਮਾਜ ਦੇ ਦੱਬੇ ਕੁਚਲੇ ਤਬਕਿਆਂ ਨੂੰ ਉੱਚਾ ਚੁੱਕਣ ਲਈ ਸਮਾਜ ਭਲਾਈ ਪ੍ਰੋਗਰਾਮ ਸ਼ੁਰੂ ਕੀਤੇ ਹਨ। ਉਨ੍ਹਾਂ ਕਿਹਾ ਕਿ ਸ. ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਦੇਸ਼ ਦੀ ਪਹਿਲੀ ਅਜਿਹੀ ਸਰਕਾਰ ਸੀ, ਜਿਸ ਨੇ ਦਲਿਤਾਂ ਲਈ ਸ਼ਗਨ ਸਕੀਮ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅਸੀਂ ਆਟਾ ਦਾਲ ਅਤੇ ਪੈਨਸ਼ਨ ਸਕੀਮ ਸ਼ੁਰੂ ਕਰਨ ਤੋਂ ਇਲਾਵਾ ਗਰੀਬਾਂ ਅਤੇ ਪੱਛੜੇ ਵਰਗਾਂ ਲਈ 200 ਯੂਨਿਟ ਮੁਫ਼ਤ ਬਿਜਲੀ ਦੀ ਸਕੀਮ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੇਲੇ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਜਾਂਦੇ ਸਨ। ਅਸੀਂ ਗਰੀਬਾਂ ਲਈ ਹਰ ਸਾਲ 50 ਹਜ਼ਾਰ ਰੁਪਏ ਤਕ ਮੁਫਤ ਇਲਾਜ ਅਤੇ ਦੁਰਘਟਨਾ ਵਿਚ ਮਰਨ ਵਾਲਿਆਂ ਲਈ 5 ਲੱਖ ਰੁਪਏ ਦਾ ਬੀਮਾ ਸ਼ੁਰੂ ਕੀਤਾ ਸੀ। ਉਨ੍ਹਾਂ 1952 ਵਿਚ ਪੰਜਾਬ ਅੰਦਰ ਵਾਪਰੀ ਇਕ ਹੌਲਨਾਕ ਘਟਨਾ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਉਸ ਸਮੇਂ ਜਲੰਧਰ ਦੇ ਕਾਂਗਰਸੀ ਆਗੂ ਦੇ ਪਿਤਾ, ਜਿਹੜੇ ਕਾਂਗਰਸ ਦੇ ਵੱਡੇ ਲੀਡਰ ਸਨ, ਨੇ ਬਾਬਾ ਸਾਹਿਬ ਦਾ ਜਲੰਧਰ ਵਿਖੇ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਗਾਂਹਵਧੂ, ਧਰਮ-ਨਿਰਪੱਖ ਅਤੇ ਸਮਾਨਤਾਵਾਦੀ ਲੋਕ ਕਾਂਗਰਸ ਪਾਰਟੀ ਨੂੰ ਬਾਬਾ ਸਾਹਿਬ ਦਾ ਅਪਮਾਨ ਕਰਨ ਲਈ ਇਕ ਕਰਾਰਾ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਅੱਜ ਵੀ ਕਾਂਗਰਸ ਨੇ ਬਾਬਾ ਸਾਹਿਬ ਦੀ ਜਨਮ ਵਰ੍ਹੇਗੰਢ ਨੂੰ ਅਣਗੌਲਿਆ ਕਰਕੇ ਇਸ ਮਹਾਨ ਹਸਤੀ ਦਾ ਨਿਰਾਦਰ ਕੀਤਾ ਹੈ।

ਇਸ ਮੌਕੇ ਹਰਚਰਨ ਸਿੰਘ ਬੈਂਸ, ਅਕਾਲੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ, ਪਵਨ ਕੁਮਾਰ ਟੀਨੂੰ, ਗੁਰਪ੍ਰਤਾਪ ਸਿੰਘ ਵਡਾਲਾ, ਬਲਦੇਵ ਸਿੰਘ ਖਹਿਰਾ ( ਤਿੰਨੇ ਵਿਧਾਇਕ), ਬਲਜੀਤ ਸਿੰਘ ਨੀਲਾ ਮਹਿਲ, ਰਣਜੀਤ ਸਿੰਘ ਰਾਣਾ, ਸੁਖਿਵੰਦਰ ਸਿੰਘ ਮੂਨਕ ਸਕੱਤਰ ਜਨਰਲ ਯੂਥ ਅਕਾਲੀ ਦਲ ਦੋਆਬਾ ਜ਼ੋਨ ਤੇ ਸਰਬਜੀਤ ਮੋਮੀ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।

Bharat Thapa

This news is Content Editor Bharat Thapa