'ਜਵਾਈ ਕਰਦੈ ਨਸ਼ਾ, ਬੇਟੀ ਨਾਲ ਸਹੁਰੇ ਨੇ ਕਈ ਵਾਰ ਕੀਤਾ ਜਬਰ-ਜ਼ਨਾਹ'

06/19/2018 1:09:43 PM

ਜਲੰਧਰ (ਸੁਧੀਰ)— ਚੌਗਿਟੀ ਵਾਸੀ ਇਕ ਔਰਤ ਨੇ ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਉਸ ਦਾ ਜਵਾਈ ਨਸ਼ਾ ਕਰਨ ਦਾ ਆਦੀ ਹੈ ਅਤੇ ਬੇਟੀ ਨਾਲ ਸਹੁਰਾ ਪਿਛਲੇ ਕਾਫੀ ਸਮੇਂ ਤੋਂ ਜਬਰ-ਜ਼ਨਾਹ ਕਰਦਾ ਆ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਕੁੜੀ ਡਰੀ ਹੋਈ ਸੀ। ਸਹੁਰਿਆਂ ਦੇ ਡਰ ਕਾਰਨ ਉਸ ਦੀ ਕੁੜੀ ਨੇ ਕੋਈ ਗੱਲ ਉਨ੍ਹਾਂ ਨੂੰ ਨਹੀਂ ਦੱਸੀ ਪਰ ਜਦ ਪਾਣੀ ਸਿਰ ਤੋਂ ਪਾਰ ਹੋ ਗਿਆ ਤਾਂ ਉਨ੍ਹਾਂ ਨੂੰ ਸਾਰੀ ਸੱਚਾਈ ਦਾ ਪਤਾ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਨੇ ਬੇਟੀ ਦੇ ਪਤੀ, ਸਹੁਰੇ ਅਤੇ ਹੋਰ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਲੜਕੀ ਦੇ ਪਿਤਾ ਜਸਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 3 ਸਾਲ ਪਹਿਲਾਂ ਆਪਣੀ ਕੁੜੀ ਦਾ ਵਿਆਹ ਮਾਹਲਪੁਰ ਵਾਸੀ ਇਕ ਵਿਅਕਤੀ ਨਾਲ ਕੀਤਾ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਬੇਟੀ ਦੇ ਸਹੁਰੇ ਉਸ ਨੂੰ ਦਾਜ ਲਈ ਤੰਗ ਕਰਨ ਲੱਗੇ। ਕੁਝ ਸਮੇਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਦਾ ਜਵਾਈ ਨਸ਼ਾ ਕਰਨ ਦਾ ਆਦੀ ਹੈ। 
ਉਨ੍ਹਾਂ ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਪਰਿਵਾਰਕ ਮੈਂਬਰਾਂ ਦੀ ਗੈਰ-ਮੌਜੂਦਗੀ 'ਚ ਬੇਟੀ ਦਾ ਸਹੁਰਾ ਕਈ ਵਾਰ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਰਿਹਾ ਅਤੇ ਕਈ ਵਾਰ ਜ਼ਬਰਦਸਤੀ ਉਸ ਨਾਲ ਨਾਜਾਇਜ਼ ਸਬੰਧ ਬਣਾਏ, ਜਿਸ ਤੋਂ ਬਾਅਦ ਉਸ ਦੀ ਬੇਟੀ ਨੇ ਘਟਨਾ ਸਬੰਧੀ ਪਤੀ ਨੂੰ ਸਾਰੀ ਜਾਣਕਾਰੀ ਦਿੱਤੀ ਪਰ ਉਹ ਕਹਿਣ ਲੱਗਾ ਕਿ ਸਾਰੇ ਘਰ ਦਾ ਖਰਚਾ ਉਸ ਦਾ ਪਿਉ ਕਰਦਾ ਹੈ ਅਤੇ ਨਸ਼ਾ ਕਰਨ ਦਾ ਖਰਚਾ ਵੀ ਉਹ ਆਪਣੇ ਪਿਉ ਤੋਂ ਲੈਂਦਾ ਹੈ, ਜਿਸ ਤੋਂ ਬਾਅਦ ਉਕਤ ਲੋਕ ਉਸ ਨੂੰ ਘਰੋਂ ਬਾਹਰ ਕੱਢਣ ਦੀਆਂ ਧਮਕੀਆਂ ਦੇ ਕੇ ਚੁੱਪ ਕਰਵਾਉਣ ਲੱਗੇ ਸਨ।
ਉਨ੍ਹਾਂ ਦੋਸ਼ ਲਾਇਆ ਕਿ ਐਤਵਾਰ ਬੇਟੀ ਦਾ ਫੋਨ ਆਇਆ ਕਿ ਉਸ ਦੇ ਸਹੁਰੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਹਨ, ਜਿਸ ਤੋਂ ਬਾਅਦ ਉਹ ਆਪਣੇ ਪਤੀ ਨਾਲ ਬੇਟੀ ਦੇ ਘਰ ਪਹੁੰਚੇ ਤਾਂ ਦੇਖਿਆ ਕਿ ਸਹੁਰੇ ਪੱਖ ਦੇ ਲੋਕਾਂ ਨੇ ਕੁੜੀ ਨਾਲ ਕੁੱਟਮਾਰ ਕਰਕੇ ਉਸ ਨੂੰ ਬੇਹੋਸ਼ ਕੀਤਾ ਹੋਇਆ ਸੀ। ਘਰ ਪਹੁੰਚਣ 'ਤੇ ਉਕਤ ਲੋਕਾਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ ਅਤੇ ਬੇਟੀ ਕੋਲੋਂ ਮਾਸੂਮ ਬੱਚਾ ਖੋਹ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। 
ਘਟਨਾ ਦਾ ਖੁਲਾਸਾ ਹੁੰਦਿਆਂ ਹੀ ਸ਼ਿਵ ਸੈਨਾ ਨੇਤਾ ਨਰਿੰਦਰ ਥਾਪਰ ਨੇ ਵੀ ਪੀੜਤ ਧਿਰ ਨਾਲ ਜਾ ਕੇ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਨੂੰ ਦਿੱਤੀ ਸ਼ਿਕਾਇਤ 'ਚ ਮਾਮਲੇ ਦੀ ਜਾਂਚ ਕਰ ਕੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਨੇ ਮਾਮਲੇ ਦੀ ਜਾਂਚ ਵੂਮੈਨ ਸੈੱਲ ਨੂੰ ਸੌਂਪ ਦਿੱਤੀ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।