ਵਿਆਹੁਤਾ ਨੂੰ 10 ਲੱਖ ਲਈ ਤੰਗ-ਪਰੇਸ਼ਾਨ ਕਰਨ ’ਤੇ ਪਤੀ ਖ਼ਿਲਾਫ਼ ਮਾਮਲਾ ਦਰਜ

06/18/2022 4:40:21 PM

ਨਵਾਂਸ਼ਹਿਰ (ਤ੍ਰਿਪਾਠੀ)- ਵਿਆਹ ਦੇ ਮਹਿਜ 15 ਦਿਨਾਂ ਬਾਅਦ ਇਟਲੀ ਵਾਪਸ ਗਏ ਪਤੀ ਵੱਲੋਂ ਵਿਆਹੁਤਾ ਨੂੰ ਇਟਲੀ ਬੁਲਾਉਣ ਲਈ 10 ਲੱਖ ਰੁਪਏ ਦੀ ਮੰਗ ਪੂਰੀ ਨਾ ਹੋਣ ’ਤੇ ਤੰਗ ਪਰੇਸ਼ਾਨ ਕਰਨ ਅਤੇ ਵਿਆਹੁਤਾ ਨੂੰ ਖ਼ਰਚ ਨਾ ਦੇਣ ਦੇ ਦੋਸ਼ਾਂ ਤਹਿਤ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਮਨਜਿੰਦਰ ਕੌਰ ਪੁੱਤਰੀ ਜੋਗਾ ਰਾਮ ਵਾਸੀ ਪਿੰਡ ਹੁਸੈਨ ਚੱਕ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਉਸ ਦਾ ਵਿਆਹ 9 ਮਈ 2016 ਨੂੰ ਜਤਿੰਦਰ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਫਗਵਾੜਾ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਵਿਆਹ ਦੇ ਸਮੇਂ ਪਤੀ ਅਤੇ ਸਹੁਰਾ ਪਰਿਵਾਰ ਦੇ ਮੈਂਬਰਾਂ ਨੂੰ ਸੋਨੇ ਦੇ ਗਹਿਣੇ ਪਾਏ ਗਏ ਅਤੇ ਉਨ੍ਹਾਂ ਦੀ ਮੰਗ ਮੁਤਾਬਕ ਦਾਜ ਦੀ ਥਾਂ ’ਤੇ 5 ਲੱਖ ਰੁਪਏ ਨਕਦੀ ਦਿੱਤੇ ਗਏ।

ਇਹ ਵੀ ਪੜ੍ਹੋ: ਦੋਆਬਾ ਦੇ ਲੋਕਾਂ ਲਈ ਅਹਿਮ ਖ਼ਬਰ, ਕੈਨੇਡਾ ਸਰਕਾਰ ਨੇ ਜਲੰਧਰ ’ਚ ਦਿੱਤੀ ਪਾਸਪੋਰਟ ਜਮ੍ਹਾ ਕਰਵਾਉਣ ਦੀ ਸਹੂਲਤ

ਉਸ ਨੇ ਦੱਸਿਆ ਕਿ 15 ਦਿਨਾਂ ਬਾਅਦ ਉਸ ਦਾ ਪਤੀ ਵਾਪਸ ਇਟਲੀ ਚਲਾ ਗਿਆ। ਕੁਝ ਸਮੇਂ ਬਾਅਦ ਹੀ ਪਤੀ ਨੇ ਉਸ ਨੂੰ ਇਟਲੀ ਬੁਲਾਉਣ ਦੇ ਨਾਂ ’ਤੇ ਦਸਤਾਵੇਜ਼ ਤਿਆਰ ਕਰਨ ਲਈ 10 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੰਗ ਪੂਰੀ ਨਾ ਹੋਣ ’ਤੇ ਉਸ ਨੂੰ ਸਹੁਰਾ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਣ ਲੱਗਾ। ਉਸ ਨੇ ਦੱਸਿਆ ਕਿ ਉਸ ਦੀ ਡਿਲਿਵਰੀ ਹੋਣ ਸਮੇਂ ਉਸ ਨੂੰ ਪੇਕਿਆਂ ਦੇ ਛੱਡ ਦਿੱਤਾ ਗਿਆ ਅਤੇ ਉਪਰੰਤ ਉਸ ਦਾ ਪਤੀ ਜਾਂ ਕੋਈ ਵੀ ਸੁਹਰਾ ਪਰਿਵਾਰ ਦਾ ਮੈਂਬਰ ਉਸ ਨੂੰ ਲੈਣ ਨਹੀਂ ਆਇਆ।

ਉਸ ਨੇ ਦੱਸਿਆ ਕਿ ਪੰਚਾਇਤੀ ਸਮਝੌਤੇ ਵਿਚ ਪਤੀ ਵੱਲੋਂ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਖ਼ਰਚ ਦੇਣ ਦਾ ਵਾਅਦਾ ਕੀਤਾ ਸੀ ਪਰ ਉਸ ਨੂੰ ਵੀ ਪੂਰਾ ਨਹੀਂ ਕੀਤਾ ਗਿਆ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਪਤੀ ਅਤੇ ਸਹੁਰਾ ਪਰਿਵਾਰ ’ਤੇ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਆਲਾ ਅਧਿਕਾਰੀ ਵੱਲੋਂ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਪਤੀ ਜਤਿੰਦਰ ਸਿੰਘ ਪੁੱਤਰ ਮੋਹਨ ਲਾਲ ਖ਼ਿਲਾਫ਼ ਧਾਰਾ 406, 498-ਏ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਜਲੰਧਰ: ਕੰਪਨੀ ਬਾਗ ਚੌਂਕ ਨੇੜੇ ਮਸ਼ਹੂਰ ਮਠਿਆਈਆਂ ਦੀ ਦੁਕਾਨ ’ਤੇ GST ਦੇ ਮੋਬਾਇਲ ਵਿੰਗ ਵੱਲੋਂ ਛਾਪੇਮਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri