ਪੁਲਸ ਲਾਈਨ ਨੇੜੇ ਅਮਰ ਨਗਰ ਕਾਲੋਨੀ ’ਚ ਡਾਕਟਰ ਦੇ ਘਰ ’ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

07/27/2022 6:20:50 PM

ਕਪੂਰਥਲਾ (ਭੂਸ਼ਣ)- ਕੁਝ ਅਣਪਛਾਤਿਆਂ ਨੇ ਜ਼ਿਲ੍ਹਾ ਪੁਲਸ ਲਾਈਨ ਨੇੜੇ ਅਮਰ ਨਗਰ ਕਾਲੋਨੀ ’ਚ ਇਕ ਡਾਕਟਰ ਦੇ ਘਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਲੱਖਾਂ ਰੁਪਏ ਦੇ ਸੋਨੇ, ਹੀਰੇ ਦੇ ਗਹਿਣੇ, 105 ਕਿਲੋ ਚਾਂਦੀ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ। ਘਟਨਾ ਨੂੰ ਅੰਜਾਮ ਦੇਣ ਵਾਲਾ ਇਕ ਮੁਲਜ਼ਮ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਿਆ। ਫਿਲਹਾਲ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਤੇਜ਼ ਕਰ ਦਿੱਤੀ ਹੈ।

ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਡਾ. ਰੇਵਤੀ ਰਮਨ ਕੌਲ ਪੁੱਤਰ ਗਿਰਧਾਰੀ ਲਾਲ ਕੌਲ ਵਾਸੀ ਮਕਾਨ ਨੰਬਰ 6, ਅਮਰ ਨਗਰ ਨੇ ਦੱਸਿਆ ਕਿ ਉਹ 25 ਜੁਲਾਈ ਦੀ ਸਵੇਰੇ ਕਰੀਬ 7.30 ਵਜੇ ਕਿਸੇ ਜ਼ਰੂਰੀ ਕੰਮ ਦੇ ਸਿਲਸਿਲੇ ’ਚ ਸ਼ਹਿਰ ਤੋਂ ਬਾਹਰ ਗਏ ਹੋਏ ਸੀ। ਜਦੋਂ ਰਾਤ ਕਰੀਬ 9 ਵਜੇ ਵਾਪਸ ਆਏ ਤਾਂ ਉਨ੍ਹਾਂ ਆਪਣੇ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਿਆ ਵੇਖਿਆ। ਘਰ ਅੰਦਰ ਲੱਗੀਆਂ ਗਰਿੱਲਾਂ ਟੁੱਟੀਆਂ ਹੋਈਆਂ ਸਨ। ਇਸ ਉਪਰੰਤ ਜਦੋਂ ਉਹ ਬੈੱਡਰੂਮ ’ਚ ਪਹੁੰਚੇ ਤਾਂ ਉਥੋਂ ਦੀਆਂ ਅਲਮਾਰੀਆਂ ਤੇ ਲਾਕਰ ਟੁੱਟੇ ਹੋਏ ਸਨ ਅਤੇ ਸਾਰਾ ਕੀਮਤੀ ਸਾਮਾਨ ਗਾਇਬ ਸੀ।

ਇਹ ਵੀ ਪੜ੍ਹੋ: ਪਾਵਰਕਾਮ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੇਗਾ 600 ਯੂਨਿਟ ਮੁਫ਼ਤ ਬਿਜਲੀ ਤੋਂ ਉਪਰ ਦਾ ਲਾਭ, ਜਾਣੋ ਹੋਰ ਸ਼ਰਤਾਂ ਬਾਰੇ

ਡਾ. ਰੇਵਤੀ ਕੌਲ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮ ਉਨ੍ਹਾਂ ਦੇ ਘਰੋਂ 5 ਤੋਲੇ ਹੀਰੇ ਦਾ ਸੈੱਟ, 4 ਤੋਲੇ ਸੋਨੇ ਦਾ ਸੈੱਟ, 4 ਤੋਲੇ ਸੋਨੇ ਦੀਆਂ ਚੂੜੀਆਂ, 2 ਤੋਲੇ ਸੋਨੇ ਦੀ ਚੇਨ ਅਤੇ ਅੰਗੂਠੀ, 105 ਕਿਲੋ ਚਾਂਦੀ ਅਤੇ ਕਰੀਬ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਸਬ-ਡਵੀਜ਼ਨ ਮਨਿੰਦਰਪਾਲ ਸਿੰਘ ਅਤੇ ਐੱਸ. ਐੱਚ. ਓ. ਸਿਟੀ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੇ। ਘਟਨਾ ਨੂੰ ਅੰਜਾਮ ਦੇਣ ਵਾਲਿਆਂ ’ਚੋਂ ਇਕ ਮੁਲਜ਼ਮ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਿਆ ਹੈ। ਪੁਲਸ ਨੇ ਮੁਲਜ਼ਮਾਂ ਦੀ ਭਾਲ ਤੇਜ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਨੰਗਲ ਵਿਖੇ ਭਾਖੜਾ ਨਹਿਰ ’ਚ ਤਰਦੀਆਂ ਮਾਂ-ਧੀ ਦੀਆਂ ਲਾਸ਼ਾਂ ਬਰਾਮਦ, ਫ਼ੈਲੀ ਸਨਸਨੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Anuradha

This news is Content Editor Anuradha