ਬਾਰੂਦ ਦੇ ਢੇਰ ''ਤੇ ਕਪੂਰਥਲਾ, ਪ੍ਰਸ਼ਾਸਨ ਖਾਮੋਸ਼

10/14/2019 3:42:34 PM

ਕਪੂਰਥਲਾ (ਮਹਾਜਨ)— ਕਪੂਰਥਲਾ ਸ਼ਹਿਰ ਬਾਰੂਦ ਦੇ ਢੇਰ 'ਤੇ ਹੈ ਕਿਉਂਕਿ ਅਜੇ ਤਾਂ ਪ੍ਰਸ਼ਾਸਨ ਨੇ ਲਾਇਸੈਂਸ ਦਿੱਤੇ ਹੀ ਨਹੀਂ ਫਿਰ ਵੀ ਕਰੋੜਾਂ ਰੁਪਏ ਦਾ ਪਟਾਕਾ ਸਟੋਰ ਹੋਇਆ ਪਿਆ ਹੈ। ਸ਼ਹਿਰ ਦੇ ਹੋਲਸੇਲਰਾਂ ਨੇ ਰਿਹਾਇਸ਼ੀ ਖੇਤਰਾਂ 'ਚ ਬਾਰੂਦ ਦੇ ਢੇਰ ਲਾਏ ਹੋਏ ਹਨ ਅਤੇ ਮੋਟੀ ਕਮਾਈ ਦੇ ਲਾਲਚ 'ਚ ਬਿਨਾਂ ਲਾਇਸੈਂਸ ਨਾਜਾਇਜ਼ ਰੂਪ ਨਾਲ ਪਟਾਕਿਆਂ ਨੂੰ ਸਟੋਰ ਕੀਤਾ ਹੋਇਆ ਹੈ ਪਰ ਜ਼ਿਲੇ ਦਾ ਪੁਲਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਚੁੱਪ ਬੈਠਾ ਹੈ ਤੇ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਦੀਵਾਲੀ ਦੇ ਦਿਨਾਂ 'ਚ ਹੋਣ ਵਾਲੀ ਪਟਾਕਿਆਂ ਦੀ ਬੰਪਰ ਵਿਕਰੀ ਹੈ। ਪਟਾਕਿਆਂ ਦੀ ਵਿਕਰੀ ਤੋਂ ਪਹਿਲਾਂ ਇਸ ਨੂੰ ਸਟੋਰ, ਵਿਕਰੀ ਲਈ ਲਾਇਸੈਂਸ ਅਤੇ ਵਿਕਰੀ ਵਾਲੀ ਥਾਂ ਆਦਿ ਦੀ ਮਨਜ਼ੂਰੀ ਸਬੰਧੀ ਕਾਨੂੰਨ ਤਾਂ ਸਭ ਬਣੇ ਹੋਏ ਹਨ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੀਵਾਲੀ ਦੇ 15 ਦਿਨ ਪਹਿਲਾਂ ਹੀ ਕਪੂਰਥਲਾ 'ਚ ਵਿਕਰੀ ਦੇ ਲਈ ਕਰੋੜਾਂ ਰੁਪਏ ਦਾ ਪਟਾਕਾ ਨਾ ਸਿਰਫ ਜਮ੍ਹਾ ਹੋ ਗਿਆ ਸਗੋਂ ਧੜੱਲੇ ਨਾਲ ਵਿਕ ਵੀ ਰਿਹਾ ਹੈ ਪਰ ਪਟਾਕਿਆਂ ਸਬੰਧੀ ਕੋਈ ਲਾਇਸੈਂਸ ਜਾਂ ਮਨਜ਼ੂਰੀ ਕਿਸੇ ਵੀ ਵਿਕਰੇਤਾ ਨੇ ਪ੍ਰਸ਼ਾਸਨ ਤੋਂ ਨਹੀਂ ਲਈ ਹੈ।

ਅਜੇ ਤਾਂ ਪ੍ਰਸ਼ਾਸਨ ਨੇ ਪਟਾਕਿਆਂ ਦੀ ਵਿਕਰੀ ਲਈ 11 ਅਕਤੂਬਰ ਤੱਕ ਲਾਇਸੈਂਸ ਦੀਆਂ ਅਰਜ਼ੀਆਂ ਮੰਗੀਆਂ ਸਨ, ਜਿਸ 'ਚ 500 ਦੇ ਕਰੀਬ ਪਟਾਕਾ ਵਿਕਰੇਤਾਵਾਂ ਨੇ ਅਰਜ਼ੀਆਂ ਦਿੱਤੀਆਂ ਹਨ। ਇਥੇ ਇਹ ਸਵਾਲ ਉੱਠਦਾ ਹੈ ਕਿ ਬਿਨਾਂ ਮਨਜ਼ੂਰੀ ਆਖਰਕਾਰ ਕਿਵੇਂ ਪਟਾਕੇ ਸ਼ਹਿਰ 'ਚ ਪਹੁੰਚ ਗਏ ਅਤੇ ਵੇਚੇ ਵੀ ਜਾ ਰਹੇ ਹਨ। ਜੇਕਰ ਕੋਈ ਹਾਦਸਾ ਹੁੰਦਾ ਹੈ ਤਾਂ ਕੀ ਜ਼ਿਲਾ ਪ੍ਰਸ਼ਾਸਨ ਇਸ ਦੀ ਜ਼ਿੰਮੇਵਾਰੀ ਲਵੇਗਾ ਜਾਂ ਫਿਰ ਪੁਲਸ ਵਿਭਾਗ ਜਵਾਬਦੇਹ ਹੋਵੇਗਾ ਕਿ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਕਿਵੇਂ ਪਟਾਕੇ ਜਮ੍ਹਾ ਹੋ ਗਏ ਤੇ ਹੋ ਰਹੀ ਵਿਕਰੀ ਅਤੇ ਕਾਨੂੰਨ ਦਾ ਪਾਲਨ ਕਰਵਾਉਣ ਵਾਲੀ ਕਿਸੇ ਏਜੰਸੀ ਦਾ ਧਿਆਨ ਕਿਉਂ ਨਹੀਂ ਗਿਆ।

ਕਪੂਰਥਲਾ ਸ਼ਹਿਰ 'ਚ ਇਸ ਸਮੇਂ 6 ਕਰੋੜ ਰੁਪਏ ਤੋਂ ਵੀ ਵੱਧ ਦਾ ਪਟਾਕਾ ਵਿਕਰੇਤਾਵਾਂ ਨੇ ਕੇਵਲ ਜਮ੍ਹਾ ਕਰ ਲਿਆ ਹੈ ਬਲਕਿ ਛੋਟੇ ਦੁਕਾਨਦਾਰਾਂ ਨੂੰ ਇਸਦੀ ਵਿਕਰੀ ਵੀ ਕੀਤੀ ਜਾ ਰਹੀ ਹੈ। ਛੋਟੇ ਦੁਕਾਨਦਾਰ ਧੜੱਲੇ ਨਾਲ ਬੱਚਿਆ ਨੂੰ ਪਟਾਕੇ ਵੇਚ ਰਹੇ ਹਨ, ਜਦਕਿ ਜ਼ਿਲਾ ਪ੍ਰਸ਼ਾਸਨ ਨੇ ਅਜੇ ਤਕ ਪਟਾਕਿਆਂ ਦੇ ਸਟੋਰ ਅਤੇ ਵਿਕਰੀ ਦੇ ਲਾਇਸੈਂਸਾਂ ਦੀਆਂ ਅਰਜ਼ੀਆ ਮੰਗੀਆਂ ਹਨ। ਖੁਲ੍ਹੇਆਮ ਦੁਕਾਨਾਂ 'ਤੇ ਵਿਕ ਰਹੇ ਪਟਾਕੇ 'ਚ ਵੀ ਜ਼ਿਆਦਾਤਰ ਪਟਾਕੇ ਚਾਈਨੀਜ਼ ਹਨ। ਸਿਰਫ ਸਸਤੇ ਤੇ ਫੈਂਸੀ ਦਿਖਣ ਵਾਲੇ ਪਟਾਕਿਆਂ 'ਚ ਵੱਧ ਮੁਨਾਫੇ ਦੇ ਲਾਲਚ 'ਚ ਨਾਜਾਇਜ਼ ਰੂਪ ਨਾਲ ਪਟਾਕਿਆਂ ਨੂੰ ਸਟੋਰ ਕਰ ਲਿਆ ਹੈ ਤੇ ਛੋਟੇ ਦੁਕਾਨਦਾਰ ਵੀ ਮੋਟੇ ਮੁਨਾਫੇ ਦੇ ਲਾਲਚ 'ਚ ਉੱਥੇ ਸੁਰੱਖਿਅਤ ਪਟਾਕੇ ਵੇਚ ਰਹੇ ਹਨ।

ਨਾਜਾਇਜ਼ ਤੌਰ 'ਤੇ ਵਿਕ ਰਹੇ ਪਟਾਕਿਆਂ ਦੇ ਮਾਮਲੇ 'ਚ ਇਥੇ ਮਨਜ਼ੂਰੀ ਦੇਣ ਵਾਲੇ ਸਿਵਲ ਪ੍ਰਸ਼ਾਸਨ ਤੇ ਬਿਨਾਂ ਮਨਜ਼ੂਰੀ ਦੇ ਪਟਾਕੇ ਵਿਕਣ ਦੇ ਬਾਵਜੂਦ ਅੱਖ ਬੰਦ ਕਰਕੇ ਸਭ ਕੁਝ ਦੇਖ ਰਹੇ ਕਾਨੂੰਨ ਦੇ ਰੱਖਵਾਲਿਆਂ ਦੇ ਕਾਨੂੰਨ ਦੇ ਪ੍ਰਤੀ ਜ਼ਿੰਮੇਵਾਰੀ ਦਾ ਤਾਂ ਪਤਾ ਚੱਲ ਰਿਹਾ ਹੈ, ਉੱਥੇ ਖੇਤਰ 'ਚ ਅਜਿਹਾ ਕੋਈ ਵੀ ਵਿਭਾਗ ਨਜ਼ਰ ਨਹੀਂ ਆ ਰਿਹਾ ਜੋ ਸੁਰੱਖਿਆ ਪੱਧਰ ਦੇ ਉਲਟ ਬਣ ਕੇ ਬਾਜ਼ਾਰ 'ਚ ਵਿਕਣ ਲਈ ਭੇਜੇ ਗਏ ਪਟਾਕਿਆਂ ਦੀ ਜਾਂਚ ਕਰ ਰਿਹਾ ਹੈ। ਖਤਰਨਾਕ ਬਾਰੂਦ ਤੋਂ ਤਿਆਰ ਹੋਣ ਵਾਲੇ ਪਟਾਕਿਆਂ ਦੀ ਬਿਨਾਂ ਮਨਜ਼ੂਰੀ ਹੋ ਰਹੀ ਵਿਕਰੀ ਅਤੇ ਸਟੋਰ ਨੂੰ ਲੈ ਕੇ ਫਿਲਹਾਲ ਜ਼ਿੰਮੇਵਾਰ ਅਧਿਕਾਰੀ ਆਪਣੇ ਫਰਜ਼ ਤੋਂ ਪਿੱਛੇ ਹੱਟ ਰਹੇ ਹਨ। ਜੇਕਰ ਪ੍ਰਸ਼ਾਸਨ ਨੇ ਇਸ ਮਾਮਲੇ ਸਬੰਧੀ ਚੌਕਸੀ ਨਹੀਂ ਦਿਖਾਈ ਤਾਂ ਵੱਡੀ ਘਟਨਾ ਵਾਪਰ ਸਕਦੀ ਹੈ। ਜੇਕਰ ਕੋਈ ਪਟਾਕੇ ਵੇਚ ਰਿਹਾ ਹੈ ਜਾਂ ਸਟੋਰ ਕਰਕੇ ਬੈਠਾ ਹੈ ਤਾਂ ਉਸਦੀ ਵੀ ਸਬੰਧਤ ਵਿਭਾਗ ਤੋਂ ਜਾਂਚ ਕਰਵਾ ਕੇ ਉਸਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨਾਜਾਇਜ਼ ਤੌਰ 'ਤੇ ਪਟਾਕਾ ਸਟੋਰ ਕਰਨ ਵਾਲਿਆਂ ਖਿਲਾਫ ਕਦੇ ਸਖਤੀ ਨਾਲ ਕਾਰਵਾਈ ਕਰਦੀ ਹੀ ਨਹੀਂ। ਪੁਲਸ ਦੀ ਕਥਿਤ ਮਿਲੀਭੁਗਤ ਵੀ ਨਜ਼ਰ ਆ ਰਹੀ ਹੈ।

ਕੀ ਹਨ ਹਾਈਕੋਰਟ ਦੇ ਹੁਕਮ
ਹਾਈਕੋਰਟ ਨੇ ਦਿਸ਼ਾ-ਨਿਰਦੇਸ਼ ਦਿੱਤੇ ਹੋਏ ਹਨ ਕਿ ਸ਼ਹਿਰ 'ਚ ਸੰਘਣੀ ਆਬਾਦੀ ਵਾਲੇ ਖੇਤਰਾਂ 'ਤੇ ਅੰਦਰਲੇ ਬਾਜ਼ਾਰਾਂ 'ਚ ਕਿਸੇ ਵੀ ਤਰ੍ਹਾਂ ਦਾ ਪਟਾਕਾ ਸਟੋਰ ਨਹੀਂ ਕੀਤਾ ਜਾ ਸਕਦਾ। ਇਸ ਦੀ ਸ਼ਹਿਰੀ ਖੇਤਰਾਂ ਅਤੇ ਕਾਲੋਨੀਆਂ ਤੋਂ ਦੂਰ ਪਟਾਕਿਆਂ ਦੇ ਗੋਦਾਮ 'ਚ ਸਟੋਰ ਕੀਤਾ ਜਾ ਸਕਦਾ ਹੈ। ਨਾਲ ਹੀ ਜਿਨ੍ਹਾਂ ਦੇ ਕੋਲ ਐਕਸਪਲੋਸਿਵ ਲਾਇਸੈਂਸ ਹਨ, ਉਹੀ ਪਟਾਕੇ ਵੇਚ ਸਕਦੇ ਹਨ।

ਬਿਨਾਂ ਲਾਈਸੈਂਸ ਤੋਂ ਪਟਾਕਾ ਵੇਚਣ ਵਾਲਿਆਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ : ਡੀ. ਸੀ.
ਡੀ. ਸੀ. ਡੀ. ਪੀ. ਐੱਸ. ਖਰਬੰਦਾ ਦਾ ਕਹਿਣਾ ਹੈ ਕਿ ਪਟਾਕਾ ਸਟੋਰ, ਵਿਕਰੀ ਅਤੇ ਵਿਕਰੀ ਦੀ ਥਾਂ ਸਬੰਧੀ 11 ਅਕਤੂਬਰ ਤੱਕ ਅਰਜ਼ੀਆਂ ਮੰਗੀਆਂ ਗਈਆਂ ਸਨ, ਜਿਸ 'ਚ 500 ਦੇ ਕਰੀਬ ਅਰਜ਼ੀਆਂ ਮਿਲੀਆਂ ਹਨ ਜਿਸ 'ਚੋਂ 17 ਲੋਕਾਂ ਨੂੰ ਲੱਕੀ ਡਰਾਅ ਦੇ ਰਾਹੀਂ ਲਾਇਸੈਂਸ ਦਿੱਤੇ ਜਾਣਗੇ। ਬਿਨਾਂ ਲਾਇਸੈਂਸ ਤੋਂ ਪਟਾਕਾ ਵੇਚਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬਟਾਲਾ 'ਚ ਵਾਪਰੀ ਘਟਨਾ ਤੋਂ ਬਾਅਦ ਵੀ ਨਹੀਂ ਜਾਗਿਆ ਪ੍ਰਸ਼ਾਸਨ
ਸ਼ਹਿਰ 'ਚ ਜਿਸ ਹਿਸਾਬ ਨਾਲ ਬਾਰੂਦ ਸਟੋਰ ਹੋਇਆ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਜ਼ਿਲਾ ਪ੍ਰਸ਼ਾਸਨ ਨੇ ਬਟਾਲਾ ਦੀ ਘਟਨਾ ਤੋਂ ਕੋਈ ਸਬਕ ਨਹੀਂ ਲਿਆ। ਬਟਾਲਾ ਤੋਂ ਹੋਈ ਪਟਾਕਾ ਫੈਕਟਰੀ ਧਮਾਕਾ ਮਾਮਲੇ 'ਚ ਕਈ ਦਰਜਨ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ। ਇਸ ਦੇ ਬਾਅਦ ਪੰਜਾਬ 'ਚ ਕੋਈ ਪਟਾਕਾ ਵਿਕਰੇਤਾਵਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ ਪਰ ਜ਼ਿਲਾ ਕਪੂਰਥਲਾ ਪੁਲਸ ਅਤੇ ਸਿਵਲ ਪ੍ਰਸ਼ਾਸਨ ਤਾਂ ਚੁੱਪ ਬੈਠਾ ਹੈ, ਲੱਗਦਾ ਹੈ ਕਿ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ।

shivani attri

This news is Content Editor shivani attri