''ਰੈਫਰੈਂਡਮ 2020'' ਦਾ ਸਮਰਥਨ ਹੀ ਖਹਿਰਾ ਦੀ ਵੱਖਵਾਦੀ ਮਾਨਸਿਕਤਾ ਦਾ ਪ੍ਰਤੱਖ ਸਬੂਤ : ਕੈਪਟਨ ਹਰਮਿੰਦਰ ਸਿੰਘ

06/24/2018 1:05:16 PM

ਜਲੰਧਰ (ਚੋਪੜਾ)— ਰੈਫਰੈਂਡਮ 2020 ਦਾ ਸਮਰਥਨ ਕਰਨਾ ਹੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਦੀ ਵੱਖਵਾਦੀ ਮਾਨਸਿਕਤਾ ਦਾ ਪ੍ਰਤੱਖ ਸਬੂਤ ਹੈ। ਉਕਤ ਸ਼ਬਦ ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਕੈਪਟਨ ਹਰਮਿੰਦਰ ਸਿੰਘ ਨੇ ਕਹਿੰਦੇ ਹੋਏ ਦੱਸਿਆ ਕਿ ਖਹਿਰਾ ਨੇ ਅਜਿਹੇ ਵੱਖਵਾਦੀਆਂ ਦਾ ਸਮਰਥਨ ਕਰਕੇ ਪੰਜਾਬ ਨੂੰ ਇਕ ਵਾਰ ਫਿਰ ਤੋਂ ਅੱਤਵਾਦ ਵੱਲ ਧੱਕਣਾ ਚਾਹੁੰਦੇ ਹਨ। 
ਉਨ੍ਹਾਂ ਨੇ ਕਿਹਾ ਕਿ 2 ਦਹਾਕੇ ਸੂਬਿਆਂ 'ਚ ਵਿਗੜੇ ਹਾਲਾਤ ਨੂੰ ਸ਼ਾਂਤੀਮਈ ਬਣਾਉਣ 'ਚ 25 ਹਜ਼ਾਰ ਬੇਗੁਨਾਹਾਂ ਨੂੰ ਆਪਣੀ ਕੁਰਬਾਨੀ ਦੇਣੀ ਪਈ ਸੀ। ਕੈਪਟਨ ਹਰਮਿੰਦਰ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਸੂਬੇ 'ਚ ਬਹਾਲ ਹੋਈ ਸ਼ਾਂਤੀ ਨੂੰ ਕਾਂਗਰਸ ਕਿਸੇ ਕੀਮਤ 'ਤੇ ਭੰਗ ਨਹੀਂ ਹੋਣ ਦੇਵੇਗੀ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਖਹਿਰਾ 'ਤੇ ਦੇਸ਼ ਧ੍ਰੋਹ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਪੰਜਾਬ ਦੀ ਅਮਨ ਅਤੇ ਸ਼ਾਂਤੀ ਨੂੰ ਭੰਗ ਕਰਨ ਦੀ ਸੋਚ ਰੱਖਣ ਵਾਲੇ ਅਜਿਹੇ ਆਗੂਆਂ ਨੂੰ ਸਬਕ ਮਿਲ ਸਕੇ।
ਕੈਪਟਨ ਹਰਮਿੰਦਰ ਨੇ ਕਿਹਾ ਕਿ ਪਹਿਲਾਂ ਗੁਰਦਾਸਪੁਰ ਲੋਕ ਸਭਾ ਉਪ ਚੋਣ, ਨਗਰ ਨਿਗਮਾਂ ਅਤੇ ਹੁਣ ਸ਼ਾਹਕੋਟ ਵਿਧਾਨ ਸਭਾ ਜ਼ਿਮਨੀ ਚੋਣ ਦੇ ਨਤੀਜਿਆਂ ਨੇ ਸੂਬੇ 'ਚ ਕੈਪਟਨ ਸਰਕਾਰ ਦੀ ਲੋਕਪ੍ਰਿਯਤਾ ਅਤੇ ਨੀਤੀਆਂ 'ਤੇ ਆਪਣੀ ਮੋਹਰ ਲਾ ਦਿੱਤੀ ਹੈ ਤੇ ਜਨਤਾ ਨੇ ਅਕਾਲੀ ਦਲ-ਭਾਜਪਾ ਅਤੇ 'ਆਪ' ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਕੇ ਉਨ੍ਹਾਂ ਨੂੰ ਜ਼ਮੀਨੀ ਹਕੀਕਤ ਦਿਖਾ ਦਿੱਤੀ ਹੈ। ਕੈਪਟਨ ਹਰਮਿੰਦਰ ਨੇ ਕਿਹਾ ਕਿ ਕਾਂਗਰਸ ਆਪਣੇ ਚੋਣ ਐਲਾਨ ਪੱਤਰ 'ਚ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਵਨ ਟਾਈਮ ਸੈਟਲਮੈਂਟ ਪਾਲਿਸੀ ਅਤੇ ਮਾਈਨਿੰਗ ਪਾਲਿਸੀ ਲਿਆ ਕੇ ਸੂਬੇ ਦੀ ਜਨਤਾ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।