ਪੈਸੇ ਲੈ ਕੇ ਗਵਾਹੀ ਪਾਉਣਾ ਨਹੀਂ ਹੋਵੇਗਾ ਆਸਾਨ

12/25/2018 12:38:49 PM

ਜਲੰਧਰ (ਅਮਿਤ)— ਤਹਿਸੀਲ ਕੰਪਲੈਕਸ 'ਚ ਨੰਬਰਦਾਰਾਂ ਵੱਲੋਂ ਪੈਸੇ ਲੈ ਕੇ ਗਵਾਹੀ ਪਾਉਣਾ ਇਕ ਆਮ ਜਿਹੀ ਗੱਲ ਬਣਦੀ ਜਾ ਰਹੀ ਹੈ। ਇਸ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਸਖਤ ਰੁਖ ਅਪਣਾਇਆ ਜਾ ਰਿਹਾ ਹੈ, ਪੈਸੇ ਲੈ ਕੇ ਗਵਾਹੀ ਪਾਉਣਾ ਹੁਣ ਆਸਾਨ ਸਾਬਤ ਨਹੀਂ ਹੋਵੇਗਾ।

ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਹੁਣੇ ਜਿਹੇ ਇਸ ਸਬੰਧੀ ਆਪਣਾ ਰੁਖ ਸਾਫ ਕਰਦੇ ਹੋਏ ਤਿੰਨ ਨੰਬਰਦਾਰਾਂ ਨੂੰ ਡਿਸਮਿਸ ਕਰਨ ਦਾ ਹੁਕਮ ਵੀ ਜਾਰੀ ਕੀਤਾ ਹੈ ਤਾਂ ਕਿ ਬਾਕੀਆਂ ਤਕ ਉਸ ਦਾ ਸੰਦੇਸ਼ ਸਾਫ ਹੋ ਜਾਏ ਕਿ ਹੁਣ ਪ੍ਰਸ਼ਾਸਨ ਕਿਸੇ ਵੀ ਹਾਲਤ 'ਚ ਦਾਗੀ ਅਤੇ ਅਪਰਾਧਕ ਅਕਸ ਵਾਲੇ ਨੰਬਰਦਾਰਾਂ ਨੂੰ ਸਹੀ ਅਤੇ ਸਮਾਜ 'ਚ ਬਤੌਰ ਪਤਵੰਤੇ ਸੱਜਣ ਦੇ ਜਾਣ ਵਾਲੇ ਨੰਬਰਦਾਰਾਂ ਦੀ ਅਕਸ ਨੂੰ ਧੱਕਾ ਲਾਉਣ ਦੀ ਇਜਾਜ਼ਤ ਪ੍ਰਦਾਨ ਨਹੀਂ ਕਰਨਗੇ।

ਮਾਲ ਤੇ ਪੁਨਰਵਾਸ ਵਿਭਾਗ ਵੱਲੋਂ ਸਾਲ 2015-16 ਦੇ ਸੋਧੇ ਬਜਟ ਅਨੁਸਾਰ ਜਲੰਧਰ ਜ਼ਿਲੇ 'ਚ ਕੁੱਲ 1946 ਨੰਬਰਦਾਰ ਹਨ, ਜਿਸ 'ਚ ਤਹਿਸੀਲ ਜਲੰਧਰ-1 'ਚ ਕੁੱਲ 330, ਤਹਿਸੀਲ ਜਲੰਧਰ-2 'ਚ ਕੁੱਲ 421, ਤਹਿਸੀਲ ਫਿਲੌਰ 'ਚ ਕੁੱਲ 550, ਤਹਿਸੀਲ ਨਕੋਦਰ 'ਚ ਕੁੱਲ 330 ਤੇ ਤਹਿਸੀਲ ਸ਼ਾਹਕੋਟ 'ਚ ਕੁੱਲ 315 ਨੰਬਰਦਾਰਾਂ ਨੂੰ ਹਰ ਸਾਲ 1500 ਰੁਪਏ ਮਹੀਨਾ ਦੇ ਹਿਸਾਬ ਨਾਲ ਕੁੱਲ 3 ਕਰੋੜ 50 ਲੱਖ 28 ਹਜ਼ਾਰ ਰੁਪਏ ਦਾ ਸਾਲਾਨਾ ਮਾਣ-ਭੱਤਾ ਸਰਕਾਰ ਵੱਲੋਂ ਅਦਾ ਕੀਤਾ ਗਿਆ ਹੈ।

ਮੌਜੂਦਾ ਸਮੇਂ 'ਚ ਤਹਿਸੀਲ ਅੰਦਰ ਕਈ ਅਜਿਹੇ ਨੰਬਰਦਾਰ ਪਾ ਰਹੇ ਨੇ ਗਵਾਹੀਆਂ
ਤਹਿਸੀਲ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੌਜੂਦਾ ਸਮੇਂ 'ਚ ਵੀ ਤਹਿਸੀਲ ਦੇ ਅੰਦਰ ਰੋਜ਼ਾਨਾ ਪੈਸੇ ਲੈ ਕੇ ਗਵਾਹੀ ਪਾਉਣ ਵਾਲੇ ਪ੍ਰੋਫੈਸ਼ਨਲ ਨੰਬਰਦਾਰਾਂ ਦੀ ਲਿਸਟ 'ਚ ਅਜਿਹੇ ਕਈ ਨੰਬਰਦਾਰ ਸ਼ਾਮਲ ਹਨ, ਜਿਨ੍ਹਾਂ ਖਿਲਾਫ ਜਾਂ ਤਾਂ ਕੋਈ ਅਪਰਾਧਕ ਕੇਸ ਚੱਲ ਰਿਹਾ ਹੈ ਜਾਂ ਫਿਰ ਉਹ ਕਿਸੇ ਮਾਮਲੇ 'ਚ ਜੇਲ ਦੀ ਹਵਾ ਤੱਕ ਖਾ ਚੁੱਕੇ ਹਨ।

ਫਰਜ਼ੀ ਗਵਾਹੀ ਪਾਉਣ 'ਤੇ ਦਰਜ ਹੋ ਚੁੱਕੇ ਹਨ ਕਈ ਮਾਮਲੇ
ਕੁਝ ਲਾਲਚੀ ਨੰਬਰਦਾਰਾਂ ਦੇ ਝੂਠੀ ਅਤੇ ਫਰਜ਼ੀ ਗਵਾਹੀ ਪਾਉਣ ਲਈ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਕੁਝ ਨੰਬਰਦਾਰਾਂ ਨੂੰ ਜੇਲ ਦੀ ਹਵਾ ਵੀ ਖਾਣੀ ਪਈ ਹੈ। ਬਹੁਤ ਵਾਰ ਦੇਖਣ 'ਚ ਆਇਆ ਹੈ ਕਿ ਕੁਝ ਲੋਕ ਜਾਅਲੀ ਵਸੀਅਤ ਜਾਂ ਫਿਰ ਜਾਅਲੀ ਰਜਿਸਟ੍ਰੇਸ਼ਨ ਆਦਿ ਕਰਵਾਉਂਦੇ ਹਨ, ਜਿਸ 'ਚ ਨੰਬਰਦਾਰ ਮਾਮੂਲੀ ਰਕਮ ਦੇ ਲਾਲਚ 'ਚ ਆਪਣੀ ਗਵਾਹੀ ਬਿਨਾਂ ਸੋਚੇ ਸਮਝੇ ਪਾ ਦਿੰਦੇ ਹਨ ਤੇ ਬਾਅਦ 'ਚ ਪਛਤਾਉਂਦੇ ਵੀ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੇਕਰ ਪ੍ਰਸ਼ਾਸਨ ਸਹੀ ਤਰੀਕੇ ਨਾਲ ਜਾਂਚ ਕਰਵਾਏ ਤਾਂ ਪਤਾ ਲੱਗ ਸਕਦਾ ਹੈ ਕਿ ਬਹੁਤ ਸਾਰੇ ਸਜ਼ਾ ਯਾਫਤਾ ਨੰਬਰਦਾਰ ਤੇ ਫਿਰ ਜਿਸ ਦੇ ਉੱਪਰ ਗੰਭੀਰ ਮਾਮਲੇ ਦਰਜ ਹਨ, ਉਹ ਵੀ ਗਵਾਹੀ ਪਾ ਰਹੇ ਹਨ, ਜਦੋਂ ਕਿ ਕਾਨੂੰਨਨ ਉਹ ਅਜਿਹਾ ਨਹੀਂ ਕਰ ਸਕਦੇ।

ਪ੍ਰਸ਼ਾਸਨ ਨਾਲ ਮੁਲਾਕਾਤ ਕਰਕੇ ਜਾਅਲੀ ਨੰਬਰਦਾਰਾਂ ਖਿਲਾਫ ਕਾਰਵਾਈ ਲਈ ਸ਼ੁਰੂ ਹੋਵੇਗੀ ਵਿਸ਼ੇਸ਼ ਮੁਹਿੰਮ : ਚੰਦਰ ਕਲੇਰ
ਪੈਸਿਆਂ ਖਾਤਿਰ ਨੰਬਰਦਾਰ ਵਰਗੇ ਪਵਿੱਤਰ ਅਹੁਦੇ ਨੂੰ ਬਦਨਾਮ ਕਰਨ 'ਚ ਲੱਗੇ ਹੋਏ ਸ਼ਾਤਿਰ ਲੋਕਾਂ ਜੋ ਨਿੱਤ-ਨਵੇਂ ਜੁਗਾੜ ਲਾ ਕੇ ਫਰਜ਼ੀਵਾੜੇ ਨੂੰ ਅੰਜਾਮ ਦੇ ਰਹੇ ਹਨ, ਉਸ ਖਿਲਾਫ ਨੰਬਰਦਾਰ ਯੂਨੀਅਨ ਨੇ ਜੰਗ ਦਾ ਐਲਾਨ ਕਰ ਦਿੱਤਾ ਹੈ। 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ 'ਚ ਤਹਿਸੀਲ -2 ਦੇ ਪ੍ਰਧਾਨ ਚੰਦਰ ਕਲੇਰ ਨੇ ਦੱਸਿਆ ਕਿ ਹੁਣੇ ਜਿਹੇ ਉਨ੍ਹਾਂ ਦੀ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ, ਜਿਸ 'ਚ ਸਰਬਸੰਮਤੀ ਨਾਲ ਇਸ ਗੱਲ ਦਾ ਫੈਸਲਾ ਲਿਆ ਗਿਆ ਕਿ ਜਾਅਲੀ ਨੰਬਰਦਾਰਾਂ ਖਿਲਾਫ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਏਗੀ, ਜਿਸ ਤਹਿਤ ਸਭ ਤੋਂ ਪਹਿਲਾਂ ਡੀ. ਸੀ. ਅਤੇ ਪੁਲਸ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਜਾਅਲੀ ਨੰਬਰਦਾਰਾਂ ਵਲੋਂ ਕੀਤੇ ਜਾ ਰਹੇ ਫਰਜ਼ੀਵਾੜੇ ਤੋਂ ਜਾਣੂ ਕਰਵਾਉਂਦੇ ਹੋਏ ਸਮਾਜ 'ਚ ਮੰਨੇ-ਪ੍ਰਮੰਨੇ ਨੰਬਰਦਾਰਾਂ ਦੇ ਨਾਂ ਨੂੰ ਖਰਾਬ ਕਰਨ ਵਾਲੇ ਅਜਿਹੇ ਅਪਰਾਧਕ ਤੱਤਾਂ ਉੱਪਰ ਰੋਕ ਲਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣ।

ਕੀ ਕਹਿਣਾ ਹੈ ਪ੍ਰਸ਼ਾਸਨ ਦਾ?
ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਦਾ ਇਸ ਬਾਰੇ ਕਹਿਣਾ ਹੈ ਕਿ ਕੋਈ ਵੀ ਨੰਬਰਦਾਰ ਪੈਸੇ ਲੈ ਕੇ ਗਵਾਹੀ ਨਹੀਂ ਪਾ ਸਕਦਾ। ਜੇਕਰ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਜਾਂ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਏਗੀ।

ਤਹਿਸੀਲ-2 'ਚ 599 ਨੰਬਰਦਾਰਾਂ ਦੀ ਰਿਪੋਰਟ 'ਚ ਆਏ ਸਨ ਹੈਰਾਨ ਵਾਲੇ ਤੱਥ ਸਾਹਮਣੇ
ਪਿਛਲੇ ਕੁਝ ਸਮੇਂ ਦੌਰਾਨ ਉਸ ਦੇ ਸਾਹਮਣੇ ਕਈ ਮਾਮਲਿਆਂ ਨੂੰ ਦੇਖਦੇ ਹੋਏ ਮੌਜੂਦਾ ਡੀ. ਸੀ. ਕਮਲ ਕਿਸ਼ੋਰ ਯਾਦਵ ਵੱਲੋਂ ਜਾਰੀ ਇਕ ਹੁਕਮ ਜਿਸ 'ਚ ਜ਼ਿਲੇ ਦੇ ਸਾਰੇ ਦਾਗੀ ਅਤੇ ਅਪਰਾਧਕ ਰਿਕਾਰਡ ਵਾਲੇ ਨੰਬਰਦਾਰਾਂ ਦੀ ਇਕ ਲਿਸਟ ਤਿਆਰ ਕਰਨ ਲਈ ਕਿਹਾ ਗਿਆ ਸੀ। ਇਸ ਲੜੀ 'ਚ ਤਹਿਸੀਲਦਾਰ-2 ਨੇ ਆਪਣੀ ਤਹਿਸੀਲ ਨਾਲ ਸਬੰਧਿਤ ਕੁੱਲ 599 ਨੰਬਰਦਾਰਾਂ ਦੀ ਇਕ ਰਿਪੋਰਟ ਡੀ. ਸੀ. ਨੂੰ ਸੌਂਪੀ ਸੀ, ਜਿਸ 'ਚ ਕਾਫੀ ਹੈਰਾਨ ਵਾਲੇ ਤੱਥ ਸਾਹਮਣੇ ਆਏ ਸਨ। ਤਹਿਸੀਲਦਾਰ-2 ਵੱਲੋਂ ਡੀ. ਸੀ. ਨੂੰ ਸੌਂਪੀ ਗਈ ਰਿਪੋਰਟ 'ਚ ਐੈੱਸ. ਐੈੱਸ. ਪੀ. (ਦਿਹਾਤੀ) 'ਚ ਕੁੱਲ 375 ਨੰਬਰਦਾਰ, ਕਾਨੂੰਨਗੋ ਹਲਕਾ ਨੰਗਲ ਫੀਦਾ ਦੇ 82, ਪਚਰੰਗਾ ਦੇ 66 ਅਤੇ ਭੋਗਪੁਰ ਦੇ 76 ਨੰਬਰਦਾਰਾਂ ਦੀ ਲਿਸਟ ਸੌਂਪੀ ਗਈ ਸੀ। ਇਸ ਨਾਲ ਹੀ ਕਮਿਸ਼ਨਰੇਟ ਪੁਲਸ ਅਧੀਨ ਆਉਣ ਵਾਲਾ ਥਾਣਾ ਨੰ. 1 ਅਤੇ ਥਾਣਾ ਨੰ. 8 ਦੀ ਰਿਪੋਰਟ ਵੀ ਸੌਂਪੀ ਗਈ ਸੀ। ਇਸ ਰਿਪੋਰਟ ਅਨੁਸਾਰ 8 ਨੰਬਰਦਾਰਾਂ ਬਾਰੇ ਦੱਸਿਆ ਗਿਆ ਸੀ ਕਿ ਉਕਤ ਨਾਂ ਦਾ ਕੋਈ ਵਿਅਕਤੀ ਨੰਬਰਦਾਰ ਹੈ ਹੀ ਨਹੀਂ। ਇਸ ਨਾਲ ਹੀ 28 ਨੰਬਰਦਾਰਾਂ ਦਾ ਦਿਹਾਂਤ ਹੋ ਚੁੱਕਾ ਹੈ। 4 ਨੰਬਰਦਾਰ ਕਿਸੇ ਕਾਰਨ ਡਿਸਮਿਸ ਹੋ ਚੁੱਕੇ ਹਨ। 18 ਨੰਬਰਦਾਰ ਥੋੜ੍ਹੇ ਸਮੇਂ ਲਈ ਜਾਂ ਸਥਾਈ ਤੌਰ 'ਤੇ ਵਿਦੇਸ਼ਾਂ 'ਚ ਰਹਿ ਰਹੇ ਹਨ। 16 ਨੰਬਰਦਾਰਾਂ ਖਿਲਾਫ ਕਿਸੇ ਨਾ ਕਿਸੇ ਮਾਮਲੇ 'ਚ ਇਕ ਜਾਂ ਇਕ ਤੋਂ ਜ਼ਿਆਦਾ ਅਪਰਾਧਕ ਮਾਮਲੇ ਦਰਜ ਹਨ, ਜਿਸ 'ਚ ਕੁਝ ਮਾਮਲਿਆਂ 'ਚ ਉਹ ਬਰੀ ਵੀ ਹੋ ਚੁੱਕੇ ਹਨ।

shivani attri

This news is Content Editor shivani attri