ਘਰ ’ਚ ਦਾਖ਼ਲ ਹੋ ਕੇ ਕੀਤਾ ਕਾਤਿਲਾਨਾ ਹਮਲਾ, 2 ਜ਼ਖ਼ਮੀ

04/29/2021 3:42:39 PM

ਨੂਰਪੁਰਬੇਦੀ (ਭੰਡਾਰੀ)-ਖੇਤਰ ਦੇ ਪਿੰਡ ਬਸਾਲੀ ਵਿਖੇ ਬੀਤੀ ਰਾਤ ਮੋਟਰਸਾਈਕਲ ਸਵਾਰ ਅੱਧਾ ਦਰਜਨ ਹਮਲਾਵਰਾਂ ਵੱਲੋਂ ਇਕ ਘਰ ’ਚ ਦਾਖਿਲ ਹੋ ਕੇ ਗੰਡਾਸਿਆਂ ਅਤੇ ਤਲਵਾਰਾਂ ਨਾਲ ਕਾਤਿਲਾਨਾ ਹਮਲਾ ਕੀਤਾ ਗਿਆ। ਇਸ ਦੌਰਾਨ ਤੇਜ਼ਧਾਰ ਹਥਿਆਰਾਂ ਦੇ ਹਮਲੇ ਨਾਲ ਇਕ ਜਦਕਿ ਹਮਲਾਵਰਾਂ ’ਚੋਂ ਇਕ ਵਿਅਕਤੀ ਵੱਲੋਂ ਪਿਸਟਲ ਨਾਲ ਫਾਇਰ ਕਰਨ ’ਤੇ ਇਕ ਹੋਰ ਵਿਅਕਤੀ ਸਣੇ 2 ਵਿਅਕਤੀ ਗੰਭੀਰ ਜ਼ਖਮੀਂ ਹੋ ਗਏ ਜੋ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਜ਼ੇਰੇ ਇਲਾਜ ਹਨ।

ਇਹ ਵੀ ਪੜ੍ਹੋ : ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ 1 ਮਈ ਨੂੰ ਪੰਜਾਬ ਭਰ ’ਚ ਗਜ਼ਟਿਡ ਛੁੱਟੀ ਦਾ ਐਲਾਨ

ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਮਨਿੰਦਰ ਸਿੰਘ ਉਰਫ਼ ਮਨੀ ਪੁੱਤਰ ਰਾਮ ਸਿੰਘ ਨਿਵਾਸੀ ਬਸਾਲੀ ਨੇ ਦੱਸਿਆ ਕਿ ਜਦੋਂ ਉਹ ਰਾਤ ਕਰੀਬ ਸਾਢੇ 8 ਕੁ ਵਜੇ ਖਾਣਾ ਖਾ ਕੇ ਅਪਣੇ ਘਰ ਦੇ ਵਿਹਡ਼ੇ ’ਚ ਘੁੰਮ ਰਿਹਾ ਸੀ ਤਾਂ ਕੁਝ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਹਮਲਾਵਰ ਉਨ੍ਹਾਂ ਦੇ ਘਰ ’ਚ ਦਾਖਲ ਹੋ ਗਏ ਜਿਨ੍ਹਾਂ ਨੂੰ ਦੇਖ ਕੇ ਉਹ ਘਬਰਾ ਗਿਆ। ਇਸ ਦੌਰਾਨ ਹਮਲਾਵਰਾਂ ’ਚ ਸ਼ਾਮਿਲ ਮਣਕੌਲੀ ਨਿਵਾਸੀ ਜਤਿੰਦਰ ਨੇ ਮੇਰੇ ਮੌਢੇ ’ਤੇ ਗੰਡਾਸੇ ਨਾਲ ਜਦਕਿ ਬਿੰਦਾ ਉਰਫ਼ ਰੱਬ ਵਾਸੀ ਬਾਲੇਵਾਲ ਨੇ ਅਪਣੇ ਹੱਥ ’ਚ ਫਡ਼੍ਹੀ ਤਲਵਾਰ ਨਾਲ ਮੇਰੀ ਖੱਬੀ ਬਾਂਹ ’ਤੇ ਹਮਲਾ ਕਰਕੇ ਮੈਨੂੰ ਜਖਮੀਂ ਕਰ ਦਿੱਤਾ। ਇਸ ਤੋਂ ਬਾਅਦ ਰਾਜਾ ਵਾਸੀ ਬਸਾਲੀ ਨੇ ਆਪਣੇ ਹੱਥ ’ਚ ਫੜ੍ਹੀ ਪਿਸਟਲ ਨਾਲ ਮੇਰੇ ’ਤੇ ਜਾਨ ਲੈਣ ਦੀ ਨੀਅਤ ਨਾਲ ਫਾਇਰ ਕੀਤਾ ਜੋ ਮੇਰੀ ਸੱਜੀ ਬਾਂਹ ’ਚ ਲੱਗਿਆ। ਉਪਰੰਤ ਮੇਰੇ ਬਚਾਅ ਲਈ ਆਏ ਪਿੰਡ ਦੇ ਠੇਕੇ ’ਤੇ ਕੰਮ ਕਰਦੇ ਵਿਅਕਤੀ ਪ੍ਰਦੀਪ ਨੂੰ ਵੀ ਹਮਲਾਵਰਾਂ ਨੇ ਜ਼ਖਮੀਂ ਕਰ ਦਿੱਤਾ।

ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਤੇ ਕੈਪਟਨ ਖ਼ਿਲਾਫ਼ ਵਿਧਾਇਕ ਪਰਗਟ ਸਿੰਘ ਦਾ ਵੱਡਾ ਬਿਆਨ ਆਇਆ ਸਾਹਮਣੇ, ਜਾਣੋ ਕੀ ਬੋਲੇ

ਇਸ ਦੌਰਾਨ ਮੇਰੇ ਭਰਾ ਜਸਵਿੰਦਰ ਵੱਲੋਂ ਬਚਾਅ ਲਈ ਰੌਲਾ ਪਾਉਣ ’ਤੇ ਹਮਲਾਵਰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਇਸ ਹਮਲੇ ’ਚ ਜ਼ਖਮੀਂ ਹੋਏ ਉਕਤ ਦੋਵੇਂ ਜਣੇ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਜ਼ੇਰੇ ਇਲਾਜ ਹਨ। ਏ. ਐੱਸ. ਆਈ. ਇੰਦਰਪਾਲ ਨੇ ਦੱਸਿਆ ਕਿ ਉਕਤ ਬਿਆਨਾਂ ਦੇ ਆਧਾਰ ’ਤੇ ਜਤਿੰਦਰ ਵਾਸੀ ਮਣਕੌਲੀ, ਬਿੰਦਾ ਉਰਫ਼ ਰੱਬ ਵਾਸੀ ਬਾਲੇਵਾਲ, ਰਾਜਾ ਵਾਸੀ ਬਸਾਲੀ, ਪੀਨੂੰ ਵਾਸੀ ਕਾਂਗਡ਼੍ਹ ਅਤੇ ਦੀਪੀ ਵਾਸੀ ਪਿੰਡ ਟੇਡੇਵਾਲ ਸਹਿਤ 3-4 ਹੋਰ ਨਾਮਲੂਮ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਅਤੇ ਆਰਮਜ਼ ਐਕਟ ਸਹਿਤ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਫੜਨਲਈ ਕਾਰਵਾਈ ਆਰੰਭ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ’ਚ ਜ਼ਰੂਰੀ ਵਸਤਾਂ ਦੇ ਜਮ੍ਹਾਖੋਰਾਂ ਤੇ ਕਾਲਾਬਾਜ਼ਾਰੀਆਂ ਦੀ ਹੁਣ ਖੈਰ ਨਹੀਂ, ਡੀ. ਸੀ. ਨੇ ਦਿੱਤੇ ਇਹ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News