ਬੀਮਾਰੀਆਂ ਤੋਂ ਪ੍ਰੇਸ਼ਾਨ ਦੂਜੇ ਸੂਬਿਆਂ ਤੋਂ ਆਏ ਮਜ਼ਦੂਰ ਪਲਾਇਨ ਨੂੰ ਮਜਬੂਰ

10/08/2018 2:37:38 AM

ਹੁਸ਼ਿਆਰਪੁਰ,   (ਅਮਰਿੰਦਰ)-  ਹੁਸ਼ਿਆਰਪੁਰ ਸ਼ਹਿਰ ਤੋਂ ਬਾਅਦ ਇਨ੍ਹੀਂ ਦਿਨੀਂ ਹਰਿਆਣਾ ਅਤੇ ਉਸ ਦੇ ਨੇੜਲੇ ਪਿੰਡਾਂ ’ਚ ਡਾਇਰੀਆ ਪੀਡ਼ਤ ਪਰਿਵਾਰਾਂ ਦੀ ਜਿੱਥੇ ਪ੍ਰੇਸ਼ਾਨੀ ਅਜੇ ਵੀ ਬਣੀ ਹੋਈ ਹੈ,  ਉੱਥੇ  ਹੀ ਹੁਣ ਇਕ ਨਵੀਂ ਸਮੱਸਿਆ ਸਾਹਮਣੇ ਆ ਖਡ਼੍ਹੀ ਹੈ। ਝੋਨੇ ਦੀ ਕਟਾਈ ਦਾ ਸੀਜ਼ਨ ਹੋਣ ਕਰ ਕੇ ਇਨ੍ਹੀਂ ਦਿਨੀਂ ਵੈਸੇ ਹੀ ਮਜ਼ਦੂਰਾਂ ਦੀ  ਘਾਟ  ਚੱਲ  ਰਹੀ  ਹੈ,   ਉੱਥੇ ਹੀ ਹੁਣ ਡਾਇਰੀਆ ਤੋਂ ਹੋਰ ਬੀਮਾਰੀਆਂ ਤੋਂ ਪ੍ਰੇਸ਼ਾਨ ਦੂਜੇ ਸੂਬਿਆਂ ਤੋਂ  ਆਏ ਮਜ਼ਦੂਰ ਇਥੋਂ ਪਲਾਇਨ ਕਰਨ ਲਈ ਮਜਬੂਰ ਹੋ ਗਏ ਹਨ। ਹੁਸ਼ਿਆਰਪੁਰ ਦੇ ਕੰਧਾਲੀ ਪਿੰਡ ਵਿਚ ਰਹਿੰਦੇ ਯੂ.ਪੀ. ਦੇ ਮੁਰਾਦਾਬਾਦ ਜ਼ਿਲੇ ਨਾਲ ਸਬੰਧਤ ਕਰੀਬ ਦਰਜਨ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਰੇਲ ਗੱਡੀਆਂ ਰਾਹੀਂ ਹੁਸ਼ਿਆਰਪੁਰ ਤੋਂ ਵਾਪਸ ਆਪਣੇ-ਆਪਣੇ ਪਿੰਡਾਂ ਨੂੰ ਜਾਣੇ ਸ਼ੁਰੂ ਹੋ ਗਏ ਹਨ।
ਆਪਣੇ ਪਰਿਵਾਰਾਂ ਨੂੰ ਮਰਦਿਆਂ ਨਹੀਂ ਦੇਖ ਸਕਦੇ : ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ’ਚ ਦੁਪਹਿਰ ਸਮੇਂ ਹਰਿਆਣਾ ਤੇ ਨਾਲ ਲੱਗਦੇ ਪਿੰਡਾਂ ’ਚੋਂ ਦੂਜੇ ਸੂਬਿਆਂ ਦੇ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਇਕੱਠੇ ਹੋਣੇ ਸ਼ੁਰੂ ਹੋ ਗਏ। ਹਸਪਤਾਲ ’ਚ ਵੱਡੀ ਗਿਣਤੀ ਮਜ਼ਦੂਰਾਂ ਦੇ ਸਾਮਾਨ ਨੂੰ ਗੱਡੀ ’ਚ ਲੋਡ ਕਰਦਿਆਂ ਦੇਖ ਕਿਸੇ ਨੂੰ ਪਤਾ ਨਹੀਂ ਚੱਲ ਰਿਹਾ ਸੀ ਕਿ ਆਖਿਰ ਮਾਜਰਾ ਕੀ ਹੈ। ਵਾਰ-ਵਾਰ ਪੁੱਛਣ ’ਤੇ ਮਜ਼ਦੂਰਾਂ ਨੇ ਸਾਫ਼ ਕੀਤਾ ਕਿ  ਉਹ ਹੁਣ ਆਪਣੀਆਂ ਅੱਖਾਂ ਸਾਹਮਣੇ ਪਰਿਵਾਰਾਂ ਨੂੰ ਮਰਦਿਆਂ ਨਹੀਂ ਦੇਖ ਸਕਦੇ।
ਪਰਿਵਾਰਾਂ ਦੇ ਬੀਮਾਰੀਆਂ  ’ਚ  ਘਿਰਨ ਤੋਂ ਪ੍ਰੇਸ਼ਾਨ ਹਨ ਮਜ਼ਦੂਰ ਪਰਿਵਾਰ : ਹੁਸ਼ਿਆਰਪੁਰ ਤੋਂ ਪਲਾਇਨ ਕਰਨ ਵਾਲੇ ਮਜ਼ਦੂਰਾਂ ਪਿਤੰਬਰ, ਬ੍ਰਿਜ, ਸਚਿਨ, ਗੋਬਿੰਦ, ਜਤਿੰਦਰ, ਅਜੈ ਕੁਮਾਰ, ਸੁਰੇਸ਼ ਕੁਮਾਰ  ਅਤੇ ਰਿੰਕੂ ਨੇ ਰੋਂਦੇ ਹੋਏ ਦੱਸਿਆ ਕਿ ਕਾਫੀ ਸਾਲਾਂ ਤੋਂ ਪੰਜਾਬ ਆ ਕੇ ਉਹ ਮਜ਼ਦੂਰੀ ਕਰ ਰਹੇ ਹਨ। ਪਿਛਲੇ ਇਕ ਹਫ਼ਤੇ ਤੋਂ ਸਾਡੀਆਂ ਝੁੱਗੀਆਂ ’ਚ ਰਹਿ ਰਹੇ ਮਜ਼ਦੂਰ ਪਰਿਵਾਰਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਅਸੀਂ ਹਸਪਤਾਲ ਪਹੁੰਚੇ ਤਾਂ ਸਾਨੂੰ ਹੁਸ਼ਿਆਰਪੁਰ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਜਾ ਕੇ ਪਤਾ ਲੱਗਾ ਕਿ ਅਸ਼ੁੱਧ ਪਾਣੀ ਪੀਣ ਕਾਰਨ ਸਾਨੂੰ ਡਾਇਰੀਆ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ।  ਬਿਹਾਰ ਅਤੇ ਯੂ.ਪੀ. ਤੋਂ ਲੋਕ ਹਰ ਸਾਲ ਕੰਮ ਦੀ ਭਾਲ ’ਚ ਪੰਜਾਬ ਆਉਂਦੇ ਹਨ ਪਰ ਉਨ੍ਹਾਂ ਦੇ ਪਰਿਵਾਰ ਬੀਮਾਰੀਆਂ  ਵਿਚ  ਘਿਰਨ  ਕਰ ਕੇ ਹੁਣ ਉਹ ਕੰਮ ਵਿਚਾਲੇ ਛੱਡ ਕੇ ਵਾਪਸ ਆਪਣੇ ਘਰਾਂ ਨੂੰ ਜਾਣ ਲਈ ਮਜਬੂਰ ਹਨ। 
ਮਜ਼ਦੂਰਾਂ ਦੇ ਪਲਾਇਨ ਨਾਲ ਵਧੇਗੀ ਕਿਸਾਨਾਂ ਦੀ ਪ੍ਰੇਸ਼ਾਨੀ : ਪੰਜਾਬ ’ਚ ਇਸ ਸਮੇਂ ਝੋਨੇ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ। ਉਪਰੰਤ ਕਣਕ ਦੀ ਬੀਜਾਈ ਸ਼ੁਰੂ ਹੋ ਜਾਣੀ ਹੈ  ਪਰ ਮਜ਼ਦੂਰਾਂ ਦਾ ਪਲਾਇਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਕਿਸਾਨਾਂ ਦੀ ਪ੍ਰੇਸ਼ਾਨੀ ਵਧੇਗੀ। ਪੰਜਾਬ ’ਚ ਖੇਤੀ ਲਈ ਦੂਜੇ ਸੂਬਿਆਂ ਤੋਂ ਆਏ ਮਜ਼ਦੂਰਾਂ ’ਤੇ ਨਿਰਭਰ ਕਿਸਾਨਾਂ ਨੇ ਉਨ੍ਹਾਂ ਨੂੰ ਰੋਕਣ ਲਈ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇਣੇ ਸ਼ੁਰੂ ਕਰ ਦਿੱਤੇ ਹਨ। ਕਿਸਾਨ ਹਰਨੇਕ ਸਿੰਘ ਨੇ ਦੱਸਿਆ ਕਿ ਪੰਜਾਬ ’ਚ ਲੰਮੇ ਸਮੇਂ ਤੋਂ ਝੋਨੇ, ਕਣਕ  ਤੇ ਆਲੂ ਦੀ ਖੇਤੀ ਦੇ ਕੰਮ ਯੂ.ਪੀ. ਅਤੇ ਬਿਹਾਰ ਤੋਂ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਕੀਤੇ ਜਾਂਦੇ ਹਨ। ਹੁਣ ਵੈਸੇ ਹੀ ਯੂ.ਪੀ. ਤੇ ਬਿਹਾਰ ਤੋਂ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਵਿਚ ਭਾਰੀ ਕਮੀ ਆਈ ਹੈ, ਉੱਤੋਂ ਉਕਤ ਰਾਜਾਂ ਤੋਂ ਪੰਜਾਬ ਆਉਣ ਵਾਲੇ ਮਜ਼ਦੂਰ ਹੁਣ ਖੇਤੀਬਾੜੀ ਦੇ ਕੰਮਾਂ ਦੀ ਬਜਾਇ ਰੇਹੜੀ ਆਦਿ ਲਾਉਣ ਜਾਂ ਸਥਾਨਕ ਉਦਯੋਗਾਂ ’ਚ ਸਥਾਈ ਕੰਮ ਕਰਨ ਨੂੰ ਤਰਜੀਹ ਦੇਣ ਲੱਗੇ ਹਨ।