ਡਿੰਪਲ ਕਤਲ ਕੇਸ: ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਧਰਨੇ ਦਾ ਕੀਤਾ ਵਿਰੋਧ

03/18/2020 10:04:04 AM

ਕਰਤਾਰਪੁਰ (ਸਾਹਨੀ)— ਬੀਤੇ ਤਿੰਨ ਦਿਨਾਂ ਤੋਂ ਪੁਲਸ ਦੀ ਢਿੱਲੀ ਕਾਰਵਾਈ ਦਾ ਦੋਸ਼ ਲਾਉਂਦੇ ਥਾਣੇ ਮੂਹਰੇ ਬੈਠੇ ਡਿੰਪਲ ਦੇ ਪਿਤਾ ਸੁਰਿੰਦਰ ਸਿੰਘ ਵਲੋਂ ਆਪਣੇ ਬਿਆਨਾਂ 'ਚ ਸ਼ਹਿਰ ਦੇ ਕੁਝ ਪਤਵੰਤਿਆਂ 'ਤੇ ਸੰਗੀਨ ਦੋਸ਼ ਲਾਉਣ ਦੇ ਵਿਰੋਧ 'ਚ ਮੰਗਲਵਾਰ ਵੱਡੀ ਗਿਣਤੀ 'ਚ ਇਲਾਕੇ ਨਾਲ ਸਬੰਧਤ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂ ਕਰਤਾਰਪੁਰ ਥਾਣੇ 'ਚ ਪੁੱਜੇ। ਇਸ ਮੌਕੇ ਥਾਣਾ ਮੁਖੀ ਪੁਸ਼ਪ ਬਾਲੀ ਨੂੰ ਮਿਲ ਕੇ ਉਨ੍ਹਾਂ ਕਿਹਾ ਕਿ ਡਿੰਪਲ ਕਤਲ ਕੇਸ 'ਚ ਪੁਲਸ ਲਗਾਤਾਰ ਜਾਂਚ ਕਰ ਰਹੀ ਹੈ ਅਤੇ ਉਸ ਵੱਲੋਂ ਕੀਤੀ ਜਾ ਰਹੀ ਕਾਰਵਾਈ 'ਤੇ ਸ਼ਹਿਰ 'ਚ ਕਿਸੇ ਨੂੰ ਵੀ ਇਤਰਾਜ਼ ਨਹੀਂ ਹੈ, ਬਾਵਜੂਦ ਇਸ ਦੇ ਕਥਿਤ ਤੌਰ ਡਿੰਪਲ ਦੇ ਪਿਤਾ ਵੱਲੋਂ ਪੁਲਸ ਕਾਰਵਾਈ ਨਾ ਹੋਣ ਦਾ ਦੋਸ਼ ਅਤੇ ਸ਼ਹਿਰ ਦੇ ਸੀਨੀਅਰ ਆਗੂਆਂ ਤੋਂ ਖੁਦ ਨੂੰ ਖਤਰਾ ਹੋਣ ਦਾ ਦੋਸ਼ ਲਾਉਂਦੇ ਹੋਏ ਥਾਣੇ ਮੂਹਰੇ ਬੈਠ ਕੇ ਧਰਨਾ ਦੇਣ ਨਾਲ ਸ਼ਹਿਰ ਦਾ ਮਾਹੌਲ ਖਰਾਬ ਹੋ ਰਿਹਾ ਹੈ।

ਇਸ ਮੌਕੇ ਥਾਣਾ ਮੁਖੀ ਪੁਸ਼ਪ ਬਾਲੀ ਨੇ ਕਿਹਾ ਕਿ ਸਬੰਧਤ ਮਾਮਲਾ ਮਾਣਯੋਗ ਅਦਾਲਤ 'ਚ ਵਿਚਾਰ ਅਧੀਨ ਹੈ ਅਤੇ ਇਸ ਕੇਸ ਦੇ ਸਾਰੇ ਪਹਿਲੂ ਉੱਚ ਅਧਿਕਾਰੀਆਂ ਦੀ ਜਾਣਕਾਰੀ 'ਚ ਹਨ ਅਤੇ ਪੁਲਸ ਆਪਣੀ ਕਾਰਵਾਈ ਕਰ ਰਹੀ ਹੈ ਅਤੇ ਉਸ ਕਾਰਵਾਈ 'ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੈ। ਇਸ ਕੇਸ ਦੀ ਇਨਕੁਆਰੀ 'ਚ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜੇਕਰ ਦੋਸ਼ੀ ਨਹੀਂ ਹੈ ਤਾਂ ਪੁਲਸ ਕਿਸੇ ਕਿਸਮ ਦੀ ਕਾਰਵਾਈ ਨਹੀਂ ਕਰ ਸਕਦੀ। ਉਨ੍ਹਾਂ ਭਰੋਸਾ ਦਿੱਤਾ ਕਿ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ।

ਇਸ ਮੌਕੇ ਨਰੇਸ਼ ਅਗਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਡਿੰਪਲ ਦਾ ਕਤਲ ਹੋਣਾ ਮੰਦਭਾਗੀ ਘਟਨਾ ਸੀ ਅਤੇ ਦੋਸ਼ੀÎਆਂ ਦਾ ਫੜਿਆ ਜਾਣਾ ਜ਼ਰੂਰੀ ਹੈ ਅਤੇ ਇਸ ਕਾਰਵਾਈ 'ਚ ਪੁਲਸ ਆਪਣਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕੇਸ 'ਚ ਡਿੰਪਲ ਦੇ ਪਿਤਾ ਵੱਲੋਂ ਡਰਾਉਣ-ਧਮਕਾਉਣ ਅਤੇ ਜਾਨ ਦੇ ਖਤਰੇ ਵਰਗੇ ਦੋਸ਼ਾਂ ਨਾਲ ਸ਼ਹਿਰ ਦੇ ਕਈ ਸੀਨੀਅਰ ਆਗੂਆਂ ਦਾ ਅਕਸ ਧੰਦਲਾ ਹੁੰਦਾ ਹੈ। ਇਸ ਲਈ ਪੁਲਸ ਨੂੰ ਭਰੋਸਾ ਦਿੱਤਾ ਕਿ ਇਸ ਕੇਸ ਦੀ ਜਾਂਚ 'ਚ ਪੂਰਾ ਸਹਿਯੋਗ ਦਿੱਤਾ ਜਾਵੇਗਾ। ਦੂਜੇ ਪਾਸੇ ਬਾਅਦ ਦੁਪਹਿਰ ਧਰਨੇ ਤੇ ਭੁੱਖ ਹੜਤਾਲ ਕਰਕੇ ਬੈਠੇ ਸੁਰਿੰਦਰ ਕੁਮਾਰ ਦੀ ਤਬੀਅਤ ਖਰਾਬ ਹੋਣ 'ਤੇ ਉਸ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਮੌਕੇ ਸੁਰਿੰਦਰ ਕੁਮਾਰ ਨੇ ਕਿਹਾ ਕਿ ਠੀਕ ਹੋਣ ਤੋਂ ਬਾਅਦ ਉਹ ਮੁੜ ਧਰਨੇ 'ਤੇ ਬੈਠੇਣਗੇ।

shivani attri

This news is Content Editor shivani attri