ਧਨਤੇਰਸ ''ਤੇ ਲੋਕਾਂ ਨੇ ਕੀਤੀ ਖਰੀਦਦਾਰੀ ਪਰ ਦਿਸੀ ਮਹਿੰਗਾਈ ਦੀ ਮਾਰ

10/26/2019 10:42:00 AM

ਜਲੰਧਰ (ਸ਼ੀਤਲ)— ਦੀਵਾਲੀ ਦੇ ਤਿਉਹਾਰ ਦੀਆਂ ਤਿਆਰੀਆਂ ਲਈ ਹਰ ਕੋਈ ਬੇਹੱਦ ਉਤਸ਼ਾਹਤ ਹੈ। ਦੀਵਿਆਂ ਦੇ ਤਿਉਹਾਰ ਦੀਵਾਲੀ 'ਤੇ ਮਾਂ ਲਕਸ਼ਮੀ ਦੀ ਪੂਜਾ ਸਮੇਂ 'ਹਟੜੀ' ਦੀ ਪੂਜਾ ਦੀ ਵੀ ਪਰੰਪਰਾ ਹੈ, ਜਿਸ ਦਾ ਸਬੰਧ ਵਪਾਰੀਆਂ ਦੇ ਵਪਾਰ ਨਾਲ ਹੈ। ਜੋ ਲੋਕ ਆਪਣਾ ਬਿਜ਼ਨੈੱਸ ਕਰਦੇ ਹਨ, ਉਨ੍ਹਾਂ ਵੱਲੋਂ ਘਰ 'ਚ ਮਿੱਟੀ ਦੀ ਬਣੀ ਹਟੜੀ ਦੀ ਵੀ ਪੂਜਾ ਕਰਕੇ ਉਸ ਨੂੰ ਫੁੱਲੀਆਂ, ਪਤਾਸੇ, ਛੋਲਿਆਂ ਦੀ ਦਾਲ ਦੇ ਲੱਡੂ, ਪਰਮਲਾਂ ਦੇ ਲੱਡੂ ਅਤੇ ਖੰਡ ਦੇ ਬਣੇ ਖਿਡੌਣਿਆਂ ਨਾਲ ਭਰਿਆ ਜਾਂਦਾ ਹੈ।

ਮੰਨਿਆ ਜਾਂਦਾ ਹੈ ਕਿ ਇਸ ਨਾਲ ਸਾਲ ਭਰ ਉਨ੍ਹਾਂ ਦੇ ਕਾਰੋਬਾਰ 'ਚ ਵਾਧਾ ਹੁੰਦਾ ਹੈ। ਸਮੇਂ ਦੇ ਨਾਲ-ਨਾਲ ਲੋਕਾਂ ਦੀ ਸੋਚ 'ਚ ਭਾਰੀ ਤਬਦੀਲੀ ਆਈ ਹੈ ਅਤੇ ਲੋਕ ਆਪਣੀ ਸਿਹਤ ਪ੍ਰਤੀ ਕਾਫੀ ਸੁਚੇਤ ਹੋ ਗਏ ਹਨ। ਪਹਿਲਾਂ ਜਿੱਥੇ ਲੋਕ ਹਟੜੀ ਭਰਨ ਲਈ ਕਾਫੀ ਜ਼ਿਆਦਾ ਸ਼ਗਨ ਦੇ ਸਾਮਾਨ ਦੀ ਖਰੀਦਦਾਰੀ ਕਰਦੇ ਸਨ, ਉਥੇ ਅੱਜ ਸਾਮਾਨ ਦੀ ਖਰੀਦ ਸਿਰਫ ਰਸਮ ਪੂਰੀ ਕਰਨ ਤੱਕ ਸੀਮਤ ਹੋ ਕੇ ਰਹਿ ਗਈ ਹੈ। ਲੋਕ ਫੁਲੀਆਂ, ਲੱਡੂ, ਖਿਡੌਣੇ, ਪਤਾਸੇ ਖਰੀਦ ਤਾਂ ਰਹੇ ਹਨ ਪਰ ਓਨੇ ਹੀ ਜਿੰਨਿਆਂ ਨਾਲ ਪੂਜਾ ਕਰ ਸਕਣ।

ਮਾਲਤੀ ਸ਼ਰਮਾ ਨੇ ਦੱਸਿਆ ਕਿ ਅੱਜਕਲ੍ਹ ਬੱਚੇ ਹਰ ਚੀਜ਼ ਨੂੰ ਖਾਣ 'ਚ ਨਾਂਹ-ਨੁੱਕਰ ਕਰਦੇ ਹਨ। ਦੀਵਾਲੀ 'ਤੇ ਬੱਚੇ ਸਿਰਫ ਪ੍ਰਸ਼ਾਦ ਦੇ ਰੂਪ ਵਿਚ ਹੀ ਅਜਿਹੀਆਂ ਚੀਜ਼ਾਂ ਖਾਂਦੇ ਹਨ। ਇਸ ਲਈ ਹੁਣ ਲੋਕ ਜ਼ਿਆਦਾ ਖਰੀਦ ਕੇ ਸੁੱਟਣ ਦੀ ਬਜਾਏ ਪੂਜਾ ਲਈ ਲੋੜੀਂਦੇ ਸਾਮਾਨ ਦੀ ਹੀ ਖਰੀਦਦਾਰੀ ਕਰਦੇ ਹਨ। ਧਨਤੇਰਸ 'ਤੇ ਜਿੱਥੇ ਸੋਨਾ, ਚਾਂਦੀ, ਪਿੱਤਲ ਆਦਿ ਖਰੀਦਣ ਦੀ ਪ੍ਰੰਪਰਾ ਤਾਂ ਕਾਇਮ ਹੈ ਪਰ ਮਹਿੰਗਾਈ ਕਾਰਨ ਸਾਧਾਰਨ ਲੋਕ ਸਟੀਲ ਦੇ ਭਾਂਡੇ ਖਰੀਦ ਕੇ ਹੀ ਰਸਮ ਨਿਭਾਅ ਰਹੇ ਹਨ।

shivani attri

This news is Content Editor shivani attri